← ਪਿਛੇ ਪਰਤੋ
ਮਾਮਲਾ ਕਰਿਆਨਾ ਵਪਾਰੀ ਤੋਂ ਫਿਰੌਤੀ ਦਾ; ਪੁਲਿਸ ਨੇ 2 ਹੋਰ ਗੈਂਗਸਟਰ ਕੀਤੇ ਕਾਬੂ (ਦੀਪਕ ਜੈਨ )
ਜਗਰਾਓਂ 30 ਜਨਵਰੀ 2023: ਪਿਛਲੇ ਦਿਨੀਂ ਜਗਰਾਓਂ ਦੇ ਨਹਿਰੂ ਮਾਰਕੀਟ ਅੰਦਰ ਥੋਕ ਕਰਿਆਨੇ ਦੇ ਵਪਾਰੀ ਕੋਲੋਂ 20 ਲੱਖ ਰੁਪਏ ਦੀ ਫਿਰੌਤੀ ਮੰਗਕੇ ਡੇਢ ਲੱਖ ਰੁਪਏ ਵਸੂਲ ਕਰਨ ਆਉਣ ਵਾਲੇ ਦੋ ਗੈਂਗਸਟਰਾਂ ਵਿਚੋਂ ਇਕ ਨੂੰ ਤਾਂ ਪੁਲਿਸ ਵਲੋਂ ਮੌਕੇ ਤੇ ਹੀ ਜਖਮੀ ਕਰਕੇ ਗਿਰਫ਼ਤਾਰ ਕਰ ਲਿਆ ਗਿਆ ਸੀ। ਜਿਸਦਾ ਇਕ ਫਰਵਰੀ ਤਕ ਦਾ ਪੁਲਿਸ ਰਿਮਾਂਡ ਵੀ ਮਾਨਯੋਗ ਅਦਾਲਤ ਵਲੋਂ ਮਿਲ ਗਿਆ ਸੀ। ਪੁਲਿਸ ਉਸ ਜਖਮੀ ਦੋਸ਼ੀ ਦਾ ਇਲਾਜ ਕਰਵਾਉਣ ਲਈ ਸਰਕਾਰੀ ਹਸਪਤਾਲ ਵਿਚ ਲੈਕੇ ਆਈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਇਸ ਫਿਰੌਤੀ ਕੇਸ ਵਿਚ ਸ਼ਾਮਲ 2 ਹੋਰ ਦੋਸ਼ੀ ਗੈਂਗਸਟਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪ੍ਰੰਤੂ ਪੁਲਿਸ ਵਲੋਂ ਇਸ ਗੱਲ ਦੀ ਹਾਲੇ ਪੁਸ਼ਟੀ ਨਹੀਂ ਕੀਤੀ ਗਈ ਇਸ ਕਰਕੇ ਬਾਬੂਸ਼ਾਹੀ ਨੈੱਟਵਰਕ ਵੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ। ਪਤਾ ਲੱਗਾ ਹੈ ਕਿ ਪੁਲਿਸ ਨੇ ਡੇਢ ਲੱਖ ਰੁਪਏ ਦੇ ਡੰਮੀ ਨੋਟ ਰੱਖਕੇ ਟ੍ਰੈਪ ਵਿਛਾਇਆ ਸੀ ਅਤੇ ਇਕ ਦੋਸ਼ੀ ਪੁਲਿਸ ਨੂੰ ਝਕਾਨੀ ਦੇਕੇ ਫਰਾਰ ਹੋ ਗਿਆ ਸੀ। ਜਿਸਦੀ ਤਲਾਸ਼ ਵਿਚ ਪੁਲਿਸ ਨੇ ਚੂਹੜਚੱਕ ਦੇ ਹੀ ਰਹਿਣ ਵਾਲੇ ਇਕ ਗੈਂਗਸਟਰ ਨੂੰ ਗਿਰਫ਼ਤਾਰ ਕੀਤਾ ਹੈ ਅਤੇ ਫੋਨ ਉੱਪਰ ਵਪਾਰੀ ਨੂੰ ਧਮਕੀਆਂ ਦੇਕੇ ਫਿਰੌਤੀ ਮੰਗਣ ਦੀਆਂ ਕਾਲਾਂ ਕਰਨ ਵਾਲਾ ਇੰਨਾ ਦੋਹਾਂ ਦਾ ਇਕ ਤੀਸਰਾ ਸਾਥੀ ਜੋਕਿ ਚੂਹੜਚੱਕ ਦਾ ਹੀ ਰਹਿਣ ਵਾਲਾ ਦਸਿਆ ਜਾ ਰਿਹਾ ਹੈ, ਨੂੰ ਵੀ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਹੈ। ਮੋਟਰਸਾਇਕਲ ਲੈਕੇ ਅਤੇ ਪੁਲਿਸ ਨੂੰ ਝਕਾਨੀ ਦੇਕੇ ਭੱਜਣ ਵਾਲੇ ਗੈਂਗਸਟਰ ਬਾਰੇ ਪਤਾ ਲੱਗਾ ਹੈ ਕਿ ਉਸਦੇ ਕਰਿਆਨਾ ਵਪਾਰੀ ਨਾਲ ਵਪਾਰਕ ਸੰਬੰਧ ਸਨ ਅਤੇ ਉਹ ਕਰਿਆਨਾ ਵਪਾਰੀ ਕੋਲੋਂ ਕਰਿਆਨਾ ਖਰੀਦਦਾ ਸੀ ਅਤੇ ਉਸਨੂੰ ਕਰਿਆਨਾ ਵਪਾਰੀ ਦੀ ਆਮਦਨ ਬਾਰੇ ਵੀ ਜਾਣਕਾਰੀ ਸੀ। ਜਿਸ 'ਤੇ ਉਸਨੇ ਆਪਣੇ ਸਾਥੀਆਂ ਨਾਲ ਮਿਲਕੇ ਇਹ ਸਾਰੀ ਸਾਜਿਸ਼ ਰਚੀ ਸੀ।
Total Responses : 29