ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦੇ ਮੁੱਦੇ 'ਤੇ ਬੀਕੇਯੂ ਉਗਰਾਹਾਂ ਵੱਲੋਂ ਬਠਿੰਡਾ ਕਨਵੈਨਸ਼ਨ ਦੀਆਂ ਤਿਆਰੀਆਂ ਜਾਰੀ
ਦਲਜੀਤ ਕੌਰ
ਚੰਡੀਗੜ੍ਹ, 2 ਫਰਵਰੀ, 2023: ਬੀਤੇ ਦਿਨ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ "ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦਾ ਮੁੱਦਾ" ਵਿਸ਼ੇ 'ਤੇ ਬਠਿੰਡਾ ਦੀ ਦਾਣਾਮੰਡੀ ਵਿਖੇ 7 ਫਰਵਰੀ ਨੂੰ 11 ਵਜੇ ਕੀਤੀ ਜਾ ਰਹੀ ਸੂਬਾਈ ਕਨਵੈਨਸ਼ਨ ਦੀਆਂ ਤਿਆਰੀਆਂ ਜਾਰੀ ਹਨ।
ਅੱਜ ਇੱਥੇ ਜਾਰੀ ਕੀਤੇ ਗਏ ਸੂਬਾਈ ਪ੍ਰੈੱਸ ਬਿਆਨ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਤਿਆਰੀ ਲਈ ਬਲਾਕ ਪੱਧਰੀਆਂ ਮੀਟਿੰਗਾਂ ਕਰਕੇ 1000 ਤੋਂ ਵੱਧ ਸਰਗਰਮ ਵਰਕਰਾਂ ਵੱਲੋਂ ਠੀਕ ਸਮੇਂ ਸਿਰ ਪਹੁੰਚਣ ਦੇ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਥੇਬੰਦੀ ਦੀ ਸਮਝ ਅਨੁਸਾਰ ਪੂਰੀ ਸਜ਼ਾ ਭੁਗਤ ਚੁੱਕੇ ਕੈਦੀਆਂ ਦੇ ਕਾਨੂੰਨੀ, ਜਮਹੂਰੀ ਤੇ ਮਨੁੱਖੀ ਅਧਿਕਾਰਾਂ ਪੱਖੋਂ ਮੁਲਕ ਦੀਆਂ ਜੇਲ੍ਹਾਂ ਅੰਦਰ ਹਾਲਤ ਬਹੁਤ ਹੀ ਤਰਸ ਯੋਗ ਬਣੀ ਹੋਈ ਹੈ। ਵੱਖ-ਵੱਖ ਧਰਮਾਂ, ਜਾਤਾਂ ਤੇ ਇਲਾਕਿਆਂ ਨਾਲ ਸਬੰਧਤ ਅਣਗਿਣਤ ਕੈਦੀ ਸਜ਼ਾਵਾਂ ਪੂਰੀਆਂ ਹੋਣ 'ਤੇ ਵੀ ਜੇਲ੍ਹਾਂ ਅੰਦਰ ਸੜ ਰਹੇ ਹਨ ਤੇ ਬਹੁਤ ਸਾਰੇ ਅਜਿਹੇ ਵੀ ਹਨ ਜਿਨ੍ਹਾਂ ਦੇ ਅਦਾਲਤੀ ਟਰਾਇਲ ਵੀ ਸ਼ੁਰੂ ਨਹੀਂ ਕੀਤੇ ਜਾ ਰਹੇ।
ਕੇਂਦਰੀ ਤੇ ਸੂਬਾ ਪੱਧਰ 'ਤੇ ਬਦਲ-ਬਦਲ ਕੇ ਆਈਆਂ ਸਾਰੀਆਂ ਰੰਗ-ਬਰੰਗੀਆਂ ਸਰਕਾਰਾਂ ਅਤੇ ਰਾਜ ਦੀਆਂ ਬਾਕੀ ਸੰਸਥਾਵਾਂ ਇਸ ਮੁੱਦੇ 'ਤੇ ਸਿਰੇ ਦਾ ਗੈਰ-ਜਮਹੂਰੀ, ਅੜੀਅਲ ਤੇ ਧੱਕੜ ਰਵੱਈਆ ਅਖਤਿਆਰ ਕਰਦੀਆਂ ਆਈਆਂ ਹਨ। ਉਹਨਾਂ ਕਿਹਾ ਕਿ ਬਠਿੰਡਾ ਦੀ ਇਸ ਕਨਵੈਨਸ਼ਨ ਅੰਦਰ ਜਿੱਥੇ ਕੇਂਦਰੀ ਤੇ ਸੂਬਾ ਹਕੂਮਤਾਂ ਦੇ ਇਸ ਧੱਕੜ ਤੇ ਜਾਬਰ ਰੁਖ ਨੂੰ ਬੇਨਕਾਬ ਕੀਤਾ ਜਾਵੇਗਾ ਅਤੇ ਇਸ ਮੁੱਦੇ ਨਾਲ ਸਬੰਧਤ ਮੰਗਾਂ ਉਭਾਰੀਆਂ ਜਾਣਗੀਆਂ, ਓੱਥੇ ਜਥੇਬੰਦੀ ਦੀਆਂ ਵਿਸ਼ਾਲ ਸਫ਼ਾਂ ਨੂੰ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੇ ਮੁੱਦੇ 'ਤੇ ਜਥੇਬੰਦੀ ਦੀ ਸਮਝ ਬਾਰੇ ਸਿੱਖਿਅਤ ਵੀ ਕੀਤਾ ਜਾਵੇਗਾ।
ਇਸ ਕਨਵੈਨਸ਼ਨ ਨੂੰ ਜਥੇਬੰਦੀ ਦੇ ਮੁੱਖ ਆਗੂਆਂ ਤੋਂ ਬਿਨਾਂ ਜਮਹੂਰੀ ਤੇ ਮਨੁੱਖੀ ਅਧਿਕਾਰਾਂ ਦੇ ਜਾਣੇ-ਪਹਿਚਾਣੇ ਕਾਰਕੁੰਨ ਤੇ ਬੁੱਧੀਜੀਵੀ ਡਾ. ਨਵਸ਼ਰਨ ਕੌਰ ਤੇ ਸ੍ਰੀ ਐੱਨ ਕੇ ਜੀਤ ਐਡਵੋਕੇਟ ਸੰਬੋਧਨ ਕਰਨਗੇ।