ਜਦੋਂ ਜਨਰਲ ਕੇ ਐਸ ਬਰਾੜ ਨੇ ਅਪਰੇਸ਼ਨ ਬਲਿਊ ਸਟਾਰ ਲੱਗਿਆ ਸੀ ਬੜਾ ਸੁਖਾਲਾ .. ਜਗਤਾਰ ਸਿੰਘ ਦੀ ਕਿਤਾਬ ਕਹਾਣੀ ਬਲਦੇ ਦਰਿਆਵਾਂ ਦੀ 'ਚੋਂ
3 ਜੂਨ 1984 ਦੀ ਸ਼ਾਮ 4 ਵਜੇ ਦਾ ਸਮਾਂ ਸੀ। ਅੰਮ੍ਰਿਤਸਰ ਛਾਉਣੀ ਵਿੱਚ 15 ਡਿਵੀਜ਼ਨ ਹੈੱਡਕੁਆਰਟਰ ਦੇ ਅਪਰੇਸ਼ਨ ਰੂਮ ਦੀ ਪਿਛਲੀ ਕੰਧ ਉੱਤੇ ਦਰਬਾਰ ਸਾਹਿਬ ਕੰਪਲੈਕਸ ਦੇ ਵਿਸਤ੍ਰਿਤ ਨਕਸ਼ਾ ਟੰਗਿਆਆ ਹੋਇਆ ਸੀ ਅਤੇ ਮਾਹੌਲ ਤਣਾਅਪੂਰਨ ਸੀ। ਸਰਹੱਦੀ ਜ਼ਿਲ੍ਹੇ ਦੇ ਸਿਵਲ, ਪੁਲਿਸ, ਅਰਧ ਸੈਕੇਈ ਨਿਕ ਬਲਾਂ ਅਤੇ ਖ਼ੁਫ਼ੀਆ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ਨੂੰ ਐਮਰਜੈਂਸੀ ਬੈਠਕ ਵਿੱਚ ਬੁਲਾਇਆ ਗਿਆ ਸੀ।
9 ਡਿਵੀਜ਼ਨ ਦਾ ਕਮਾਂਡਰ ਮੇਜਰ ਜਨਰਲ ਬਰਾੜ ਜਿਸ ਨੂੰ ਅਪਰੇਸ਼ਨ ਨੀਲਾ ਤਾਰਾ ਦੀ ਕਮਾਂਡ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਗਰਜਿਆ, “ਸੱਜਣੋ, ਅਸੀਂ ਪਹੁੰਚ ਗਏ ਹਾਂ ... ਅੱਜ ਰਾਤ ਪੂਰੇ ਸ਼ਹਿਰ ਵਿੱਚ ਕਰਫ਼ਿਊ ਲਗਾ ਦਿੱਤਾ ਜਾਵੇਗਾ। ਜਿਹੜਾ ਵੀ ਵਿਅਕਤੀ ਕਰਫ਼ਿਊ ਦੀ ਉਲੰਘਣਾ ਕਰਦਾ ਹੈ, ਉਸ ਨੂੰ ਗੋਲੀ ਮਾਰ ਦਿੱਤੀ ਜਾਵੇਗੀ।” ਉੱਥੇ ਮੌਜੂਦ ਲੋਕਾਂ ਵਿੱਚੋਂ ਕੁੱਝ ਲਈ ਇਹ ਹੈਰਾਨ ਕਰਨ ਵਾਲਾ ਸੀ।
“ਕੱਲ੍ਹ, ਅਸੀਂ ਹਰਿਮੰਦਰ ਸਾਹਿਬ ਕੰਪਲੈਕਸ ਨੂੰ ਘੇਰਾ ਪਾਵਾਂਗੇ,” ਜਨਰਲ ਬਰਾੜ ਨੇ ਅੱਗੇ ਕਿਹਾ। ਉਸ ਨੇ ਜ਼ੋਰ ਦੇ ਕੇ ਕਿਹਾ “ਅਸੀਂ 5 ਦੀ ਸ਼ਾਮ ਨੂੰ ਕੰਪਲੈਕਸ ਵਿੱਚ ਦਾਖਲ ਹੋਵਾਂਗੇ ਅਤੇ ਕੁੱਝ ਘੰਟਿਆਂ ਦੇ ਅੰਦਰ ਕੰਮ ਖਤੇ ਕਰ ਲਵਾਂਗੇ।”
ਸਥਾਨਕ ਖ਼ੁਫ਼ੀਆ ਬਿਊਰੋ ਦੇ ਮੁਖੀ ਐਮ.ਪੀ.ਐਸ. ਔਲਖ, ਇੱਕ ਸੁਹਿਰਦ, ਸਮਰਪਿਤ ਅਤੇ ਸਮਝਦਾਰ ਹਿੰਦੁਸਤਾਨੀ ਪੁਲਿਸ ਸੇਵਾ ਅਧਿਕਾਰੀ ਨੇ ਦਖ਼ਲਅੰਦਾਜ਼ੀ ਕਰਦਿਆਂ ਇਹ ਸਪਸ਼ਟ ਕਰ ਦਿੱਤਾ ਕਿ ਕੰਪਲੈਕਸ ਵਿੱਚ ਲੁਕੇ ਹੋਏ ਖਾੜਕੂਆਂ ਨੇ ਵਧੀਆ ਮੋਰਚੇਬੰਦੀ ਕੀਤੀ ਹੋਈ ਹੈ ਅਤੇ ਉਹ ਚੰਗੀ ਤਰ੍ਹਾਂ ਹਥਿਆਰਬੰਦ ਹਨ ਅਤੇ ਇਹ ਸਭ ਜਾਣਦੇ ਸਨ ਕਿ ਕੰਪਲੈਕਸ ਅੰਦਰਲਾ ਮਾਸਟਰ ਮਾਈਂਡ ਵੀ ਇੱਕ ਸਾਬਕਾ ਸੀਨੀਅਰ ਫ਼ੌਜੀ ਅਫ਼ਸਰ ਮੇਜਰ ਜਨਰਲ ਸੁਬੇਗ ਸਿੰਘ ਸੀ, ਜਿਸ ਨੇ 1971 ਦੀ ਜੰਗ ਵਿੱਚ ਨਾਮਣਾ ਖੱਟਿਆ ਸੀ। ਮੌਕੇ ’ਤੇ ਮੌਜੂਦ ਇਹ ਅਧਿਕਾਰੀ ਆਪਣੇ ਮੁਲਾਂਕਣ ਵਿੱਚ ਸਹੀ ਸੀ ਕਿ ਅੰਦਰ ਬਹੁਤ ਜ਼ਿਆਦਾ ਚੜ੍ਹਦੀ ਕਲਾ ਵਾਲੇ ਲੋਕ ਹਨ, ਜੋ ਮਰਨ ਤੋਂ ਨਹੀਂ ਡਰਦੇ, ਦੂਜੇ ਸ਼ਬਦਾਂ ਉਹ ‘ਵਿਸ਼ਵਾਸ ਦੇ ਯੋਧੇ’ ਹਨ।
ਅੰਮ੍ਰਿਤਸਰ ਦੇ ਹੰਢੇ ਹੋਏ ਪੁਲਿਸ ਸੁਪਰਡੈਂਟ (ਇੰਟੈਲੀਜੈਂਸ) ਪੰਡਤ ਹਰਜੀਤ ਸਿੰਘ ਨੇ ਦਖ਼ਲ ਦੇ ਕੇ ਜਨਰਲ ਬਰਾੜ ਨੂੰ ਕਿਹਾ, “ਸਰ, ਇਹ ਇੰਨਾ ਸੌਖਾ ਨਹੀਂ ਹੋਵੇਗਾ।” ਇਹ ਉਹ ਅਫ਼ਸਰ ਸੀ, ਜੋ ਸਿੱਖ ਸਿਆਸਤ ਅਤੇ ਸੰਤ ਭਿੰਡਰਾਂਵਾਲਿਆਂ ਦੇ ਉਭਾਰ ਨਾਲ ਜੁੜੀ ਸਥਿਤੀ ਉੱਤੇ ਲੰਮੇ ਸਮੇਂ ਤੋਂ ਨੇੜਿਓਂ ਨਜ਼ਰ ਰੱਖ ਰਿਹਾ ਸੀ। ਉਸ ਦਾ ਦਫ਼ਤਰ ਕੋਤਵਾਲੀ ਪੁਲਿਸ ਸਟੇਸ਼ਨ ਵਿੱਚ ਟਾਊਨ ਹਾਲ ਕੰਪਲੈਕਸ ਵਿੱਚ ਸਥਿਤ ਸੀ, ਜੋ ਦਰਬਾਰ ਸਾਹਿਬ ਤੋਂ ਬਹੁਤਾ ਦੂਰ ਨਹੀਂ ਸੀ ਅਤੇ ਸਥਿਤੀ ਦੀ ਨਬਜ਼ ਉੱਤੇ ਉਸ ਦੀਆਂ ਉਂਗਲਾਂ ਸਨ। ਉਸ ਦੀ ਗੱਲ ਨੂੰ ਅਣਗੌਲਿਆ ਕਰ ਦਿੱਤਾ ਗਿਆ। ਪੰਡਤ ਹਰਜੀਤ ਸਿੰਘ ਉਨ੍ਹਾਂ ਪਰੰਪਰਾਗਤ ਪਰਿਵਾਰਾਂ ਵਿੱਚੋਂ ਇੱਕ ਬ੍ਰਾਹਮਣ ਸੀ, ਜੋ ਪੱਗਾਂ ਬੰਨ੍ਹਦੇ ਹਨ। ਦਿੱਖ ਵਿਚ ਉਹ ਹਰ ਪੱਖੋਂ ਸਿੱਖ ਜਾਪਦੇ ਹਨ।
ਸਿਵਲ ਅਧਿਕਾਰੀਆਂ ਨੇ ਦਲੀਲ ਦਿੱਤੀ ਕਿ ਇਸ ਸਥਿਤੀ ਵਿੱਚ ਫ਼ੌਜ ਦਾ ਦਾਖ਼ਲਾ ਫ਼ਿਰਕੂ ਤਣਾਅ ਦਾ ਕਾਰਨ ਵੀ ਬਣ ਸਕਦਾ ਹੈ। ਜਨਰਲ ਦਿਆਲ ਨੇ ਜਵਾਬ ਦਿੱਤਾ, “ਤੁਸੀਂ ਕੀ ਗੱਲ ਕਰ ਰਹੇ ਹੋ? ਅਸੀਂ ਰਾਤ 10 ਵਜੇ ਦਾਖਲ ਹੋਵਾਂਗੇ ਅਤੇ ਕਾਰਵਾਈ 12 ਵਜੇ ਤੱਕ ਖ਼ਤਮ ਹੋ ਜਾਵੇਗੀ ਅਤੇ ਸਵੇਰੇ 4 ਵਜੇ ਤੱਕ ਲਾਈਟਾਂ ਚਾਲੂ ਕਰ ਦਿੱਤੀਆਂ ਜਾਣਗੀਆਂ।” ਇੱਥੇ ਆ ਕੇ ਗੱਲ ਖ਼ਤਮ ਹੋਈ। ਸਿਵਲ ਅਧਿਕਾਰੀ ਆਪਣੇ ਘਰਾਂ ਨੂੰ ਪਰਤ ਗਏ। ਉਨ੍ਹਾਂ ਵਿੱਚੋਂ ਕੋਈ ਵੀ ਉਸ ਰਾਤ ਸੌਂ ਨਾ ਸਕਿਆ।
ਉਸ ਨੇ ਹੁਕਮ ਦਿੱਤਾ ਕਿ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਜਾਵੇ। ਬੀ.ਐਸ.ਐਫ. ਸ਼ਹਿਰ ਵਿੱਚ ਤਾਇਨਾਤ ਸੀ। ਹੁਣ ਬੀ.ਐਸ.ਐਫ. ਦੇ ਡਿਪਟੀ ਇੰਸਪੈਕਟਰ ਜਨਰਲ ਜੀ.ਐਸ. ਪੰਧੇਰ ਦੀ ਵਾਰੀ ਸੀ, ਜਿਸ ਨੇ ਕਿਹਾ, “ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਨੂੰ ਗੋਲੀ ਮਾਰਨ ਲਈ ਸਾਨੂੰ ਲਿਖਤੀ ਇਜਾਜ਼ਤ ਦੀ ਲੋੜ ਹੋਵੇਗੀ।” ਗੁੱਸੇ ਨਾਲ ਜਨਰਲ ਬਰਾੜ ਨੇ ਮੇਜ਼ ’ਤੇ ਹੱਥ ਮਾਰਿਆ ਅਤੇ ਕਿਹਾ, “ਇਹ ਖੁੱਲ੍ਹਾ ਵਿਦਰੋਹ ਹੈ।” ਪੰਧੇਰ ਹੈਰਾਨ ਰਹਿ ਗਿਆ। ਉਸ ਨੂੰ ਤੁਰੰਤ ਛੁੱਟੀ ’ਤੇ ਜਾਣ ਲਈ ਕਿਹਾ ਗਿਆ, ਬਾਅਦ ਵਿੱਚ ਉਸ ਦੀ ਬਦਲੀ ਕਰ ਦਿੱਤੀ ਗਈ। ਅਪਰੇਸ਼ਨ ਨੀਲਾ ਤਾਰਾ ਸ਼ੁਰੂ ਸੀ।
ਇਸ ਤੋਂ ਪਹਿਲਾਂ 2 ਜੂਨ ਨੂੰ ਚੰਡੀਗੜ੍ਹ ਵੀ ਫ਼ੌਜ ਦੇ ਹਵਾਲੇ ਕੀਤਾ ਜਾ ਚੁੱਕਾ ਸੀ ਅਤੇ ਲੈਫ਼ਟੀਨੈਂਟ ਜਨਰਲ ਰਣਜੀਤ ਸਿੰਘ ਦਿਆਲ ਰਾਜਪਾਲ ਦੇ ਸੁਰੱਖਿਆ ਸਲਾਹਕਾਰ ਨਿਯੁਕਤ ਹੋ ਚੁੱਕੇ ਸਨ। ਸੈਕਟਰੀਏਟ ਵਿਚ ਪੁਲਿਸ ਮੁਖੀ ਪ੍ਰੀਤਮ ਸਿੰਘ ਭਿੰਡਰ ਨੇ ਡੀ.ਆਈ.ਜੀ. ਗੁਰਬਚਨ ਜਗਤ ਨੂੰ ਆਪਣੇ ਕਮਰੇ ਵਿੱਚ ਬੁਲਾਇਆ। ਦੋਵਾਂ ਦੇ ਦਫ਼ਤਰ ਸਕੱਤਰੇਤ ਦੀ ਚੌਥੀ ਮੰਜ਼ਲ ’ਤੇ ਆਹਮੋ–ਸਾਹਮਣੇ ਸਨ। ਜਨਰਲ ਦਿਆਲ ਉੱਥੇ ਮੌਜੂਦ ਸੀ ਜਿਸ ਨੂੰ ਸਥਿਤੀ ਬਾਰੇ ਜਾਣਕਾਰੀ ਦਿੱਤੀ ਜਾਣੀ ਸੀ। ਜਗਤ ਨੇ 30 ਸਾਲ ਬਾਅਦ ਲਿਖਿਆ “ਮੇਰੀ ਰਾਏ ਪੁੱਛੇ ਜਾਣ ’ਤੇ, ਮੈਂ ਕਿਹਾ ਕਿ ਭਿੰਡਰਾਂਵਾਲੇ ਅਤੇ ਉਸ ਦੇ 130 ਸਮਰਥਕ ਸਮਰਪਣ ਨਹੀਂ ਕਰਨਗੇ ਅਤੇ ਸਖ਼ਤ ਟੱਕਰ ਦੇਣਗੇ ਅਤੇ ‘ਸ਼ਹੀਦ’ ਵਜੋਂ ਮਰਨਾ ਪਸੰਦ ਕਰਨਗੇ... (ਮੈਂ ਅਪ੍ਰੈਲ 1978 ਤੋਂ ਸਤੰਬਰ 1981 ਤੱਕ ਐਸ.ਐਸ.ਪੀ ਅੰਮ੍ਰਿਤਸਰ ਸੀ।) ... ਦਿਆਲ ਇਸ ਮੁਲਾਂਕਣ ਤੋਂ ਪਰੇਸ਼ਾਨ ਹੋ ਗਿਆ ਅਤੇ ਉਸ ਨੇ ਮੈਨੂੰ ਥੋੜ੍ਹੇ ਜਿਹੇ ਹੰਕਾਰ ਨਾਲ ਪੁੱਛਿਆ ਕਿ ਖਾੜਕੂ ਕਾਹਦੇ ਨਾਲ ਲੜਨਗੇ ਕਿਉਂਕਿ ਉਨ੍ਹਾਂ ਕੋਲ ਫ਼ੌਜੀ ਤਾਕਤ ਵਿਰੁੱਧ ਲੜਨ ਲਈ ਸਿਰਫ਼ ਕੁੱਝ ਕੁ ‘ਬੰਦੂਕਾਂ’ ਹੀ ਸਨ।”23
ਅਪਰੇਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਨਿਰਦੋਸ਼ਾਂ ਨੂੰ ਬਾਹਰ ਕੱਢਣ ਦਾ ਫ਼ੈਸਲਾ ਕੀਤਾ ਗਿਆ ਸੀ। ਸਮੁੱਚੇ ਸ਼ਹਿਰ ਵਿੱਚ ਟੈਲੀਫ਼ੋਨ ਲਾਈਨਾਂ ਕੱਟ ਦਿੱਤੀਆਂ ਗਈਆਂ ਸਨ। ਕੇਵਲ ਕੁੱਝ ਜ਼ਿਲ੍ਹਾ ਅਧਿਕਾਰੀਆਂ ਦੀਆਂ ਹੌਟਲਾਈਨਾਂ ਨੂੰ ਛੱਡ ਦਿੱਤਾ ਗਿਆ ਸੀ। ਔਲਖ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਸ਼ਰਧਾਲੂਆਂ ਨਾਲ ਸੰਪਰਕ ਕਾਇਮ ਕਰਨ ਦਾ ਕੰਮ ਸੌਂਪਿਆ ਗਿਆ ਸੀ। ਉਹ ਅਗਲੀ ਸਵੇਰ 15 ਡਿਵੀਜ਼ਨ ਹੈੱਡਕੁਆਰਟਰ ਪਹੁੰਚੇ ਤਾਂ ਕਿ ਦਰਬਾਰ ਸਾਹਿਬ ਵਿਚ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨਾਲ ਟੈਲੀਫ਼ੋਨ 'ਤੇ ਗੱਲ ਕਰਕੇ ਸ਼ਰਧਾਲੂਆਂ ਨੂੰ ਬਾਹਰ ਲੈ ਕੇ ਆਉਣ ਦਾ ਇੰਤਜ਼ਾਮ ਕੀਤਾ ਜਾ ਸਕੇ। ਸੰਚਾਰ ਦੀ ਸਹੂਲਤ ਲਈ ਇੱਕ ਕਰਨਲ ਚੋਪੜਾ ਨੂੰ ਇਸ ਮੰਤਵ ਲਈ ਡਿਊਟੀ ’ਤੇ ਲਗਾਇਆ ਗਿਆ। ਔਲਖ ਨੂੰ ਚਾਰ ਘੰਟਿਆਂ ਬਾਅਦ ਦੱਸਿਆ ਗਿਆ ਕਿ ਅੰਦਰ ਟੈਲੀਫ਼ੋਨ ਰਾਹੀਂ ਸੰਪਰਕ ਸਥਾਪਤ ਕਰਨਾ ਸੰਭਵ ਨਹੀਂ ਹੈ ਕਿਉਂਕਿ ਟੈਲੀਫ਼ੋਨ ਲਾਈਨਾਂ ਕੱਟ ਦਿੱਤੀਆਂ ਗਈਆਂ ਸਨ। ਇਹ ਦੱਸਿਆ ਗਿਆ ਸੀ ਕਿ ਉਸ ਸਮੇਂ ਟੈਲੀਫ਼ੋਨ ਲਾਈਨਾਂ ਦੀ ਬਹਾਲੀ ਸੰਭਵ ਨਹੀਂ ਸੀ ਅਤੇ ਕੋਈ ਹੋਰ ਢੰਗ ਲੱਭਿਆ ਜਾ ਰਿਹਾ ਸੀ।
ਡਿਪਟੀ ਕਮਿਸ਼ਨਰ ਰਮੇਸ਼ ਇੰਦਰ ਸਿੰਘ 4 ਜੂਨ ਨੂੰ ਦੁਪਹਿਰ 3 ਵਜੇ ਦੇ ਕਰੀਬ ਕੋਤਵਾਲੀ ਥਾਣੇ ਪਹੁੰਚਿਆ, ਉਸ ਨੇ ਹੋਰ ਅਧਿਕਾਰੀਆਂ ਨਾਲ ਕੰਪਲੈਕਸ ਵਿਚੋਂ ਸ਼ਰਧਾਲੂਆਂ ਨੂੰ ਬਾਹਰ ਲਿਆਉਣ ਲਈ ਵਿਚਾਰ ਵਟਾਂਦਰਾ ਕੀਤਾ ਅਤੇ ਕੰਪਲੈਕਸ ਦੇ ਬਾਹਰ ਲਾਊਡ ਸਪੀਕਰ ’ਤੇ ਐਲਾਨ ਕਰਨ ਦਾ ਫ਼ੈਸਲਾ ਕੀਤਾ ਗਿਆ। ਪਹਿਲੀ ਅਨਾਊਂਸਮੈਂਟ ਕੰਪਲੈਕਸ ਦੇ ਮੁੱਖ ਪ੍ਰਵੇਸ਼ ਦੁਆਰ ਘੰਟਾ ਘਰ ਵਾਲੇ ਪਾਸੇ ਤੋਂ ਸ਼ਾਮ 4 ਵਜੇ ਦੇ ਕਰੀਬ ਕੀਤੀ ਗਈ ਸੀ, ਇੱਕ ਘੰਟੇ ਬਾਅਦ ਦੁਬਾਰਾ ਕੀਤੀ ਗਈ ਅਤੇ ਫਿਰ 45 ਮਿੰਟ ਬਾਅਦ ਇਸ ਨੂੰ ਦੁਹਰਾਇਆ ਗਿਆ। ਇਹ ਉਹ ਸਮਾਂ ਸੀ ਜਦੋਂ ਗੋਲ਼ੀਬਾਰੀ ਬੰਦ ਹੋ ਗਈ ਸੀ। ਕਰੀਬ 140 ਲੋਕ ਬਾਹਰ ਆਏ, ਜਿਨ੍ਹਾਂ ਨੂੰ ਕੋਤਵਾਲੀ ਲਿਜਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਅਨਾਊਂਸਮੈਂਟ ਨਹੀਂ ਸੁਣੀ ਸੀ ਅਤੇ ਆਪਣੇ ਆਪ ਹੀ ਬਾਹਰ ਆਏ ਸਨ।
ਫਿਰ ਕੰਪਲੈਕਸ ਦੇ ਅੰਦਰ ਕਿਸੇ ਨੂੰ ਭੇਜਣ ਦਾ ਫ਼ੈਸਲਾ ਕੀਤਾ ਗਿਆ ਅਤੇ ਅਧਿਕਾਰੀਆਂ ਨੇ ਡਾ. ਬਲਦੇਵ ਸਿੰਘ ਬਰਾੜ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰੂ ਰਾਮ ਦਾਸ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੂੰ ਸੰਪਰਕ ਵਿਚ ਲਿਆਂਦਾ ਗਿਆ, ਜਿਸ ਨੂੰ ਹਰ ਅਕਾਲੀ ਲੀਡਰ ਅਤੇ ਖਾੜਕੂ ਜਾਣਦਾ ਸੀ। ਦਰਬਾਰ ਸਾਹਿਬ ਕੰਪਲੈਕਸ ਵੱਲ ਵਧਦੇ ਹੋਏ, ਉਨ੍ਹਾਂ ਨੂੰ ਸੀ.ਆਰ.ਪੀ.ਐਫ ਦੇ ਨਾਕੇ ’ਤੇ ਰੋਕਿਆ ਗਿਆ। ਸੀ.ਆਰ.ਪੀ.ਐਫ ਦੇ ਅਧਿਕਾਰੀਆਂ ਨੇ ਉੱਥੇ ਖੜ੍ਹੇ ਟੈਂਕ ਵੱਲ ਇਸ਼ਾਰਾ ਕੀਤਾ ਜੋ ਦਰਬਾਰ ਸਾਹਿਬ ਕੰਪਲੈਕਸ ਵਿੱਚ ਅਕਾਲ ਰੈਸਟ ਹਾਊਸ ਦੇ ਨੇੜੇ ਪਾਣੀ ਦੀ ਟੈਂਕੀ ’ਤੇ ਗੋਲੀਬਾਰੀ ਕਰ ਰਿਹਾ ਸੀ, ਜਿੱਥੇ ਅੱਤਵਾਦੀਆਂ ਨੇ ਮੋਰਚਾ ਸੰਭਾਲਿਆ ਹੋਇਆ ਸੀ। ਡਿਪਟੀ ਕਮਿਸ਼ਨਰ ਅਤੇ ਉਸ ਦੀ ਟੀਮ ਸਰਕਟ ਹਾਊਸ ਪਰਤ ਆਈ। ਟੀਮ ਵਿੱਚ ਔਲਖ ਅਤੇ ਪੰਡਤ ਹਰਜੀਤ ਸਿੰਘ ਸ਼ਾਮਲ ਸਨ ਅਤੇ ਉਨ੍ਹਾਂ ਨੇ ਰਾਤ 8 ਵਜੇ ਦੁਬਾਰਾ ਡਿਵੀਜ਼ਨ ਹੈੱਡਕੁਆਰਟਰ ਵਿਖੇ ਰਿਪੋਰਟ ਕੀਤੀ ਅਤੇ ਲੈਫ਼ਟੀਨੈਂਟ ਜਨਰਲ ਦਿਆਲ ਅਤੇ ਮੇਜਰ ਜਨਰਲ ਬਰਾੜ ਨੂੰ ਜਾਣਕਾਰੀ ਦਿੱਤੀ। ਦੋਹਾਂ ਹੀ ਸੀਨੀਅਰ ਕਮਾਂਡਰਾਂ ਨੇ ਮੌਕੇ ’ਤੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਟੈਂਕ ਤਾਇਨਾਤ ਕੀਤੇ ਗਏ ਸਨ। ਇਹ ਉਹ ਅਧਿਕਾਰੀ ਸਨ, ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਟੈਂਕਾਂ ਨੂੰ ਫਾਇਰਿੰਗ ਕਰਦੇ ਵੇਖਿਆ ਸੀ। ਔਲਖ ਨੇ ਸੁਝਾਅ ਦਿੱਤਾ ਕਿ ਦਰਬਾਰ ਸਾਹਿਬ ਕੰਪਲੈਕਸ ਵਿੱਚ ਬੰਦ ਲੋਕਾਂ ਨਾਲ ਸੰਪਰਕ ਸਥਾਪਤ ਕਰਨ ਦੀ ਇੱਕ ਹੋਰ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਇਸ ਸੁਝਾਅ ਨੂੰ ਫ਼ੌਜ ਦੇ ਕਮਾਂਡਰਾਂ ਨੇ ਇਹ ਕਹਿ ਕੇ ਠੁਕਰਾ ਦਿੱਤਾ ਕਿ ਹੁਣ ਬਹੁਤ ਦੇਰ ਹੋ ਚੁੱਕੀ ਹੈ।

ਹਾਲਾਂਕਿ ਫ਼ੌਜ ਦੇ ਕਮਾਂਡਰ ਸਿੱਖ ਸਨ, ਪਰ ਉਨ੍ਹਾਂ ਨੂੰ ਖਾੜਕੂਆਂ ਦੇ ਸੰਕਲਪ ਅਤੇ ਵਚਨਬੱਧਤਾ ਦਾ ਕੋਈ ਅੰਦਾਜ਼ਾ ਨਹੀਂ ਸੀ, ਜੋ ਉਨ੍ਹਾਂ ਦੇ ਨਿਸ਼ਾਨੇ ਉਪਰ ਸਨ। ਸੰਤ ਭਿੰਡਰਾਂਵਾਲੇ ਨੂੰ ਮਹੀਨੇ ਪਹਿਲਾਂ ਹੀ ਫ਼ੌਜ ਦੀ ਕਾਰਵਾਈ ਦੀ ਅਟੱਲਤਾ ਦਾ ਅਹਿਸਾਸ ਹੋ ਗਿਆ ਸੀ, ਉਹ ਅਤੇ ਉਸ ਦੇ ਸਾਥੀ ਪੂਰੀ ਤਰ੍ਹਾਂ ਜਾਣਦੇ ਹੋਏ ਕਿ ਇਹ ਇੱਕ ਘਮਸਾਣ ਲੜਾਈ ਹੋਵੇਗੀ, ਹਰ ਹਾਲਾਤ ਦਾ ਸਾਹਮਣਾ ਕਰਨ ਲਈ ਤਿਆਰ ਸਨ। ਦਿਲਚਸਪ ਗੱਲ ਇਹ ਹੈ ਕਿ ਉਹ ਆਪਣੇ ਲੋਕਾਂ ਨੂੰ ਅਜਾਈਂ ਨਹੀਂ ਗੁਆਉਣਾ ਚਾਹੁੰਦਾ ਸੀ। ਇਹ ਫ਼ੈਸਲਾ ਕੀਤਾ ਗਿਆ ਸੀ ਕਿ 20 ਮੋਰਚਿਆਂ (ਕਿਲ੍ਹੇ ਬੰਦੀ) ਵਿੱਚ 10 ਤੋਂ ਵੱਧ ਲੋਕ ਨਹੀਂ ਤਾਇਨਾਤ ਕੀਤੇ ਜਾਣਗੇ। ਉਸ ਨੇ ਦਸੰਬਰ 1983 ਵਿੱਚ ਆਪਣੇ ਸਾਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਸੀ “ਵੱਡੇ ਪੱਧਰ ਉਪਰ ਫ਼ੌਜ ਤਾਇਨਾਤ ਹੋਵੇਗੀ। ਇੱਥੋਂ ਤੱਕ ਕਿ ਪੈਰਾਟ੍ਰੂਪਰਸ ਨੂੰ ਵੀ ਭੇਜਿਆ ਜਾ ਸਕਦਾ ਹੈ। ਅਸੀਂ ਅਜਿਹਾ ਢੁਕਵਾਂ ਜਵਾਬ ਦੇਵਾਂਗੇ ਕਿ ਹਿੰਦੁਸਤਾਨੀ ਸਾਮਰਾਜ ਇਸ ਲੜਾਈ ਨੂੰ ਕਦੇ ਨਹੀਂ ਭੁੱਲੇਗਾ।”
ਫ਼ੌਜ ਦਾ ਸਾਹਮਣਾ ਕਰਨ ਵਾਲੇ ਖਾੜਕੂਆਂ ਦੀ ਕੁੱਲ ਗਿਣਤੀ 200 ਤੋਂ ਵੱਧ ਨਹੀਂ ਸੀ। ਸਿਰਫ਼ ਦਲ ਖ਼ਾਲਸਾ ਨੇ ਹੀ ਸ਼ਹੀਦ ਹੋਏ ਖਾੜਕੂਆਂ ਅਤੇ ਉਨ੍ਹਾਂ ਨੂੰ ਲਾਜਿਸਟਿਕ ਸਹਾਇਤਾ ਦੇਣ ਵਾਲਿਆਂ ਦੀ ਸ਼ਨਾਖ਼ਤ ਕਰਕੇ ਸੂਚੀ ਤਿਆਰ ਕੀਤੀ ਹੈ।

ਇੱਕ ਪੱਧਰ ’ਤੇ, ਇਹ ਸੰਤ ਭਿੰਡਰਾਂਵਾਲੇ ਸਨ, ਜੋ ਸ਼ਾਇਦ ਪਾਕਿਸਤਾਨ ਦੀ ਸਹਾਇਤਾ ਨਾਲ ਖ਼ਾਲਿਸਤਾਨ ਦੀ ਸਿਰਜਣਾ ਦੇ ਉਦੇਸ਼ ਨਾਲ ਫ਼ੌਜ ਦੀ ਕਾਰਵਾਈ ਨੂੰ ਉਕਸਾਉਣ ਦੀ ਵਿਉਂਤ ਵਿੱਚ ਮੁੱਖ ਭੂਮਿਕਾ ਨਿਭਾ ਰਹੇ ਸਨ ਅਤੇ ਇਸ ਯੋਜਨਾ ਨੂੰ ਢਿਲਵਾਂ ਨੇੜੇ ਛੇ ਹਿੰਦੂਆਂ ਦੇ ਮਿੱਥ ਕੇ ਕੀਤੇ ਕਤਲ ਨਾਲ ਸ਼ੁਰੂ ਕੀਤਾ ਗਿਆ ਸੀ। ਕੀ ਇੰਦਰਾ ਗਾਂਧੀ ਉਸ ਦੇ ਜਾਲ ਵਿੱਚ ਫਸ ਗਈ ਸੀ? ਇਹ ਸਵਾਲ ਡੂੰਘੀ ਜਾਂਚ ਅਤੇ ਖੋਜ ਦੀ ਮੰਗ ਕਰਦਾ ਹੈ। ਸੰਤਾਂ ਨੇ ਕਈ ਸਾਲ ਪਹਿਲਾਂ 1979 ਵਿਚ ਪੰਥ ਲਈ ਹਰ ਕੁਰਬਾਨੀ ਦੇਣ ਦਾ ਤਹੱਈਆ ਕੀਤਾ ਸੀ