ਮੋਟਰਸਾਇਕਲ ਸਮੇਤ ਡਰੇਨ ਨਾਲੇ ‘ਚ ਡਿੱਗੇ ਦੋ ਨੌਜਵਾਨ- ਇੱਕ ਦੀ ਮੌਤ
ਮ੍ਰਿਤਕ ਨੌਜਵਾਨ ਦੀ ਲਾਸ਼ 18 ਘੰਟਿਆਂ ਬਾਅਦ ਭਾਰੀ ਜੱਦੋ-ਜ਼ਹਿਦ ਉਪਰੰਤ ਸੀਵਰੇਜ਼ ਡਿਸਪੋਜ਼ਲ ਦੇ ਪਾਇਪ ‘ਚੋਂ ਲੱਭੀ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 30 ਜਨਵਰੀ 2023,ਲੰਘੀ ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਸਥਾਨਕ ਆਦਮਪਾਲ ਰੋਡ ‘ਤੇ ਸਥਿਤ ਤਾਰਾ ਕਾਨਵੈਂਟ ਸਕੂਲ ਦੇ ਪਿੱਛੇ ਲੰਘਦੇ ਗੰਦੇ ਪਾਣੀ ਦੇ ਡਰੇਨ ਨਾਲੇ ‘ਚ ਮੋਟਰਸਾਇਕਲ ਸਮੇਤ ਡਿੱਗੇ ਦੋ ਨੌਜਵਾਨਾਂ ‘ਚੋਂ ਇੱਕ ਨੌਜਵਾਨ ਜਤਿੰਦਰ ਸਿੰਘ ਨੂੰ ਜਿਥੇ ਨੇੜੇ ਹੀ ਸਥਿਤ ਸੀਵਰੇਜ਼ ਡਿਸਪੋਜ਼ਲ ਵਿਖੇ ਤਾਇਨਾਤ ਮੁਲਾਜ਼ਮਾਂ ਨੇ ਮੋਟਰਸਾਇਕਲ ਸਮੇਤ ਦੇਰ ਸ਼ਾਮ ਬਾਹਰ ਕੱਢ ਲਿਆ ਸੀ ਉਥੇ ਦੂਜੇ ਕਰੀਬ 27 ਸਾਲਾ ਨੌਜਵਾਨ ਮੁਹੰਮਦ ਸ਼ਮੀਮ ਪੁੱਤਰ ਮੁਹੰਮਦ ਸਲੀਮ ਵਾਸੀ ਬਾਲੂਕੀ ਬਸਤੀ ਅੰਦਰੂਨ ਕੇਲੋਂ ਗੇਟ ਦੀ ਮੌਤ ਹੋ ਗਈ ਹੈ।ਜਿਸਦੀ ਲਾਸ਼ ਨੂੰ 18 ਘੰਟਿਆਂ ਬਾਅਦ ਅੱਜ ਦੁਪਹਿਰੇ 12 ਵਜੇ ਦੇ ਕਰੀਬ ਭਾਰੀ ਜੱਦੋ-ਜਹਿਦ ਉਪਰੰਤ ਸੀਵਰੇਜ਼ ਡਿਸਪੋਜ਼ਲ ਦੇ ਪਾਇਪ ‘ਚੋਂ ਬਾਹਰ ਕੱਢਿਆ ਗਿਆ।
ਮੌਕੇ ‘ਤੇ ਮੌਜੂਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਥਾਨਕ ਸ਼ਾਸਤਰੀ ਨਗਰ ਦਾ ਵਸਨੀਕ ਨੌਜਵਾਨ ਜਤਿੰਦਰ ਸਿੰਘ ਪੁੱਤਰ ਰਾਮ ਅਵਤਾਰ ਲੰਘੀ ਸ਼ਾਮ ਪੰਜ ਵਜੇ ਦੇ ਕਰੀਬ ਸਥਾਨਕ ਲੋਹਾ ਬਜ਼ਾਰ ਵਿਖੇ ਲਗਦੀ ਸੰਡੇ ਮਾਰਕੀਟ ‘ਚੋਂ ਉਨ੍ਹਾਂ ਦੇ ਮ੍ਰਿਤਕ ਲੜਕੇ ਸ਼ਮੀਮ ਨੂੰ ਕਿਸੇ ਕੰਮ ਜਾਣ ਲਈ ਕਹਿ ਕੇ ਆਪਣੇ ਨਾਲ ਮੋਟਰਸਾਇਕਲ ‘ਤੇ ਲੈ ਕੇ ਆਇਆ ਸੀ।ਸ਼ਾਮ ਸਾਢੇ ਪੰਜ ਵਜੇ ਦੇ ਕਰੀਬ ਤਾਰਾ ਕਨਵੈਟ ਸਕੂਲ ਦੇ ਪਿੱਛੇ ਆਦਮਪਾਲ ਰੋਡ ਵਾਲੇ ਰੋਡੇ ਡਰੇਨ ਪੁਲ ‘ਤੇ ਮੋਟਰਸਾਇਕਲ ਚਾਲਕ ਜਤਿੰਦਰ ਸਿੰਘ ਦੀ ਕਥਿਤ ਗਲਤੀ ਕਾਰਨ ਵਾਪਰੇ ਸੜਕ ਹਾਦਸੇ ਦੌਰਾਨ ਉਹ ਦੋਵੇਂ ਮੋਟਰਸਾਇਕਲ ਸਮੇਤ ਡਰੇਨ ਗੰਦੇ ਨਾਲੇ ਦੇ ਮੇਨ ਹੋਲ ‘ਚ ਜਾ ਡਿੱਗੇ ਸਨ।ਉਸ ਸਮੇਂ ਨੇੜੇ ਹੀ ਸਥਿਤ ਸੀਵਰੇਜ਼ ਡਿਸਪੋਜ਼ਲ ਦੇ ਮੁਲਾਜ਼ਮਾਂ ਨੇ ਜਤਿੰਦਰ ਸਿੰਘ ਨੂੰ ਤਾਂ ਮੋਟਰਸਾਇਕਲ ਸਮੇਤ ਬਾਹਰ ਕੱਢ ਲਿਆ ਸੀ, ਜਦਕਿ ਮ੍ਰਿਤਕ ਮੁਹੰਮਦ ਸ਼ਮੀਮ ਨਾਲੇ ਦੇ ਮੇਨ ਹੋਲ ਪਾਇਪ ‘ਚ ਹੀ ਫਸ ਗਿਆ ਸੀ, ਜਿਸ ਸਬੰਧੀ ਪਤਾ ਹੋਣ ਦੇ ਬਾਵਜੂਦ ਜਤਿੰਦਰ ਸਿੰਘ ਨੇ ਕਿਸੇ ਨੂੰ ਵੀ ਕਥਿਤ ਨਹੀਂ ਦੱਸਿਆ ਅਤੇ ਚੁੱਪ-ਚਾਪ ਆਪਣੇ ਘਰ ਆ ਗਿਆ ਸੀ।ਦੇਰ ਰਾਤ ਤੱਕ ਮ੍ਰਿਤਕ ਸ਼ਮੀਮ ਦੇ ਘਰ ਵਾਪਸ ਨਾ ਆਉਣ ‘ਤੇ ਪਰਿਵਾਰਕ ਮੈਂਬਰ ਉਸਨੂੰ ਲੱਭਦੇ ਹੋਏ ਜਦੋਂ ਜਤਿੰਦਰ ਸਿੰਘ ਕੋਲ ਪੁੱਜੇ ਤਾਂ ਉਸਨੇ ਵਾਰਸਾਂ ਨੂੰ ਕੁਝ ਵੀ ਨਹੀਂ ਦੱਸਿਆ।ਪਰਿਵਾਰਕ ਮੈਂਬਰਾਂ ਨੇ ਸ਼ੱਕ ਪੈਣ ‘ਤੇ ਜਦੋਂ ਪੁਲਸ ਦੀ ਮਦਦ ਨਾਲ ਜਤਿੰਦਰ ਸਿੰਘ ਤੋਂ ਸਖਤੀ ਨਾਲ ਪੁੱਛ-ਗਿੱਛ ਕੀਤੀ ਤਾਂ ਉਸਨੇ ਮੰਨਿਆ ਕਿ ਸ਼ਮੀਮ ਡਰੇਨ ਨਾਲੇ ‘ਚ ਡਿੱਗ ਗਿਆ ਹੈ।ਪਰਿਵਾਰਕ ਮੈਂਬਰ ਤੁਰੰਤ ਉਸਨੂੰ ਨਾਲ ਲੈ ਕੇ ਉਕਤ ਘਟਨਾਂ ਸਥਾਨ ‘ਤੇ ਪੁੱਜੇ, ਜਿਥੇ ਉਨ੍ਹਾਂ ਨੇ ਤਾਰਾ ਸਕੂਲ ਦੇ ਲੱਗੇ ਹੋਏ ਸੀ.ਸੀ.ਟੀ.ਵੀ. ਕੈਮਰੇ ਦੀ ਜਦੋਂ ਫੂਟੇਜ਼ ਨੂੰ ਖੰਗਾਲਿਆ ਤਾਂ ਜਤਿੰਦਰ ਸਿੰਘ ਅਤੇ ਮ੍ਰਿਤਕ ਮੁਹੰਮਦ ਸ਼ਮੀਮ ਮੋਟਰਸਾਇਕਲ ਸਮੇਤ ਡਰੇਨ ਨਾਲੇ ਦੇ ਮੇਨ ਹੋਲ ‘ਚ ਡਿੱਗਦੇ ਸਾਫ ਦਿਖਾਈ ਦਿੱਤੇ।ਪ੍ਰਸ਼ਾਸਨ ਨੂੰ ਸੂਚਿਤ ਕਰਨ ਉਪਰੰਤ ਪਰਿਵਾਰਕ ਮੈਂਬਰ ਆਪਣੇ ਪੱਧਰ ‘ਤੇ ਸ਼ਮੀਮ ਨੂੰ ਡਰੇਨ ਨਾਲੇ ਦੇ ਗੰਦੇ ਪਾਣੀ ‘ਚੋਂ ਲੱਭਣ ਲਈ ਜੁਟ ਗਏ, ਕਾਫੀ ਸਮੇਂ ਬਾਅਦ ਪੁੱਜੇ ਨਗਰ ਕੌਂਸਲ ਅਤੇ ਪ੍ਰਸ਼ਾਸਨਿਕ ਅਮਲੇ ਨੇ ਵੀ ਆਪਣੇ ਪੱਧਰ ‘ਤੇ ਸ਼ਮੀਮ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ।ਇਸੇ ਜੱਦੋ-ਜਹਿਦ ਦੌਰਾਨ ਨੋਸ਼ਹਿਰਾ ਪਿੰਡ ਵਾਸੀ ਰਾਜ ਮਿਸਤਰੀ ਰਾਹੁਲ ਸਮੇਤ ਹੋਰ ਲੋਕਾਂ ਨੇ ਬੜੀ ਮੁਸ਼ੱਕਤ ਨਾਲ ਸੀਵਰੇਜ਼ ਡਿਸਪੋਜ਼ਲ ਦੇ ਪਾਇਪ ‘ਚੋਂ ਮੁਹੰਮਦ ਸ਼ਮੀਮ ਦੀ ਲਾਸ਼ ਨੂੰ ਬੂਰੀ ਹਾਲਤ ‘ਚ ਬਾਹਰ ਕੱਢਿਆ।ਜਿਸ ਤੋਂ ਬਾਅਦ ਪੁਲਸ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈਣ ਉਪਰੰਤ ਪੋਸਟ ਮਾਰਟਮ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਅਤੇ ਮਾਮਲਾ ਦਰਜ ਕਰਕੇ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ।
ਓਧਰ ਮੌਕੇ ‘ਤੇ ਮੌਜੂਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਭਰੇ ਮਨ ਨਾਲ ਰੋਂਦੇ-ਵਿਲਕਦਿਆਂ ਸਥਾਨਕ ਪ੍ਰਸ਼ਾਸਨਿਕ ਅਮਲੇ ਦੇ ਰਵਈਏ ‘ਤੇ ਰੋਸ ਜਤਾਉਂਦੇ ਹੋਏ ਕਥਿਤ ਦੋਸ਼ ਲਗਾਇਆ ਕਿ ਉਹ ਗਰੀਬ ਹੋਣ ਕਾਰਨ ਪ੍ਰਸ਼ਾਸਨਿਕ ਅਮਲੇ ਵੱਲੋਂ ਉਨ੍ਹਾਂ ਦੇ ਬੱਚੇ ਦੀ ਲਾਸ਼ ਨੂੰ ਲੱਭਣ ਲਈ ਕੋਈ ਖਾਸ ਕਥਿਤ ਦਿਲਚਸਪੀ ਨਹੀਂ ਦਿਖਾਈ ।ਜਿਸ ਕਾਰਨ ਅਸੀਂ ਖੁਦ ਹੀ ਸਵੇਰੇ 7 ਵਜੇ ਦੇ ਨਾਲੇ ‘ਚੋਂ ਆਪਣੇ ਲੜਕੇ ਨੂੰ ਲੱਭਣ ‘ਚ ਲੱਗੇ ਹੋਏ ਹਾਂ।ਉਨ੍ਹਾਂ ਦੱਸਿਆ ਕਿ ਘਟਨਾਂ ਦਾ ਪਤਾ ਲੱਗਣ ‘ਤੇ ਅਸੀਂ ਸਵੱਖਤੇ ਹੀ ਵੱਖ-ਵੱਖ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਘਟਨਾਂ ਬਾਰੇ ਸੂਚਿਤ ਕਰ ਦਿੱਤਾ ਸੀ ਪਰੰਤੂ ਕੋਈ ਵੀ ਵੱਡਾ ਜਿੰਮੇਵਾਰ ਅਧਿਕਾਰੀ ਹਾਲੇ ਤੱਕ ਮੌਕੇ ‘ਤੇ ਨਹੀਂ ਪੁੱਜਾ।