ਜਰਨੈਲ ਸਿੰਘ ਜਹਾਂਗੀਰ ਵੱਲੋਂ ਨਹਿਰੀ ਪਾਣੀ ਪ੍ਰਾਪਤੀ ਲਈ ਪੈਦਲ ਮਾਰਚ ਦੀ ਅਰਦਾਸ ਨਾਲ ਸਮਾਪਤੀ
- ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਧੂਰੀ ਦੇ ਕਿਸੇ ਪਿੰਡ ਵਿੱਚ ਮਹਾਪੰਚਾਇਤ ਕਰਨ ਦਾ ਸੱਦਾ
- ਮਹਾਂਪਿੰਚਾਇਤ 'ਚ ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਆਗੂ ਸ਼ਾਮਲ ਹੋਣਗੇ
ਦਲਜੀਤ ਕੌਰ
ਮਾਲੇਰਕੋਟਲਾ, 1 ਫਰਵਰੀ, 2023: ਨਹਿਰੀ ਪਾਣੀ ਤੋਂ ਵਾਂਝੇ ਪਿੰਡਾਂ ਲਈ ਪਾਣੀ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੀ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਵੱਲੋਂ 15 ਜਨਵਰੀ ਤੋਂ ਸ਼ੁਰੂ ਕੀਤੇ ਪੈਦਲ ਮਾਰਚ ਦੀ ਸਮਾਪਤੀ ਤੇ ਅੱਜ ਪਿੰਡ ਹਥਨ ਵਿਖੇ ਅਰਦਾਸ ਸਮਾਗਮ ਕੀਤਾ ਗਿਆ। ਇਸ ਮੌਕੇ ਹੋਏ ਇਕੱਠ ਵਿੱਚ ਅਗਲੇ ਪ੍ਰੋਗਰਾਮ ਦਾ ਐਲਾਨ ਕਰਦਿਆਂ ਜਰਨੈਲ ਸਿੰਘ ਜਹਾਂਗੀਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਧੂਰੀ ਦੇ ਕਿਸੇ ਪਿੰਡ ਵਿੱਚ ਮਹਾਪੰਚਾਇਤ ਕਰਨ ਦਾ ਸੱਦਾ ਦਿੱਤਾ ਜਿਸ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਆਗੂਆਂ ਨੂੰ ਬੁਲਾਇਆ ਜਾਵੇਗਾ।
ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਦੇ ਸਿਰਫ਼ 27 ਫੀਸਦੀ ਹਿੱਸੇ ਨੂੰ ਨਹਿਰੀ ਪਾਣੀ ਲਗਦਾ ਹੈ ਬਾਕੀ ਸਾਰੇ ਰਕਬੇ ਤੇ ਧਰਤੀ ਹੇਠੋਂ ਪਾਣੀ ਕੱਢ ਕੇ ਖੇਤੀ ਕੀਤੀ ਜਾਂਦੀ ਹੈ, ਜਿਸ ਕਾਰਨ ਪੰਜਾਬ ਦਾ ਧਰਤੀ ਹੇਠਲਾ ਪਾਣੀ ਖ਼ਤਮ ਹੋਣ ਕੰਢੇ ਪਹੁੰਚ ਗਿਆ ਹੈ ਆਉਣ ਵਾਲੇ ਕੁਝ ਸਾਲਾਂ ਤੱਕ ਪੰਜਾਬ ਜ਼ਹਿਰੀਲਾ ਰੇਗਿਸਤਾਨ ਬਣ ਜਾਵੇਗਾ। ਇਸ ਸਥਿਤੀ ਤੋਂ ਬਚਣ ਲਈ ਜ਼ਰੂਰੀ ਹੈ ਕਿ ਪੰਜਾਬ ਦੇ ਹਿੱਸੇ ਦਾ ਸਾਰਾ ਦਰਿਆਈ ਪਾਣੀ ਰਿਪੇਰੀਅਨ ਸਿਧਾਂਤ ਅਨੁਸਾਰ ਪੰਜਾਬ ਨੂੰ ਦਿੱਤਾ ਜਾਵੇ। ਰਿਪੇਰੀਅਨ ਸਿਧਾਂਤ ਨੂੰ ਛਿੱਕੇ ਟੰਗ ਕੇ ਕੇਂਦਰ ਦੀ ਵਿਚੋਲਗੀ ਨਾਲ ਪਿਛਲੇ ਦਿਨੀਂ ਹਰਿਆਣਾ ਨਾਲ ਹੋਈ ਮੀਟਿੰਗ ਵਿਚ ਭਗਵੰਤ ਮਾਨ ਵੱਲੋਂ ਤੇ ਟ੍ਰਿਬਿਊਨਲ ਬਨਾਉਣ ਦੀ ਮੰਗ ਕਰਨਾ ਸਰਾਸਰ ਪੰਜਾਬ ਦੇ ਉਲਟ ਹੈ। ਇਸ ਸਿਧਾਂਤ ਮੁਤਾਬਕ ਸਿਰਫ਼ ਟਰਬਿਊਨਲ ਉਹਨਾਂ ਰਾਜਾਂ ਨਾਲ ਹੀ ਬਣ ਸਕਦਾ ਹੈ ਜੋ ਆਪਸ ਵਿੱਚ ਰਿਪੇਰੀਅਨ ਹੋਣ ਜਦ ਕਿ ਹਰਿਆਣਾ ਅਤੇ ਪੰਜਾਬ ਆਪਸ ਵਿੱਚ ਰਿਪੇਰੀਅਨ ਨਹੀਂ ਹਨ ਅਤੇ ਪੰਜਾਬ ਵਿਚ ਚੱਲ ਰਹੇ ਰਸਾਇਣਕ ਖੇਤੀ ਮਾਡਲ ਨੂੰ ਬਦਲ ਕੇ ਪੰਜਾਬ ਦੀ ਲੋੜ ਅਤੇ ਵਾਤਾਵਰਨ ਮੁਤਾਬਕ ਖੇਤੀ ਮਾਡਲ ਦਿੱਤਾ ਜਾਵੇ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਪੂਰੀ ਤਾਕਤ ਨਾਲ ਇਸ ਮੁੱਦੇ ਨੂੰ ਲੜਿਆ ਜਾਵੇ ਅਤੇ ਪਾਣੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇ।
ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਮੇਹਰ ਸਿੰਘ ਈਸਾਪੁਰ ਲੰਡਾ, ਸੁਖਵਿੰਦਰ ਸਿੰਘ ਚੁੰਘਾਂ, ਮੱਘਰ ਸਿੰਘ ਭੂਦਨ, ਭਜਨ ਸਿੰਘ ਕਲੇਰਾਂ ਨੇ ਮੰਗ ਕੀਤੀ ਕਿ ਨਹਿਰੀ ਪਾਣੀ ਤੋਂ ਵਾਂਝੇ ਪਿੰਡਾਂ ਨੂੰ ਪਹਿਲਾਂ ਤੋਂ ਮੰਨਜੂਰ ਹੋਏ ਰਜਬਾਹੇ ਕੱਸੀਆਂ ਰਾਹੀਂ ਪਾਣੀ ਦਿੱਤਾ ਜਾਵੇ। ਆਈਡੀਪੀ ਵੱਲੋਂ ਕਰਨੈਲ ਸਿੰਘ ਜਖੇਪਲ ਨੇ ਵੀ ਸਰਕਾਰ ਅੱਗੇ ਮੰਗ ਰੱਖੀ ਕਿ ਇਸ ਇਲਾਕੇ ਦੇ ਸਬਜ਼ੀ ਉਤਪਾਦਕ ਛੋਟੇ ਕਿਸਾਨਾਂ ਲਈ ਨਰੇਗਾ ਸਕੀਮ ਲਾਗੂ ਕਰਕੇ ਪੰਜ ਏਕੜ ਤਕ ਦੇ ਕਿਸਾਨਾਂ ਦੇ ਜੌਬ ਕਾਰਡ ਬਣਾ ਕੇ ਉਨ੍ਹਾਂ ਦੇ ਖੇਤ ਵਿਚ ਦਿਹਾੜੀ ਦਿੱਤੀ ਜਾਵੇ।
ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਆਗੂ ਕੁਲਵਿੰਦਰ ਸਿੰਘ ਭੂੰਦਨ, ਚਮਕੌਰ ਸਿੰਘ ਸੇਖੋਂ ਭੋਤਨਾ, ਨੌਜਵਾਨ ਭਾਰਤ ਸਭਾ ਦੇ ਸੂਬਾ ਪ੍ਰਧਾਨ ਰੁਪਿੰਦਰ ਸਿੰਘ ਚੌਂਦਾ, ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਸਕੱਤਰ ਦਰਸ਼ਨ ਸਿੰਘ ਕੁੰਨਰਾ ਸਿੰਘ ਨੇ ਸੰਘਰਸ਼ ਦੀ ਹਮਾਇਤ ਕਰਦਿਆਂ ਇਸ ਮਸਲੇ ਨੂੰ ਪਿੰਡ-ਪਿੰਡ ਲੈ ਕੇ ਜਾਣ ਦਾ ਸੱਦਾ ਦਿੱਤਾ। ਪਰਮੇਲ ਸਿੰਘ ਹਥਨ ਨੇ ਅਰਦਾਸ ਸਮਾਗਮ ਵਿੱਚ ਆਏ ਹੋਏ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਸਟੇਜ ਸਕੱਤਰ ਦੀ ਭੂਮਿਕਾ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਵੱਲੋਂ ਨਿਭਾਈ ਗਈ। ਇਨ੍ਹਾਂ ਤੋਂ ਬਿਨਾਂ ਰਣਜੀਤ ਸਿੰਘ ਹੱਥਨ ਬਲਵੰਤ ਸਿੰਘ ਭੈਣੀ, ਰਾਜਵਿੰਦਰ ਸਿੰਘ ਰੁੜਕਾ, ਲਛਮਣ ਸਿੰਘ ਰੁੜਕਾ, ਰਵੀ ਕਹੇਰੂ, ਗੁਰਪ੍ਰੀਤ ਸਿੰਘ ਕਹੇਰੂ, ਜਗਤਾਰ ਸਿੰਘ ਘਨੌਰ ਖੁਰਦ ਨੇ ਵੀ ਸੰਬੋਧਨ ਕੀਤਾ।
ਇਸ ਤੋਂ ਬਾਅਦ ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਕਮੇਟੀ ਵੱਲੋਂ ਅਤੇ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪੈਦਲ ਯਾਤਰੀ ਸ੍ਰ ਜਰਨੈਲ ਸਿੰਘ ਜਹਾਂਗੀਰ ਅਤੇ ਉਨ੍ਹਾਂ ਦੇ ਪ੍ਰਵਾਰ ਅਤੇ ਉਨ੍ਹਾਂ ਦੇ ਸਹਿਯੋਗੀ ਬਲਵਿੰਦਰ ਸਿੰਘ ਢੱਡਰੀਆਂ ਦਾ ਸਨਮਾਨ ਕੀਤਾ ਗਿਆ। ਸਮਾਗਮ ਦੀ ਸਮਾਪਤੀ ਤੇ ਮੱਘਰ ਸਿੰਘ ਭੂੰਦਨ ਵੱਲੋਂ ਸੰਪੂਰਨਤਾ ਦੀ ਅਰਦਾਸ ਕੀਤੀ ਗਈ ਅਤੇ ਇਸ ਤੋਂ ਬਾਅਦ ਸਾਰੇ ਲੋਕ ਕਾਫ਼ਲੇ ਦੇ ਰੂਪ ਵਿੱਚ ਜਹਾਂਗੀਰ ਜੀ ਨੂੰ ਉਨ੍ਹਾਂ ਦੇ ਪਿੰਡ ਛੱਡ ਕੇ ਆਏ ਜਿੱਥੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ।