ਆਸਾਮ ’ਚ 4 ਹਜ਼ਾਰ ਤੋਂ ਵੱਧ ਪਤੀ ਭਲਕੇ 3 ਫਰਵਰੀ ਤੋਂ ਕੀਤੇ ਜਾਣਗੇ ਗ੍ਰਿਫਤਾਰ, ਪੜ੍ਹੋ ਕਾਰਨ
ਨਾਗਾਓਂ (ਆਸਾਮ)? ਆਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨੇ ਐਲਾਨ ਕੀਤਾ ਹੈ ਕਿ ਬਾਲ ਵਿਆਹ ਵਿਚ ਸ਼ਾਮਲ ਲੋਕਾਂ ਨੂੰ ਗ੍ਰਿਫਤਾਰ ਕਰਨ ਦੀ ਕਾਰਵਾਈ 3 ਫਰਵਰੀ ਤੋਂ ਸ਼ੁਰੂ ਹੋ ਜਾਵੇਗੀ। ਆਸਾਮ ਪੁਲਿਸ ਨੇ ਬਾਲ ਵਿਆਹ ਕਰਨ ਦੇ ਮਾਮਲੇ ਵਿਚ 4004 ਕੇਸ ਦਰਜ ਕੀਤੇ ਹਨ।
ਉਹਨਾਂ ਦੱਸਿਆ ਕਿ ਛੇ ਤੋਂ 7 ਦਿਨਾਂ ਵਿਚ ਹਜ਼ਾਰਾਂ ਨੌਜਵਾਨ ਜਾਂ ਉਹ ਪੁਰਸ਼ ਜਿਹਨਾਂ ਨੇ 18 ਸਾਲ ਤੋਂ ਘੱਟ ਉਮਰ ਦੀ ਕੁੜੀ ਨਾਲ ਵਿਆਹ ਕਰਵਾਇਆ ਹੋਵੇਗਾ, ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਜਿਸਨੇ ਵੀ ਨਾਬਾਲਗ ਲੜਕੀਆਂ ਨਾਲ ਪਹਿਲਾਂ ਵਿਆਹ ਕਰਵਾਇਆ ਹੋਵੇ ਜਾਂ ਹੁਣ ਵਿਆਹ ਕਰਵਾਇਆਹੋਵੇ, ਸਾਰੇ ਹੀ ਗ੍ਰਿਫਤਾਰ ਕੀਤੇ ਜਾਣਗੇ। ਉਹ ਨਾਗਾਓਂ ਮੈਡੀਕਲ ਕਾਲਜ ਦੇ ਫੈਕਲਟਰੀ ਮੈਂਬਰਾਂ ਨਾਲ ਗੱਲ ਕਰ ਰਹੇ ਸਨ। ਉਹਨਾਂ ਕਿਹਾ ਕਿ ਜਿਸ ਕਿਸੇ ਨੇ ਵੀ 14 ਸਾਲ ਤੋਂ ਘੱਟ ਉਮਰ ਦੀ ਕੁੜੀ ਨਾਲ ਵਿਆਹ ਕਰਵਾਇਆ ਹੋਇਆ, ਉਸ ਖਿਲਾਫ ਪੋਸਕੋ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। ਜਿਸਨੇ 18 ਸਾਲ ਦੀ ਉਮਰ ਤੋਂ ਘੱਟ ਕੁੜੀ ਨਾਲ ਵਿਆਹ ਕਰਵਾਇਆ ਹੋਇਆ, ਉਸ ਖਿਲਾਫ ਬਾਲ ਵਿਆਹ ਪਾਬੰਦੀ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।
ਉਹਨਾਂ ਬਾਲ ਵਿਆਹ ਖਤਮ ਕਰਨ ਵਾਸਤੇ ਲੋਕਾਂ ਤੋਂ ਸਹਿਯੋਗ ਮੰਗਿਆ ਹੈ। ਉਹਨਾਂ ਦੱਸਿਆ ਕਿ ਸੂਬੇ ਵਿਚ ਪੁਲਿਸ ਨੇ ਇਸ ਮਾਮਲੇ ਵਿਚ 4004 ਕੇਸ ਦਰਜ ਕੀਤੇ ਹਨ। ਧੁਬਰੀ ਜ਼ਿਲ੍ਹੇ ਵਿਚ ਸਭ ਤੋਂ ਵੱਧ ਬਾਲ ਵਿਆਹ ਹੋਏ ਹਨ ਜਿਥੇ 370 ਕੇਸ ਦਰਜ ਕੀਤੇ ਗਏ ਹਨ। ਬੋਨਗਾਏਗਾਓਂ ਵਿਚ 123, ਚਾਚਰ ਵਿਚ 35, ਦਰੰਗ ਵਿਚ 125, ਡਿਬਰੂਗੜ੍ਹ ਵਿਚ 75 ਗੋਲਪਾਰਾ ਵਿਚ 157, ਹੋਜਾਏ ਵਿਚ 255, ਕਾਮਰੂਪ ਵਿਚ 80, ਕੋਕਰਾਝਾਰ ਵਿਚ 204, ਨਗਾਓਂ ਵਿਚ 113, ਮੋਰੀਗਾਓਂ ਵਿਚ 224 ਅਤੇ ਤਾਮਿਲਪੁਰ ਵਿਚ 110 ਕੇਸ ਦਰਜ ਕੀਤੇ ਗਏ ਹਨ।
ਮੁੱਖ ਮੰਤਰੀ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਜਿਹਨਾਂ ਨੇ ਵੀ 14 ਤੋਂ 18 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਨਾਲ ਵਿਆਹ ਕਰਵਾਏ ਹਨ, ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।