← ਪਿਛੇ ਪਰਤੋ
ਪੰਜਾਬੀ ਯੂਨੀਵਰਸਿਟੀ ਦੀ ਖਿਡਾਰੀ ਨੇ ਗੁਜਰਾਤ ਵਿਖੇ ਤਿੰਨ ਤਗ਼ਮੇ ਜਿੱਤੇ ਪਟਿਆਲਾ 30 ਜਨਵਰੀ 2023: ਪੰਜਾਬੀ ਯੂਨੀਵਰਸਿਟੀ ਦੀ ਖਿਡਾਰੀ ਨਿਸ਼ੂ ਧੀਮਾਨ ਨੇ ਗੁਜਰਾਤ ਵਿਖੇ ਹੋ ਰਹੀ 'ਨੈਸ਼ਨਲ ਪੈਰਾ ਅਥਲੈਟਿਕਸ ਚੈਂਪੀਅਨਸਿ਼ਪ' ਵਿੱਚ ਤਿੰਨ ਤਗ਼ਮੇ ਪ੍ਰਾਪਤ ਕਰ ਲਏ ਹਨ। ਕੋਚ ਗੁਰਦੇਵ ਸਿੰਘ ਵੱਲੋਂ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੇ 1500 ਮੀਟਰ ਦੌੜ ਵਿੱਚ ਦੂਜਾ ਸਥਾਨ ਭਾਵ ਚਾਂਦੀ ਦਾ ਤਗ਼ਮਾ ਹਾਸਿਲ ਕੀਤਾ ਹੈ ਜਦੋਂ ਕਿ 100 ਮੀਟਰ ਦੌੜ ਅਤੇ 400 ਮੀਟਰ ਦੌੜ ਦੇ ਮੁਕਾਬਲਿਆਂ ਵਿੱਚ ਤੀਜਾ ਸਥਾਨ ਭਾਵ ਕਾਂਸੀ ਦਾ ਤਗ਼ਮਾ ਹਾਸਿਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨਿਸ਼ੂ ਧੀਮਾਨ ਪੰਜਾਬੀ ਯੂਨੀਵਰਸਿਟੀ ਅਧੀਨ ਪੈਂਦੇ ਸਰਕਾਰੀ ਮਹਿੰਦਰਾ ਕਾਲਜ ਵਿਖੇ ਬੀ.ਏ. ਭਾਗ ਦੂਜਾ ਦੀ ਵਿਦਿਆਰਥੀ ਹੈ ਅਤੇ ਲੰਬੇ ਸਮੇਂ ਤੋਂ ਪੰਜਾਬੀ ਯੂਨੀਵਰਸਿਟੀ ਦੇ ਖੇਡ ਮੈਦਾਨ ਨਾਲ਼ ਜੁੜੀ ਹੋਈ ਹੈ। ਉਨ੍ਹਾਂ ਦੱਸਿਆ ਕਿ ਨਿਸ਼ੂ ਇੱਕ ਗਰੀਬ ਪਰਿਵਾਰ ਨਾਲ਼ ਸੰਬੰਧ ਰਖਦੀ ਹੈ ਅਤੇ ਆਪਣੀਆਂ ਆਰਥਿਕ ਸੀਮਾਵਾਂ ਦੇ ਬਾਵਜੂਦ ਸਖਤ ਮਿਹਨਤ ਕਰ ਰਹੀ ਸੀ। ਉਸ ਦੀ ਇਹ ਮਿਹਨਤ ਰੰਗ ਲਿਆਈ ਹੈ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਖਿਡਾਰੀ ਨਿਸ਼ੂ ਧੀਮਾਨ, ਕੋਚ ਗੁਰਦੇਵ ਸਿੰਘ ਅਤੇ ਖੇਡ ਵਿਭਾਗ ਨੂੰ ਇਸ ਪ੍ਰਾਪਤੀ ਉੱਤੇ ਵਧਾਈ ਦਿੱਤੀ ਗਈ।
Total Responses : 29