ਭਾਰਤ ਮਾਲਾ ਸੜਕਾਂ ਤਹਿਤ ਆ ਰਹੀਆਂ ਜ਼ਮੀਨਾਂ ਪੂਰੇ ਤੇ ਇੱਕਸਾਰ ਰੇਟ,
ਗੰਨੇ ਦੇ ਸਹੀ ਮੁੱਲ ਤੇ ਬਕਾਇਆ ਲਈ ਲੱਗੇ ਬਟਾਲਾ ਦੇ ਰੇਲ ਰੋਕੋ ਮੋਰਚੇ ਦੀਆਂ ਮੰਗਾਂ ਤੇ ਬਣੀ ਸਹਿਮਤੀ, ਧਰਨਾ ਮੁਲਤਵੀ
ਰੋਹਿਤ ਗੁਪਤਾ
ਗੁਰਦਾਸਪੁਰ 30 ਜਨਵਰੀ 2023: ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਸੂਬਾ ਆਗੂ ਗੁਰਬਚਨ ਸਿੰਘ ਚੱਬਾ ਅਤੇ ਲਖਵਿੰਦਰ ਸਿੰਘ ਵਰਿਆਮ ਨੰਗਲ ਦੀ ਅਗਵਾਈ ਵਿੱਚ ਬਟਾਲਾ ਰੇਲਵੇ ਸਟੇਸ਼ਨ ਤੇ ਹੱਕੀ ਮੰਗਾਂ ਨੂੰ ਲੈ ਕੇ ਲੱਗਾ ਮੋਰਚਾ,ਠੰਡ ਅਤੇ ਬਰਸਾਤ ਦੇ ਬਾਵਜੂਦ ਚੜਦੀ ਕਲਾ ਵਿਚ ਚਲਦੇ ਹੋਏ ਪ੍ਰਸ਼ਾਸ਼ਨ ਨਾਲ ਲਗਾਤਾਰ ਮੈਰਾਥਨ ਮੀਟਿੰਗਾਂ ਦੇ ਦੌਰ ਮਗਰੋਂ ਮੰਗਾਂ ਨੂੰ ਲੈ ਕੇ ਸਹਿਮਤੀ ਪਿੱਛੋਂ ਮੋਰਚਾ ਮੁਲਤਵੀ ਕਰ ਦਿੱਤਾ ਗਿਆ | ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਨੁਮਾਇੰਦਿਆਂ ਤੌਰ ਤੇ ਪ੍ਰਸ਼ਾਸ਼ਨ ਨਾਲ ਤਹਿ ਹੋਇਆ ਹੈ ਕਿ ਭਾਰਤ ਮਾਲਾ ਪ੍ਰੋਜੈਕਟ ਤਹਿਤ ਨਿਕਲ ਰਹੇ ਸਭ ਪ੍ਰਕਾਰ ਦੇ ਹਾਈਵ ਹੇਠ ਆ ਰਹੀਆਂ ਜ਼ਮੀਨਾਂ ਦਾ ਇੱਕਸਾਰ ਅਤੇ ਯੋਗ ਮੁਆਵਜ਼ਾ ਲਈ 15 ਦਿਨ ਦੇ ਅੰਦਰ ਅੰਦਰ ਦੋਬਾਰਾ ਤੋਂ ਅਵਾਰਡ ਕਰਕੇ ਰਕਮ ਖਾਤਿਆਂ ਵਿਚ ਪਾ ਦਿੱਤੀ ਜਾਵੇਗੀ ਅਤੇ ਕਿਸਾਨ ਦੀ ਸਹਿਮਤੀ ਤੋਂ ਬਿਨਾਂ ਧੱਕੇ ਨਾਲ ਜ਼ਮੀਨ ਤੇ ਕਬਜ਼ਾ ਲੈਣ ਦੀ ਕੋਸ਼ਿਸ਼ ਬੰਦ ਕੀਤੀ ਜਾਵੇਗੀ |
ਇਸ ਮੌਕੇ ਹਾਜ਼ਰ ਜ਼ਿਲ੍ਹਾ ਗੁਰਦਾਸਪੁਰ ਪ੍ਰਧਾਨ ਹਰਦੀਪ ਸਿੰਘ ਅਤੇ ਜ਼ਿਲ੍ਹਾ ਸਕੱਤਰ ਹਰਵਿੰਦਰ ਸਿੰਘ ਮਸਾਣੀਆਂ, ਜਿਲ੍ਹਾ ਅੰਮ੍ਰਿਤਸਰ ਦੇ ਸਕੱਤਰ ਗੁਰਲਾਲ ਸਿੰਘ ਮਾਨ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਗੰਨੇ ਦੇ 31 ਜਨਵਰੀ ਤਕ ਦੇ ਬਕਾਏ 15 ਫਰਵਰੀ ਤੱਕ ਪਾ ਦਿੱਤੇ ਜਾਣਗੇ ਅਤੇ ਨਾ ਪਾਏ ਜਾਂ ਦੀ ਸੂਰਤ ਵਿਚ ਕੇਨ ਕਮਿਸ਼ਨ ਦੀ ਹਦਾਇਤ ਅਨੁਸਾਰ ਵਿਆਜ਼ ਸਮੇਤ ਪਾਏ ਜਾਣਗੇ, ਮਿੱਲਾਂ ਵੱਲੋ ਬਾਹਰੀ ਸੂਬਿਆਂ ਤੋਂ ਘੱਟ ਰੇਟ ਤੇ ਗੰਨਾਂ ਖਰੀਦਣ ਤੇ ਕਾਬੂ ਕੀਤਾ ਜਾਵੇਗਾ | ਹਵਾ ਪ੍ਰਦੂਸ਼ਿਤ ਕਰ ਰਿਹਾ ਮਸਾਣੀਆਂ ਵਿਖੇ ਬਣਿਆ ਪੋਲਟਰੀ ਫਾਰਮ ਉਚਿਤ ਕਾਗਜ਼ੀ ਕਾਰਵਾਈ ਕਰਕੇ ਬੰਦ ਕੀਤਾ ਜਾਵੇਗਾ | ਆਗੂਆਂ ਨੇ ਜਾਣਕਰੀ ਦਿੱਤੀ ਕਿ ਅਧਿਕਾਰੀਆਂ ਨੇ ਦੱਸਿਆ ਹੈ ਕਿ ਸ਼ਹੀਦ ਪਰਿਵਾਰਾਂ ਨੂੰ ਮੁਆਵਜੇ ਅਤੇ ਨੌਕਰੀ ਤੇ ਕੰਮ ਸ਼ੁਰੂ ਹੈ ਅਤੇ ਅਗਲੇ 2 ਦਿਨ ਵਿਚ ਨਤੀਜੇ ਦਿੱਤੇ ਜਾਣਗੇ | ਆਗੂਆਂ ਕਿਹਾ ਕਿ ਪ੍ਰਸ਼ਾਸਨ ਨੇ ਸਾਰੀਆਂ ਮੰਗਾਂ 15 ਦਿਨ ਵਿਚ ਪੂਰੀਆਂ ਕਰਨ ਦਾ ਸਮਾਂ ਮੰਗਿਆ ਹੈ ਪਰ ਜਥੇਬੰਦੀ 20 ਦਿਨ ਦਾ ਸਮਾਂ ਦੇਵੇਗੀ ਅਤੇ ਅਗਰ ਮੰਨੀਆ ਗਈਆਂ ਮੰਗਾਂ ਤੇ ਕਾਰਗਾਰ ਕਰਵਾਈ ਨਹੀਂ ਹੁੰਦੀ ਤਾਂ 20 ਫਰਵਰੀ ਤੋਂ ਗੁਰਦਾਸਪੁਰ ਰੇਲਵੇ ਸਟੇਸ਼ਨ ਘੇਰਿਆ ਜਾਵੇਗਾ ਅਤੇ ਉਸ ਕਾਰਨ ਲੋਕਾਂ ਨੂੰ ਆਓਣ ਵਾਲੀ ਪ੍ਰੇਸ਼ਾਨੀ ਲਈ ਸਰਕਾਰ ਅਤੇ ਭਰੋਸਾ ਦਿਵਾਉਣ ਵਾਲਾ ਪ੍ਰਸ਼ਾਸ਼ਨ ਜਿੰਮੇਵਾਰ ਹੋਵੇਗਾ |
ਸਰਕਾਰ ਅਗਰ ਲੋਕਾਂ ਦੀਆਂ ਮੰਗਾਂ ਅਤੇ ਪ੍ਰੇਸ਼ਾਨੀਆਂ ਲਈ ਸੁਹਿਰਦ ਹੈ ਤਾ ਇਹਨਾਂ ਮੰਗਾਂ ਤੇ ਦਿੱਤੇ ਗਏ ਸਮੇਂ ਵਿਚ ਨਤੀਜੇ ਸਾਹਮਣੇ ਲੈ ਕੇ ਆਵੇ | ਇਸ ਮੌਕੇ ਮੋਰਚੇ ਵਿੱਚ ਸ਼ਾਮਲ ਆਗੂ ਸੁਖਦੇਵ ਸਿੰਘ ਅੱਲੜ ਪਿੰਡੀ, ਸਤਨਾਮ ਸਿੰਘ ਖਜਾਨਚੀ, ਗੁਰਪ੍ਰੀਤ ਸਿੰਘ ਖ਼ਾਨਪੁਰ, ਹਰਜੀਤ ਸਿੰਘ ਲੀਲਕਲਾ, ਗੁਰਲਾਲ ਸਿੰਘ ਮਾਨ, ਸਵਿੰਦਰ ਸਿੰਘ ਰੂਪੋਵਾਲੀ, ਗੁਰਭੇਜ ਸਿੰਘ ਝੰਡੇ, ਸਤਿਨਾਮ ਸਿੰਘ ਮੱਧਰੇ,ਜੋਗਾ ਸਿੰਘ, ਪਰਮਿੰਦਰ ਸਿੰਘ,ਹਰਭਜਨ ਸਿੰਘ ਵੈਰੋਨੰਗਲ, ਸੁਖਵਿੰਦਰ ਸਿੰਘ ਗੋਤਪੋਕਰ, ਗੁਰਮੁਖ ਸਿੰਘ ਖਾਨਮਲੱਕ,ਸੋਹਣ ਸਿੰਘ ਗਿੱਲ, ਜਤਿੰਦਰ ਸਿੰਘ ਵਰਿਆਂ, ਸੁਖਵਿੰਦਰ ਸਿੰਘ ਅੱਲੜਪਿੰਡੀ, ਕਰਨੈਲ ਸਿੰਘ ਆਂਦੀ, ਹਜ਼ੂਰ ਸਿੰਘ ਕਪੂਰਾ, ਮੰਗਜੀਤ ਸਿੰਘ ਸਿੱਧਵਾਂ ਆਗੂ ਹਾਜ਼ਰ ਰਹੇ |