ਅਮਰੀਕਾ: ਸਨਵਾਕੀਨ ਗੁਰੂਘਰ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਹੋਏ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ, ਕੈਲੇਫੋਰਨੀਆ, 1 ਫਰਵਰੀ 2023 - ਕੈਲੋਫੋਰਨੀਆ ਦੇ ਸੈਂਟਰਲ ਵੈਲੀ ਦੇ ਸ਼ਹਿਰ ਸਨਵਾਕੀਨ ਦੇ ਸਭ ਤੋਂ ਪੁਰਾਤਨ ਗੁਰੂਘਰ “ਗੁਰੂ ਨਾਨਕ ਸਿੱਖ ਟੈਂਪਲ ਸਨਵਾਕੀਨ” ਵਿਖੇ ਸਿੱਖ ਕੌਮ ਦੇ ਮਹਾਨ ਸ਼ਹੀਦ, ਨਿਧੜਕ ਜਰਨੈਲ, ਸੂਰਬੀਰ ਯੋਧੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ ਗਏ। ਜਿਸ ਦੌਰਾਨ ਸੰਤ ਸਿਪਾਹੀ ਬਾਬਾ ਦੀਪ ਸਿੰਘ ਜੀ ਨੇ ਜ਼ੁਲਮ, ਬੁਰਿਆਈ ਦੇ ਖਿਲਾਫ਼ ਅਤੇ ਧਰਮ ਦੀ ਖਾਤਿਰ ਦਿੱਤੀ ਸ਼ਹਾਦਤ ਨੂੰ ਯਾਦ ਕੀਤਾ ਗਿਆ।
ਇਸ ਸਮੇਂ ਗੁਰੂਘਰ ਵਿੱਚ ਪਾਠਾ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ। ਜਿਸ ਵਿੱਚ ਗੁਰੂਘਰ ਦੇ ਮੁੱਖ ਗ੍ਰੰਥੀ ਭਾਈ ਕੁਲਵੰਤ ਸਿੰਘ ਧਾਲੀਵਾਲ ਨੇ ਕਥਾ ਕਰਦੇ ਹੋਏ ਸੰਗਤਾਂ ਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਲਾਸਾਨੀ ਕੁਰਬਾਨੀ ਬਾਰੇ ਇਤਿਹਾਸ ਬਾਰੇ ਜਾਣੂ ਕਰਵਾਇਆ। ਇਸ ਉਪਰੰਤ ਗੁਰੂਘਰ ਦੇ ਹਜ਼ੂਰੀ ਰਾਗੀ ਭਾਈ ਜੌਗਿੰਦਰ ਸਿੰਘ ਜੋਗੀ ਅਤੇ ਸਾਥੀਆਂ ਨੇ ਸੰਗਤਾਂ ਨੂੰ ਨਿਰੋਲ ਸ਼ਬਦ ਗੁਰਬਾਣੀ ਨਾਲ ਨਿਹਾਲ ਕੀਤਾ। ਇਸੇ ਤਰਾਂ ਭਾਈ ਕੁਲਵੰਤ ਸਿੰਘ ਖਹਿਰਾ, ਭਾਈ ਅਮਰਜੀਤ ਅਤੇ ਭਾਈ ਸਿਮਰਨਜੀਤ ਸਿੰਘ ਨੇ ਵੀ ਆਪਣੀਆਂ ਗੁਰਬਾਣੀ ਅਤੇ ਗੁਰ ਇਤਿਹਾਸ ਦੇ ਚਲ ਰਹੇ ਪ੍ਰਵਾਹ ਵਿੱਚ ਹਾਜ਼ਰੀਆਂ ਭਰਦੇ ਹੋਏ ਸੇਵਾਵਾ ਨਿਭਾਈਆਂ। ਗੁਰੂਘਰ ਦੀ ਪ੍ਰਬੰਧਕੀ ਕਮੇਟੀ ਵੱਲੋਂ ਸੰਗਤਾਂ ਦਾ ਸੇਵਾਵਾ ਲਈ ਧੰਨਵਾਦ ਕੀਤਾ ਗਿਆ। ਸਮੁੱਚੇ ਪ੍ਰੋਗਰਾਮਾ ਦੌਰਾਨ ਗੁਰੂ ਦੇ ਲੰਗਰ ਅਤੁੱਟ ਵਰਤੇ। ਅੰਤ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹੋਏ ਸਮਾਗਮ ਸਮਾਪਤ ਹੋਏ।