ਪੰਜਾਬ 'ਚ ਫਿਰੌਤੀਆਂ ਲੈਣ ਅਤੇ ਟਾਰਗੈੱਟ ਕਿਲਿੰਗ ਦੇ ਧੰਦੇ 'ਚ ਸ਼ਾਮਲ ਚਾਰ ਵਿਅਕਤੀ ਗ੍ਰਿਫ਼ਤਾਰ
ਦਲਜੀਤ ਕੌਰ
ਸੰਗਰੂਰ, 30 ਜਨਵਰੀ, 2023: ਲੁੱਟਾਂ-ਖੋਹਾਂ ਕਰਨ ਤੇ ਸ਼ੂਟਰਾਂ ਨੂੰ ਪੈਸੇ ਦੇ ਕੇ ਕਤਲ ਕਰਨ ਸਬੰਧੀ ਸਾਜਿਸ਼ ਕਰਨ ਵਾਲੇ ਅਨਸਰਾਂ ਸਮੇਤ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਬਾਰੇ ਇੱਥੇ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਪੁਲਿਸ ਲਾਇਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਥਾਣਾ ਚੀਮਾ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੂੰ ਪਤਾ ਲੱਗਿਆ ਕਿ ਸੁਖਵਿੰਦਰ ਸਿੰਘ ਸੁੱਖਾ ਦੁਨੇਕਾ ਜੋ ਕਿ ਕੈਨੇਡਾ ਵਿਚ ਤੁਰਿਆ ਫਿਰਦਾ ਹੈ, ਪੰਜਾਬ ਵਿਚ ਫਿਰੌਤੀਆਂ ਲੈਣ ਤੇ ਟਾਰਗੈੱਟ ਕਿਲਿੰਗ ਦਾ ਕਾਲਾ ਧੰਦਾ ਕਰਦਾ ਹੈ।
ਸੁੱਖਾ ਦੁੱਨੇਕੇ ਨੇ ਲੰਘੇ ਕੁਝ ਸਮੇਂ ਤੋਂ ਆਪਣੇ ਨਵੇਂ ਸਾਥੀ ਕੁਲਵਿੰਦਰ ਸਿੰਘ ਕਿੰਦਾ ਨਿਵਾਸੀ ਸਲਤਾਨਪੁਰ ਹਾਲਆਬਾਦ ਗੋਬਿੰਦ ਪਿੰਡੀ ਲੌਂਗੋਵਾਲ, ਸੁਖਵਿੰਦਰ ਖਾਨ ਸੁੱਖੀ ਲੌਂਗੋਵਾਲ, ਹਰਜੀਵਨ ਸਿੰਘ ਜੱਸਾ ਨਾਨਕਸਰੀਆ, ਜੀਵਨ ਸਿੰਘ ਨਿਵਾਸੀ ਚੀਮਾ, ਹੁਸਨਪ੍ਰੀਤ ਸਿੰਘ ਗਿੱਲ ਲੌਂਗੋਵਾਲ ਅਤੇ ਪਰਮਜੀਤ ਪੰਮਾ ਨਿਵਾਸੀ ਭੀਖੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਮੌਕੇ ’ਤੇ ਜਾ ਕੇ ਪੁਲਿਸ ਨੇ ਕਿੰਦੇ ਤੇ ਜੀਵਨ ਨੂੰ ਕਾਬੂ ਕਰ ਲਿਆ। ਇਨ੍ਹਾਂ ਦੇ ਕਬਜ਼ੇ ਵਿੱਚੋਂ ਬਿਨਾਂ ਨੰਬਰ ਦੀ ਕਾਰ, ਰਿਵਾਲਵਰ, 8 ਕਾਰਤੂਸ, ਤਿੰਨ ਮੋਬਾਈਲ ਫੋਨ ਤੇ ਡੋਂਗਲ ਬਰਾਮਦ ਕੀਤੇ ਹਨ। ਇਨ੍ਹਾਂ ਅਨਸਰਾਂ ਕੋਲੋਂ ਕੀਤੀ ਪੁੱਛਗਿੱਛ ਮਗਰੋਂ ਪਰਮਜੀਤ ਪੰਮਾ ਤੇ ਪਰਵਿੰਦਰ ਪਾਲੀ ਦਿੜ੍ਹਬਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਕੋਲੋਂ ਰਾਈਫਲ ਤੇ ਰਿਵਾਲਵਰ ਜ਼ਬਤ ਕੀਤੇ ਹਨ। ਬਾਕੀ ਅਨਸਰਾਂ ਦੀ ਭਾਲ ਜਾਰੀ ਹੈ।