ਰਖਵਾਲੀ ਕਰਨ ਲਈ ਦਿੱਤਾ ਸੀ ਘਰ, ਕਰ ਲਿਆ ਕਬਜ਼ਾ, ਅਮਾਨਤ ਵਿੱਚ ਖਿਆਨਤ ਦਾ ਪਰਚਾ ਦਰਜ
ਦੀਪਕ ਜੈਨ
ਜਗਰਾਓਂ, 29 ਜਨਵਰੀ 2023 - ਕਿਸੇ ਨੂੰ ਅਪਣੇ ਘਰ ਰਖਵਾਲੀ ਰੱਖ ਕੇ ਵਿਦੇਸ਼ ਜਾਣਾ ਪਿੰਡ ਗਾਲਬ ਦੇ ਰਹਿਣ ਵਾਲੇ ਸੁਰਿੰਦਰ ਸਿੰਘ ਨੂੰ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਉਸ ਨੇ ਵਿਦੇਸ਼ਾਂ ਤੋਂ ਪਰਤ ਕੇ ਆਪਣਾ ਘਰ ਵਾਪਸ ਦੇਖਿਆ ਤਾਂ ਰਖਵਾਲੀ ਕਰਨ ਵਾਲਾ ਪਰਿਵਾਰ ਹੀ ਉਸ ਦੇ ਘਰ ਉਪਰ ਕਬਜ਼ਾ ਕਰਕੇ ਬੈਠ ਗਿਆ ਸੀ।
ਥਾਣਾ ਸਦਰ ਤੋਂ ਮਿਲੀ ਜਾਣਕਾਰੀ ਮੁਤਾਬਕ ਲਾਗਲੇ ਪਿੰਡ ਗਾਲਿਬ ਕਲਾਂ ਦੇ ਰਹਿਣ ਵਾਲੇ ਸੁਰਿੰਦਰ ਸਿੰਘ ਨੇ ਸ਼ਿਕਾਇਤ ਦਿੱਤੀ ਹੈ ਕੀ ਉਸ ਦਾ ਜੱਦੀ ਘਰ ਗਾਲਬ ਕਲਾਂ ਵਿਖੇ ਹੈ ਅਤੇ ਉਹ ਇਸ ਘਰ ਦੀ ਰਖਵਾਲੀ ਲਈ ਮਹਿੰਦਰ ਕੌਰ ਪਤਨੀ ਹਰਬੰਸ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਆਖ ਗਿਆ ਸੀ।ਸੁਰਿੰਦਰ ਸਿੰਘ ਨੇ ਦੱਸਿਆ ਕੇ ਮੈ ਉਕਤ ਪਤੇ ਦਾ ਰਹਿਣ ਵਾਲਾ ਹਾਂ ਅਤੇ ਅੱਜ ਕੱਲ ਮੈਂ ਆਪਣੇ ਪਰਿਵਾਰ ਸਮੇਤ ਕਨੇਡਾ ਰਹਿੰਦਾ ਹਾਂ।
ਮੇਰੇ ਪਿਤਾ ਜੀ ਦੀ ਮੌਤ ਮਿਤੀ 24.02.2021 ਨੂੰ ਹੋ ਗਈ ਸੀ। ਉਸ ਤੋਂ ਬਾਅਦ ਮੇਰੇ ਪਿਤਾ ਜੀ ਵੱਲੋਂ ਰਜਿਸਟਰਡ ਕੀਤੀ ਗਈ ਵਸੀਅਤ ਮੁਤਾਬਕ ਉਹਨਾਂ ਦੀ ਸਾਰੀ ਚੱਲ-ਅਚੱਲ ਜਾਇਦਾਦ, ਕੋਠੀ ਅਤੇ 10 ਕਿੱਲੇ ਜਮੀਨ ਮੇਰੇ ਅਤੇ ਮੇਰੀ ਮਾਤਾ ਦੇ ਨਾਮ ਦਰਜ ਹੋ ਗਿਆ ਸੀ ਅਤੇ ਫਿਰ ਮੈਂ ਕਨੇਡਾ ਚਲਾ ਗਿਆ ਸੀ।ਉਸ ਸਮੇਂ ਮਹਿੰਦਰ ਕੌਰ ਨੂੰ ਇੱਕ ਕਮਰਾ ਅਤੇ ਰਸੌਈ ਆਰਜੀ ਤੌਰ ਤੇ ਰਹਿਣ ਲਈ ਦਿੱਤਾ ਸੀ।
ਪਰ ਬਾਅਦ ਵਿੱਚ ਉਕਤ ਮਹਿੰਦਰ ਕੌਰ ਤੇ ਉਸਦੇ ਪਰਿਵਾਰਿਕ ਮੈਂਬਰਾਂ ਨੇ ਸਾਡੇ ਮਕਾਨ ਪਰ ਕਬਜਾ ਕਰਨ ਦੀ ਨੀਅਤ ਨਾਲ ਘਰ ਦੇ ਤਾਲੇ ਤੋੜ ਕੇ, ਜਰੂਰੀ ਕਾਗਜ਼ਾਤ ਅਤੇ ਹੋਰ ਸਾਜੋ-ਸਮਾਨ ਚੋਰੀ ਕਰ ਲਿਆ ਹੈ। ਮੈਂ ਮਿਤੀ 22.01.2023 ਨੂੰ ਆਪਣੇ ਪਰਿਵਾਰ ਸਮੇਤ ਵਾਪਸ ਪਿੰਡ ਗਾਲਿਬ ਕਲਾਂ ਆਇਆ ਹਾਂ।
ਘਰ ਆ ਕੇ ਪਤਾ ਲੋਗਿਆ ਕਿ ਮਹਿੰਦਰ ਕੌਰ ਤੇ ਉਸਦੇ ਪਰਿਵਾਰਿਕ ਮੈਂਬਰਾਂ ਨੇ ਸਾਡੇ ਮਕਾਨ ਪਰ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੁਰਿੰਦਰ ਸਿੰਘ ਨੇ ਇਸ ਦੀ ਸ਼ਿਕਾਇਤ ਥਾਣਾ ਸਦਰ ਨੂੰ ਦਿੱਤੀ ਅਤੇ ਪੜਤਾਲ ਕਰਨ ਮਗਰੋਂ ਮਹਿੰਦਰ ਕੌਰ ਪਤਨੀ ਹਰਬੰਸ ਸਿੰਘ,ਹਰਬੰਸ ਸਿੰਘ ,ਰਣਜੀਤ ਕੌਰ ਉਰਫ ਰੀਨਾ ਪਤਨੀ ਰਾਜਾ ਸਿੰਘ ,ਰਾਜ ਸਿੰਘ,ਹਰਜੀਵਨ ਉਰਫ ਘਾਊ, ਹਰਨੇਕ ਸਿੰਘ ਪੁੱਤਰ ਹਰਬੰਸ ਸਿੰਘ,ਸ਼ਿੰਦਰ ਕੌਰ ਪਤਨੀ ਹਰਜੀਵਨ ਸਿੰਘ ਉਰਫ ਘਾਊ,ਸੰਦੀਪ ਕੌਰ ਪਤਨੀ ਹਰਨੇਕ ਸਿੰਘ ਵਗੈਰਾ ਦੇ ਖਿਲਾਫ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ।