ਸਿਹਤ ਅਤੇ ਸਿੱਖਿਆ ਖੇਤਰ ਚ ਸੁਧਾਰ ਸਾਡਾ ਮੁੱਖ ਮਨੋਰਥ - ਕੁਲਤਾਰ ਸੰਧਵਾਂ
- ਆਮ ਆਦਮੀ ਕਲੀਨਿਕ ਸੂਬੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਇੱਕ ਇਨਕਲਾਬੀ ਕਦਮ-ਕੁਲਤਾਰ ਸਿੰਘ ਸੰਧਵਾਂ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ 29 ਜਨਵਰੀ 2023 - ਪੰਜਾਬ ਸਰਕਾਰ ਵੱਲੋਂ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਵਿੱਚ ਵਾਧਾ ਕਰਨ ਦੀ ਸ਼ਲਾਘਾ ਕਰਦੇ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਸੂਬੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਇੱਕ ਇਨਕਲਾਬੀ ਕਦਮ ਹੈ ਅਤੇ ਭਗਵੰਤ ਮਾਨ ਸਰਕਾਰ ਸਿਹਤ ਬੁਨਿਆਦੀ ਢਾਂਚੇ ਦਾ ਪੱਧਰ ਉਚਾ ਚੁੱਕਣ ਲਈ ਲਗਾਤਾਰ ਯਤਨਸ਼ੀਲ ਹੈ, ਤਾਂ ਜੋ ਸੂਬੇ ਦਾ ਕੋਈ ਵੀ ਵਿਅਕਤੀ ਸਿਹਤ ਸਹੂਲਤਾਂ ਤੋਂ ਵਿਰਵਾ ਨਾ ਰਹੇ।
ਸੂਬਾ ਸਰਕਾਰ ਵੱਲੋਂ ਪੰਜ ਸੌ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਨ ਨੂੰ ਇੱਕ ਇਤਿਹਾਸਕ ਕਦਮ ਦੱਸਦੇ ਹੋਏ ਸ. ਸੰਧਵਾਂ ਨੇ ਕਿਹਾ ਕਿ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਆਮ ਆਦਮੀ ਕਲੀਨਿਕ ਦੇਸ਼ ਭਰ ਵਿੱਚ ਇੱਕ ਵਿਲੱਖਣ ਯੋਜਨਾ ਹੈ ਅਤੇ ਇਨਾਂ ਦੇ ਰਾਹੀਂ ਲੋਕਾਂ ਨੂੰ ਉਨਾਂ ਦੇ ਬਰੂਹਾਂ ਤੇ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਸ. ਸੰਧਵਾਂ ਨੇ ਸਿਹਤ ਕੇਂਦਰਾਂ ਨੂੰ ਮੁਹੱਲਾ ਕਲੀਨਕ ਚ ਤਬਦੀਲ ਕਰਨ ਤੇ ਵਿਰੋਧੀਆਂ ਵੱਲੋਂ ਕੀਤੀ ਜਾ ਰਹੀ ਨੁਕਤਾਚੀਨੀ ਨੂੰ ਬੇ-ਮਾਇਨੇ ਦੱਸਦੇ ਹੋਏ ਸ. ਸੰਧਵਾਂ ਨੇ ਕਿਹਾ ਕਿ ਜਿਸ ਤਰਾਂ ਕੀ-ਪੈਡ ਮੋਬਾਇਲ ਤੋਂ 5ਜੀ ਮੋਬਾਈਲ ਆਧੁਨਿਕ ਸਮੇਂ ਦੀ ਲੋੜ ਹੋ ਗਈ, ਇਸੇ ਤਰਾਂ ਸਿਹਤ ਕੇਂਦਰਾਂ ਨੂੰ ਸਮੇਂ ਦੀ ਲੋੜ ਅਨੁਸਾਰ ਫ੍ਰੀ ਦਵਾਈਆਂ,ਲੋੜੀਂਦਾ ਸਟਾਫ ਅਤੇ ਮੁਫ਼ਤ ਟੈਸਟ ਜਿਹੀਆਂ ਸੁਵਿਧਾਵਾਂ ਦੇਕੇ ਆਧੁਨਿਕ ਬਣਾਉਣ ਚ ਕੀ ਗਲਤ ਹੈ?
ਜ਼ਿਕਰਯੋਗ ਹੈ ਕਿ ਸੂਬੇ ਦੇ ਲੋਕਾਂ ਨੂੰ ਵਧੀਆ ਇਲਾਜ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਨੇ ਮੋਹਾਲੀ ਵਿਖੇ ਡਾ. ਬੀ. ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ ਖੋਲਿਆ ਹੈ ਅਤੇ ਇਸ ’ਤੇ ਲਗਭਗ 375 ਕਰੋੜ ਰੁਪਏ ਦੀ ਲਾਗਤ ਆਉਣ ਦੀ ਉਮੀਦ ਹੈ। ਇਸੇ ਤਰਾਂ ਹੀ ਕਪੂਰਥਲਾ ਅਤੇ ਹੁਸ਼ਿਆਰਪੁਰ ਵਿਖੇ ਵੀ ਕ੍ਰਮਵਾਰ 422 ਕਰੋੜ ਅਤੇ 412 ਕਰੋੜ ਰੁਪਏ ਦੀ ਲਾਗਤ ਨਾਲ ਦੋ ਨਵੇਂ ਮੈਡੀਕਲ ਕਾਲਜ ਸਥਾਪਿਤ ਕੀਤੇ ਜਾ ਰਹੇ ਹਨ।
ਮਲੇਰਕੋਟਲਾ ਅਤੇ ਸੰਗਰੂਰ ਵਿੱਚ ਵੀ ਮੈਡੀਕਲ ਕਾਲਜ ਖੋਲਣ ਦਾ ਪ੍ਰਸਤਾਵ ਹੈ। ਸਿਹਤ ਸਹੂਲਤਾਂ ਦੇਣ ਲਈ 880 ਸਟਾਫ ਨਰਸਾਂ ਅਤੇ 81 ਪੈਰਾ ਮੈਡੀਕਲ ਸਟਾਫ ਦੀ ਭਰਤੀ ਕੀਤੀ ਗਈ ਹੈ। ਸ. ਸੰਧਵਾਂ ਨੇ ਕਿਹਾ ਕਿ ਸਿਹਤ ਬੁਨਿਆਦੀ ਢਾਂਚੇ ਨੂੰ ਬੇਹਤਰ ਬਨਾਉਣਾ ਸੂਬਾ ਸਰਕਾਰ ਦੀ ਤਰਜੀਹ ਹੈ ਅਤੇ ਪੰਜਾਬ ਸਰਕਾਰ ਇਸ ਦਿਸ਼ਾ ਵੱਲ ਸਿਰਤੋੜ ਯਤਨ ਕਰ ਰਹੀ ਹੈ।
ਇਸ ਮੌਕੇ ਪੀ ਆਰ ਓ ਮਨਪ੍ਰੀਤ ਸਿੰਘ ਮਣੀ ਧਾਲੀਵਾਲ, ਸੁਖਵੰਤ ਸਿੰਘ ਪੱਕਾ ਜ਼ਿਲਾ ਯੂਥ ਪ੍ਰਧਾਨ, ਅਮਨ ਸੰਧੂ,ਜਗਤਾਰ ਸਿੰਘ ਬਰਾੜ ਯੂਥ ਆਗੂ,ਬੱਬੂ ਸੰਧੂ ਸਿੱਖਾਂਵਾਲਾ, ਲਖਵਿੰਦਰ ਸਿੰਘ ਢਿੱਲੋਂ, ਸਿਮਰਨ ਸਿੰਘ, ਬਲਜੀਤ ਸਿੰਘ ਸੰਧੂ, ਗੁਰਜੰਟ ਸਿੰਘ, ਨਰੇਸ਼ ਸਿੰਗਲਾ,ਵਕੀਲ ਬਾਬੂ ਲਾਲ ਆਦਿ ਹਾਜ਼ਰ ਸਨ।