ਨਸ਼ੀਲੀਆਂ ਗੋਲੀਆਂ ਸਮੇਤ 2 ਸਕੇ ਭਰਾ ਕਾਬੂ, ਮਾਮਲਾ ਦਰਜ
ਰਾਜਿੰਦਰ ਕੁਮਾਰ
ਕਪੂਰਥਲਾ, 31 ਜਨਵਰੀ 2023 -ਸੁਭਾਨਪੁਰ ਪੁਲਿਸ ਵਲੋਂ ਬਾਮੂਵਾਲ ਪੁਲੀ ਨੇੜੇ ਦੋ ਭਰਾਵਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਉਸ ਕੋਲੋਂ 220 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇਸ ਦਰਜ ਕਰ ਲਿਆ ਹੈ।
ਇਸ ਸਬੰਧੀ ਐਸਆਈ ਗੁਰਜਸਵੰਤ ਸਿੰਘ ਪੁਲੀਸ ਟੀਮ ਸਮੇਤ ਬਾਮੂਵਾਲ ਪੁਲੀ ਨੇੜੇ ਮੌਜੂਦ ਸਨ।ਪਿੰਡ ਬਾਮੂਵਾਲ ਵਾਲੇ ਪਾਸਿਓਂ ਦੋ ਨੌਜਵਾਨ ਪੈਦਲ ਆਉਂਦੇ ਦੇਖੇ ਗਏ, ਤਾਂ ਉਹ ਪੁਲਿਸ ਪਾਰਟੀ ਨੂੰ ਦੇਖ ਘਬਰਾ ਗਏ, ਅਤੇ ਦੋਵਾਂ ਨੌਜਵਾਨਾਂ ਨੇ ਆਪਣੀ ਜੇਬ 'ਚੋਂ ਲਿਫਾਫਾ ਕੱਢ ਕੇ ਸੜਕ 'ਤੇ ਸੁੱਟ ਦਿੱਤਾ। ਪੁਲਿਸ ਨੇ ਪਿੱਛਾ ਕਰਕੇ ਦੋਵਾਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਤਾਂ ਇਸ ਦੌਰਾਨ ਇਕ ਨੇ ਆਪਣਾ ਨਾਂ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਦੂਜੇ ਨੇ ਗੁਰਦਿਆਲ ਸਿੰਘ ਉਰਫ ਘੁੱਗਾ ਦੋਵੇਂ ਵਾਸੀ ਪਿੰਡ ਬਾਮੂਵਾਲ ਦੱਸਿਆ ਜੋ ਦੋਵੇਂ ਭਰਾ ਹਨ। ਪੁਲਿਸ ਨੇ ਜਦੋਂ ਸੁਟੇ ਲਿਫ਼ਾਫ਼ਿਆਂ ਦੀ ਜਾਂਚ ਕੀਤੀ ਤਾਂ ਗੁਰਪ੍ਰੀਤ ਸਿੰਘ ਦੇ ਲਿਫ਼ਾਫ਼ੇ ਵਿੱਚੋਂ 125 ਅਤੇ ਗੁਰਦਿਆਲ ਸਿੰਘ ਕੋਲੋਂ 95 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਿਸ ਨੇ ਦੋਵਾਂ ਖ਼ਿਲਾਫ਼ ਐਨ ਡੀ ਪੀ ਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।