ਪੀ.ਏ.ਯੂ. ਦੇ ਫਸਲ ਵਿਗਿਆਨੀ ਡਾ. ਸੋਹਨ ਸਿੰਘ ਵਾਲੀਆ ਜੈਵਿਕ ਖੇਤੀ ਸਕੂਲ ਦੇ ਨਿਰਦੇਸ਼ਕ ਬਣੇ
ਲੁਧਿਆਣਾ 31 ਜਨਵਰੀ 2023- ਪੀ.ਏ.ਯੂ. ਦੇ ਪ੍ਰਸਿੱਧ ਜੈਵਿਕ ਖੇਤੀ ਮਾਹਿਰ ਡਾ. ਸੋਹਨ ਸਿੰਘ ਵਾਲੀਆ ਨੂੰ ਬੀਤੇ ਦਿਨੀਂ ਯੂਨੀਵਰਸਿਟੀ ਵਿੱਚ ਸਥਾਪਿਤ ਜੈਵਿਕ ਖੇਤੀ ਸਕੂਲ ਦਾ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ| ਡਾ. ਵਾਲੀਆ ਨੇ ਆਪਣੀ ਐਮ.ਐਸ.ਸੀ. ਅਤੇ ਪੀ.ਐਚ.ਡੀ. ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਤੋਂ ਖੇਤੀ ਵਿਗਿਆਨ ਵਿਸ਼ੇ ਵਿੱਚ ਪ੍ਰਾਪਤੀ ਕੀਤੀ | 1995 ਵਿੱਚ ਪੀ.ਏ.ਯੂ. ਵਿੱਚ ਫਸਲ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਵਜੋਂ ਸਾਮਲ ਹੋਏ, 2010 ਵਿੱਚ ਪ੍ਰਿੰਸੀਪਲ ਐਗਰੋਨੋਮਿਸਟ ਦੇ ਅਹੁਦੇ ਤੱਕ ਪਹੁੰਚੇ | ਉਹਨਾਂ ਨੇ ਜੈਵਿਕ ਖੇਤੀ ਦੇ ਖੇਤਰ ਵਿੱਚ ਆਲ ਇੰਡੀਆ ਕੋਆਰਡੀਨੇਟਿਡ ਖੋਜ ਪ੍ਰੋਜੈਕਟ ਤੇ ਕੰਮ ਕੀਤਾ ਜੋ ਸੰਯੁਕਤ ਖੇਤੀ ਪ੍ਰਣਾਲੀ ਅਤੇ ਜੈਵਿਕ ਇਕਾਈਆਂ ਬਾਰੇ ਸੀ |
ਡਾ. ਵਾਲੀਆ ਨੂੰ 560 ਤੋਂ ਵੱਧ ਖੋਜ ਅਤੇ ਪਸਾਰ ਪ੍ਰਕਾਸ਼ਨਾਵਾਂ, ਨੌਂ ਕਿਤਾਬਾਂ, ਦਸ ਅਧਿਆਪਨ ਮੈਨੂਅਲ, ਸੱਤ ਪਸਾਰ ਕਿਤਾਬਚੇ ਅਤੇ 25 ਪੁਸਤਕ ਅਧਿਆਵਾਂ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ | ਉਹਨਾਂ ਨੇ 27 ਖੋਜ ਪ੍ਰੋਜੈਕਟਾਂ ਦੀ ਨਿਗਰਾਨੀ ਕੀਤੀ | ਵਰਤਮਾਨ ਵਿੱਚ ਵੀ ਉਹ ਪੰਜ ਖੋਜ ਪ੍ਰੋਜੈਕਟਾਂ ਦੇ ਨਿਗਰਾਨ ਹਨ | ਉਹਨਾਂ ਦੀਆਂ ਲੱਭਤਾਂ ਨੂੰ ਹਾੜ੍ਹੀ-ਸਾਉਣੀ ਦੀ ਫਸਲਾਂ ਦੀ ਕਿਤਾਬ ਵਿੱਚ ਸ਼ਾਮਿਲ ਕੀਤਾ ਗਿਆ | ਪੰਜਾਬ ਦੇ ਕਿਸਾਨਾਂ ਦੁਆਰਾ ਵੱਡੇ ਪੱਧਰ ’ਤੇ ਅਪਣਾਉਣ ਲਈ ਅਭਿਆਸਾਂ ਦੇ ਪੈਕੇਜ ਵਿੱਚ 82 ਸਿਫਾਰਸਾਂ ਸਾਮਲ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਖਾਸ ਤੌਰ ’ਤੇ ਵਾਤਾਵਰਨ ਪੱਖੀ ਫਸਲੀ ਪ੍ਰਣਾਲੀਆਂ, 9 ਜੈਵਿਕ ਖੇਤੀ ਅਧਾਰਤ ਫਸਲੀ ਪ੍ਰਣਾਲੀਆਂ, ਸਿੱਧੀ ਬਿਜਾਈ ਵਾਲੇ ਝੋਨੇ ਦੀ ਕਾਸਤ ਪ੍ਰਮੁੱਖ ਹਨ|
ਇਸ ਤੋਂ ਇਲਾਵਾ ਉਹ ਗੰਨਾ, ਹਲਦੀ, ਆਲੂ, ਪਿਆਜ਼, ਮੱਕੀ, ਕਣਕ ਦੀਆਂ ਫਸਲਾਂ ਵਿੱਚ ਕੰਸੋਰਸ਼ੀਅਮ ਦੀ ਵਰਤੋਂ ਸੰਬੰਧੀ ਤਕਨੀਕਾਂ ਵਿੱਚ ਸ਼ਾਮਲ ਸਨ | ਉਹਨਾਂ ਨੇ ਡੇਅਰੀ, ਮੱਛੀ ਪਾਲਣ, ਬਾਗਬਾਨੀ, ਸਬਜੀਆਂ, ਵਣ ਖੇਤੀ, ਵਰਮੀ-ਕੰਪੋਸਟਿੰਗ ਸਮੇਤ ਏਕੀਕ੍ਰਿਤ ਖੇਤੀ ਪ੍ਰਣਾਲੀ ਖੋਜ ਮਾਡਲ ਵਿਕਸਿਤ ਕੀਤਾ ਹੈ| ਉਹ 103 ਕੋਰਸਾਂ ਦੇ ਅਧਿਆਪਨ ਵਿੱਚ ਸਾਮਲ ਰਹੇ| ਉਹਨਾਂ ਨੇ ਛੇ ਪੀ.ਐਚ.ਡੀ. ਅਤੇ ਬਾਰਾਂ ਐਮ.ਐਸ.ਸੀ. ਵਿਦਿਆਰਥੀਆਂ ਦੀ ਅਗਵਾਈ ਕੀਤੀ | ਡਾ. ਵਾਲੀਆ ਨੇ 29 ਖੇਤ ਦਿਵਸ ਦਾ ਆਯੋਜਨ ਕੀਤਾ, 535 ਸਿਖਲਾਈ ਭਾਸ਼ਣ ਅਤੇ 63 ਰੇਡੀਓ/ਟੀਵੀ ਭਾਸਣ ਦਿੱਤੇ ਅਤੇ 138 ਪਸਾਰ ਲੇਖ, ਨੌ ਪਸਾਰ ਬੁਲੇਟਿਨ ਅਤੇ ਚਾਰ ਕਿਤਾਬਚੀ ਪ੍ਰਕਾਸ਼ਿਤ ਕੀਤੇ, 15 ਅਡੈਪਟਿਵ ਰਿਸਰਚ ਟਰਾਇਲ ਕਰਵਾਏ | ਉਹ 62 ਸਿਖਲਾਈ ਪ੍ਰੋਗਰਾਮਾਂ ਦੇ ਤਕਨੀਕੀ ਕੋਆਰਡੀਨੇਟਰ ਸਨ | ਨਾਲ ਹੀ ਉਹਨਾਂ 3154 ਫੀਲਡ ਪ੍ਰਦਰਸਨ ਕੀਤੇ| ਉਹਨਾਂ ਨੇ ਦਸ ਅੰਤਰਰਾਸ਼ਟਰੀ ਅਤੇ 83 ਰਾਸਟਰੀ ਕਾਨਫਰੰਸਾਂ/ਸੈਮੀਨਾਰ/ਵਰਕਸ਼ਾਪਾਂ ਵਿੱਚ ਭਾਗ ਲਿਆ ਹੈ|
ਉਹਨਾਂ ਨੇ ਇੰਡੀਅਨ ਇੰਸਟੀਚਿਊਟ ਆਫ ਫਾਰਮਿੰਗ ਸਿਸਟਮ ਰਿਸਰਚ, ਮੋਦੀਪੁਰਮ, ਮੇਰਠ ਤੋਂ ਆਨ-ਫਾਰਮ ਖੋਜ ਲਈ ਏਕੀਕ੍ਰਿਤ ਖੇਤੀ ਪ੍ਰਣਾਲੀਆਂ ’ਤੇ ਆਲ ਇੰਡੀਆ ਕੋਆਰਡੀਨੇਟਿਡ ਖੋਜ ਪ੍ਰੋਜੈਕਟ ਲਈ ਸਰਵੋਤਮ ਕੇਂਦਰ ਪੁਰਸਕਾਰ ਪ੍ਰਾਪਤ ਕੀਤਾ| ਇਸ ਤੋਂ ਇਲਾਵਾ ਉਹਨਾਂ ਨੂੰ ਡਾ. ਐਮ ਐਸ ਰੰਧਾਵਾ ਸਰਵੋਤਮ ਪੁਸਤਕ ਪੁਰਸਕਾਰ (2017); ਫੈਲੋ, ਇੰਡੀਅਨ ਈਕੋਲੋਜੀਕਲ ਸੋਸਾਇਟੀ (2016); ਇੰਟਰਨੈਸਨਲ ਕਾਨਫਰੰਸ (2013) ਵਿੱਚ ਖੇਤੀਬਾੜੀ ਵਿੱਚ ਹਾਲੀਆ ਵਿਕਾਸ ਸੁਸਾਇਟੀ ਤੋਂ ਗੋਲਡ ਮੈਡਲ; ਪੰਜਾਬ ਲਈ ਚੌਲਾਂ-ਕਣਕ ਲਈ ਬਦਲਵੀਆਂ ਫਸਲੀ ਪ੍ਰਣਾਲੀਆਂ ਸਿਰਲੇਖ ਵਾਲੇ ਪੇਪਰ ਲਈ ਇੰਡੀਅਨ ਸੋਸਾਇਟੀ ਆਫ ਐਗਰੋਨੋਮੀ (2011) ਤੋਂ ਨਕਦ ਇਨਾਮ ਦੇ ਨਾਲ ਬੈਸਟ ਪੇਪਰ ਅਵਾਰਡ; ਇੰਡੀਅਨ ਸੋਸਾਇਟੀ ਆਫ ਐਗਰੋਨੋਮੀ ਦੁਆਰਾ (2005); ਫੈਲੋ, ਸੋਸਾਇਟੀ ਆਫ ਐਨਵਾਇਰਨਮੈਂਟਲ ਸਾਇੰਸਿਜ (2004) ਡਾ.ਗੁਰਬਖਸ ਸਿੰਘ ਗਿੱਲ ਗੋਲਡ ਮੈਡਲ, ਐਮ.ਐਸ.ਸੀ. (ਐਗਰੋਨੋਮੀ) ਲਈ ਮੈਰਿਟ ਸਰਟੀਫਿਕੇਟ ਪ੍ਰਾਪਤ ਹੋਏ | ਡਾ. ਵਾਲੀਆ ਨੇ ਸਕੂਲ ਆਫ ਐਗਰੀਕਲਚਰ, ਫੂਡ ਐਂਡ ਵਾਈਨ, ਯੂਨੀਵਰਸਿਟੀ ਆਫ ਐਡੀਲੇਡ, ਸਾਊਥ ਆਸਟ੍ਰੇਲੀਆ ਤੋਂ ਚੌਲ ਉਤਪਾਦਨ ਪ੍ਰਣਾਲੀਆਂ ਦੀ ਅਗਾਊਂ ਸਿਖਲਾਈ ਹਾਸਲ ਕੀਤੀ ਹੈ|