ਲਤੀਫ਼ਪੁਰਾ ਮੋਰਚਾ: ਵਰਦੇ ਮੀਂਹ ਵਿੱਚ ਵੀ ਹੌਂਸਲੇ ਬੁਲੰਦ
2 ਨੂੰ ਹੋਵੇਗਾ ਵਿਧਾਇਕ ਸੀਤਲ ਅੰਗਰੂਲ ਦੇ ਘਰ ਅੱਗੇ ਪ੍ਰਦਰਸ਼ਨ, ਤਿਆਰੀਆਂ ਜਾਰੀ: ਆਗੂ
ਦਲਜੀਤ ਕੌਰ
ਜਲੰਧਰ, 30 ਜਨਵਰੀ, 2023: ਲਤੀਫ਼ਪੁਰਾ ਮੁੜ ਵਸੇਬਾ ਮੋਰਚਾ ਦੀ ਅਗਵਾਈ ਹੇਠ ਲੋਕ ਵਰਦੇ ਮੀਂਹ ਵਿੱਚ ਵੀ ਡਟੇ ਹੋਏ ਹਨ। ਸਰਕਾਰ ਤੇ ਕੁਦਰਤ ਲਤੀਫ਼ਪੁਰੀਆਂ ਦੇ ਸਿਦਕ ਦਾ ਇਮਤਿਹਾਨ ਲੈ ਰਹੀ ਹੈ। ਮੋਰਚੇ ਉੱਪਰ ਡਟੇ ਹੋਏ ਲੋਕਾਂ ਦੇ ਹੌਂਸਲੇ ਬੁਲੰਦ ਹਨ। ਲਤੀਫ਼ਪੁਰਾ ਵਾਸੀ ਬਲਜਿੰਦਰ ਕੌਰ ਅਤੇ ਨਰਿੰਦਰ ਨੇ ਦੱਸਿਆ ਕਿ ਲੰਘੀ ਕੱਲ੍ਹ ਅਤੇ ਅੱਜ ਪਏ ਭਾਰੀ ਮੀਂਹ ਦੇ ਕਾਰਨ ਟੈਂਟਾ ਵਿੱਚ ਜ਼ਮੀਨ ਉੱਤੇ ਬਿਸਤਰਿਆਂ ਤੱਕ ਪਾਣੀ ਆਉਣ ਕਰਕੇ ਰਾਤ ਜਾਗ ਕੇ ਕੱਟਣੀ ਪਈ ਪਰ ਹਰ ਤਰ੍ਹਾਂ ਦੇ ਦੁੱਖ ਤਕਲੀਫ਼ ਦੇ ਬਾਵਜੂਦ ਸਾਡੇ ਹੌਂਸਲੇ ਬੁਲੰਦ ਹਨ।
ਇਸ ਮੌਕੇ ਮੋਰਚੇ ਦੇ ਆਗੂ ਸੰਤੋਖ ਸਿੰਘ ਸੰਧੂ, ਗੁਰਦੀਪ ਸਿੰਘ ਭੰਡਾਲ, ਪਰਮਜੀਤ ਸਿੰਘ ਜੱਬੋਵਾਲ,ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ, ਹੰਸ ਰਾਜ ਪੱਬਵਾਂ, ਕਸ਼ਮੀਰ ਸਿੰਘ ਘੁੱਗਸ਼ੋਰ, ਤਰਸੇਮ ਸਿੰਘ ਵਿੱਕੀ ਜੈਨਪੁਰ,ਸੁਖਜੀਤ ਸਿੰਘ ਡਰੋਲੀ, ਪਰਮਿੰਦਰ ਸਿੰਘ ਮਿੰਟੂ, ਹਰਜਿੰਦਰ ਕੌਰ ਬਾਠ, ਬਲਜਿੰਦਰ ਕੌਰ, ਸਰਬਜੀਤ ਸਿੰਘ, ਗੁਰਬਖਸ਼ ਸਿੰਘ ਮੰਗਾ, ਜਸਵੀਰ ਕੌਰ ਜੱਸੀ ਆਦਿ ਨੇ ਦੱਸਿਆ ਕਿ ਲਤੀਫ਼ਪੁਰਾ ਦੇ ਲੋਕਾਂ ਨੂੰ ਮੁੜ ਉਸ ਜਗ੍ਹਾ ਉੱਪਰ ਵਸਾਉਣ ਅਤੇ ਉਹਨਾਂ ਦੇ ਹੋਏ ਨੁਕਸਾਨ ਦਾ ਉਚਿਤ ਮੁਆਵਜ਼ਾ ਦਿਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਨੂੰ ਵੱਸਦੇ ਲੋਕਾਂ ਦੇ ਘਰਾਂ ਉੱਪਰ ਬੁਲਡੋਜ਼ਰ ਚਲਾਉਣ ਦੀ ਸਿਆਸੀ ਕੀਮਤ ਚੁਕਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਆਪ ਦੇ ਵਿਧਾਇਕਾਂ ਅਤੇ ਆਗੂਆਂ ਦੇ ਘਰਾਂ ਅੱਗੇ ਪ੍ਰਦਰਸ਼ਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਹਨਾਂ ਪ੍ਰਦਰਸ਼ਨਾਂ ਦੀ ਸ਼ੁਰੂਆਤ 2 ਫ਼ਰਵਰੀ ਨੂੰ ਵਿਧਾਇਕ ਸੀਤਲ ਅੰਗਰੂਲ ਦੇ ਘਰ ਅੱਗੇ ਪ੍ਰਦਰਸ਼ਨ ਨਾਲ ਕੀਤੀ ਜਾਵੇਗੀ। ਭਗਵੰਤ ਸਿੰਘ ਮਾਨ ਸਰਕਾਰ ਨੂੰ ਪਾਰਲੀਮਾਨੀ ਜ਼ਿਮਨੀ ਚੋਣ ਵਿੱਚ ਵੀ ਲੋਕਾਂ ਦੇ ਗੁੱਸੇ ਦਾ ਸੇਕ ਝੱਲਣਾ ਪਵੇਗਾ। ਦੇਰ ਸ਼ਾਮ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਮੁੱਖ ਮੰਤਰੀ ਅਤੇ ਚੇਅਰਮੈਨ ਇੰਮਰੂਵਮੈਂਟ ਟਰੱਸਟ ਦਾ ਪੁਤਲਾ ਫ਼ੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਸ ਦੌਰਾਨ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਦੱਸਿਆ ਕਿ 2 ਫ਼ਰਵਰੀ ਨੂੰ ਆਪ ਵਿਧਾਇਕ ਸੀਤਲ ਅੰਗਰੂਲ ਦੇ ਘਰ ਅੱਗੇ ਕੀਤੇ ਜਾਣ ਵਾਲੇ ਧਰਨੇ ਮੁਜ਼ਾਹਰੇ ਵਿੱਚ ਲੋਕਾਂ ਦੀ ਭਰਵੀਂ ਸ਼ਮੂਲੀਅਤ ਕਰਵਾਉਣ ਲਈ ਹਲਕਾ ਕਰਤਾਰਪੁਰ ਦੇ ਪਿੰਡ ਮੁਰੀਦਪੁਰ ਅਤੇ ਬੂਲਾ ਵਿਖੇ ਰੈਲੀਆਂ ਕੀਤੀਆਂ ਗਈਆਂ।ਜਿਸ ਵਿੱਚ ਹਾਜ਼ਰ ਪੇਂਡੂ ਮਜ਼ਦੂਰਾਂ ਵੱਲੋਂ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਗਿਆ।