ਕੈਂਪ ਲਗਾ ਕੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ, ਕਈ ਮੁਸਕਲਾਂ ਦਾ ਮੌਕੇ ਤੇ ਕੀਤਾ ਹੱਲ
ਹਰਜਿੰਦਰ ਸਿੰਘ ਭੱਟੀ
- ਕੈਂਪ ਦੌਰਾਨ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਜਨਤਾ ਨੂੰ ਕੀਤਾ ਜਾਗਰੂਕ
- ਹੁਣ ਲੋੜਵੰਦ ਵਿਅਕਤੀ ਘਰ ਬੈਠੇ ਹੀ ‘ਸਹਾਇਕ ਕਿਰਤੀ ਐਪ’ ਰਾਹੀਂ ਸਰਕਾਰੀ ਯੋਜਨਾਵਾਂ ਦਾ ਲੈ ਸਕਦੇ ਹਨ ਲਾਹਾ
ਐਸ ਏ ਐਸ ਨਗਰ, 2 ਫਰਵਰੀ 2023 - ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਦੀ ਅਗਵਾਈ ਹੇਠ ਅੱਜ ਸਬ-ਡਵੀਜਨ ਡੇਰਾਬੱਸੀ ਦੇ ਪਿੰਡ ਸਰਸੀਣੀ ਵਿਖੇ ਆਪ ਦੀ ਸਰਕਾਰ ਆਪ ਦੇ ਦੁਆਰ ਮੰਤਵ ਅਧੀਨ ਇੱਕ ਵਿਸ਼ੇਸ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਕੈਂਪ ਦੌਰਾਨ ਵੱਖ ਵੱਖ ਵਿਭਾਗਾਂ ਦੇ ਨੁਮਾਇੰਦੇ ਵਿਸ਼ੇਸ ਤੌਰ ਤੇ ਹਾਜਰ ਸਨ। ਕੈਂਪ ਵਿੱਚ ਡੀ.ਸੀ ਵੱਲੋਂ ਲੋਕਾਂ ਦੀ ਵੱਖ ਵੱਖ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਕਈ ਮੁਸਕਲਾਂ ਦਾ ਮੌਕੇ ਨਿਪਟਾਰਾ ਕੀਤਾ ਗਿਆ ਅਤੇ ਰਹਿੰਦੀਆਂ ਮੁਸਕਲਾਂ ਨੂੰ ਜਲਦੀ ਹੀ ਹਲ ਕਰਨ ਦਾ ਭਰੋਸਾ ਦਿੱਤਾ ਗਿਆ।
ਇਸ ਕੈਂਪ ਵਿੱਚ ਪੰਜਾਬ ਸਰਕਾਰ ਦੇ ਬੀ.ਡੀ.ਪੀ.ਓ, ਮਾਇਨਿੰਗ ਵਿਭਾਗ, ਖੇਤੀ ਬਾੜੀ ਵਿਭਾਗ, ਸੀ.ਡੀ.ਪੀ.ਓ ਡੇਰਾਬੱਸੀ, ਤਹਿਸੀਲ ਭਲਾਈ ਅਫਸਰ, ਕਿਰਤ ਵਿਭਾਗ, ਸਿਹਤ ਸੇਵਾਵਾ, ਖੁਰਾਕ ਸਪਲਾਈ ਵਿਭਾਗ, ਪ੍ਰਦੂਸ਼ਣ ਕੰਟਰੋਲ ਬੋਰਡ, ਲੀਡ ਬੈਂਕ, ਡਾਇਰੀ ਵਿਭਾਗ, ਸਰ ਸਯੱਦ ਟਰਸਟ, ਅਤੇ ਵੱਖ-ਵੱਖ ਮਹਿਕਮਿਆ ਨਾਲ ਸਬੰਧਤ ਸਕੀਮਾਂ ਬਾਰੇ ਵਿਸ਼ੇਸ ਜਾਣਕਾਰੀ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਸਰਸੀਣੀ ਪਿੰਡ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਜਾਣੂ ਕਰਵਾਇਆ ਹੈ ਕਿ ਪਿੰਡ ਦਾ ਨੰਬਰਦਾਰ ਦੀ ਮੌਤ ਹੋਣ ਕਾਰਣ ਨਵਾਂ ਨੰਬਰਦਾਰ ਦੀ ਨਿਯੁਕਤੀ ਕਰਨ ਲਈ ਬੇਨਤੀ ਪੱਤਰ ਤਹਿਸੀਲ ਦਫਤਰ ਵਿੱਚ ਪੈਡਿੰਗ ਪਈ ਹੈ ਜਿਸ ਨੂੰ ਵਿਚਾਰਦੇ ਹੋਏ ਜਲਦੀ ਨਵਾਂ ਨੰਬਰਦਾਰ ਨਿਯੁਕਤ ਕੀਤਾ ਜਾਵੇ । ਉਨ੍ਹਾਂ ਦੱਸਿਆ ਸਰਸੀਣੀ ਪਿੰਡ ਦਾ ਨਵਾਂ ਨੰਬਰ ਨਿਯੁਕਤ ਕਰਨ ਲਈ ਤਹਿਸੀਲਦਾਰ ਡੇਰਾਬਸੀ ਨੂੰ ਤੁਰੰਤ ਕਾਰਵਾਈ ਕਰਨ ਲਈ ਹਦਾਇਤ ਕੀਤੀ ਗਈ ਹੈ। ਇਸ ਮੌਕੇ ਪ੍ਰਸ਼ਾਸਨ ਵੱਲੋਂ ਉਥੇ ਹਾ਼ਜਰ ਨੇੜਲੇ ਪਿੰਡਾਂ ਦੇ ਸਰਪੰਚ ਅਤੇ ਪੰਚਾਂ ਨੂੰ ਸਰਸੀਣੀ ਪਿੰਡ ਦਾ ਸੋਲਿਡ ਵੇਸਟ ਮੈਨੇਜਮੈਂਟ, ਤਲਾਬ, ਪਾਰਕ ਅਤੇ ਜਿੰਮ ਵੀ ਵਿਖਾਇਆ ਗਿਆ ਅਤੇ ਡਿਪਟੀ ਕਮਿਸ਼ਨਰ ਵੱਲੋਂ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਂ ਨੂੰ ਸਰਸੀਣੀ ਪਿੰਡ ਵਾਂਗ ਆਪਣੇ ਪਿੰਡ ਨੂੰ ਵੀ ਹੋਰ ਵਧੀਆ ਬਣਾਉਣ ਲਈ ਵੀ ਪ੍ਰੇਰਤ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਿਰਤ ਵਿਭਾਗ ਵੱਲੋਂ ਕੈਂਪ ਵਿੱਚ ਇਕ ‘ਕਿਰਤੀ ਸਹਾਇਕ ਐਪ’ ਚਲਾਈ ਗਈ ਜਿਸ ਵਿੱਚ ਦੱਸਿਆ ਗਿਆ ਕਿ ਇਸ ਐਪ ਰਾਹੀਂ ਘਰ ਬੈਠੇ ਹੀ ਲੋੜਵੰਦ ਵਿਅਕਤੀ ਆਪਣੇ ਫਾਰਮ ਭਰ ਸਕਦੇ ਹਨ ਅਤੇ ਸਰਕਾਰੀ ਸਕੀਮਾਂ ਦਾ ਲਾਭ ਲੈ ਸਕਦੇ ਹਨ ਅਤੇ ਲੋਕਾਂ ਨੂੰ ਸੇਵਾ ਕੇਂਦਰ ਵਿਖੇ ਜਾਣ ਦੀ ਲੋੜ ਨਹੀ ਪਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਪਿੰਡ ਸਰਸੀਣੀ ਦੇ ਬੱਚਿਆਂ ਨਾਲ ਮਿਡ ਡੇ ਮੀਲ ਦਾ ਖਾਣਾ ਵੀ ਖਾਧਾ ਅਤੇ ਬੱਚਿਆਂ ਨਾਲ ਗੱਲਬਾਤ ਵੀ ਕੀਤੀ।
ਇਸ ਕੈਂਪ ਦੌਰਾਨ ਲੀਡ ਬੈਂਕ ਦੇ ਅਧਿਕਾਰੀਆ ਵੱਲੋ ਬੈਂਕਾ ਰਾਹੀਂ ਚਲਾਈਆਂ ਜਾ ਰਹੀਆਂ ਕਈ ਲੋਕ ਭਲਾਈ ਸਕੀਮਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ । ਉਹਨਾਂ ਕਿਹਾ ਕਿ ਇਹ ਸਕੀਮਾਂ ਦਾ ਲਾਭ ਲੈਣ ਲਈ ਉਹ ਬੈਂਕ ਨਾਲ ਸੰਪਰਕ ਕਰ ਸਕਦੇ ਹਨ।
ਇਸ ਕੈਂਪ ਦੌਰਾਨ ਸ੍ਰੀਮਤੀ ਅਵਨੀਤ ਕੌਰ, ਵਧੀਕ ਡਿਪਟੀ ਕਮਿਸ਼ਨਰ(ਡੀ), ਸ਼੍ਰੀ ਮਨਜੀਤ ਸਿੰਘ ਓ.ਐਸ.ਡੀ ਮੁੱਖ ਮੰਤਰੀ ਪੰਜਾਬ, ਸ੍ਰੀ ਨਵਦੀਪ ਸਿੰਘ ਸ਼ੇਰਗਿੱਲ ਚੇਅਰਮੈਨ ਮਿਲਕ ਫੈਡ, ਸ਼੍ਰੀ ਪਰਮਜੀਤ ਸਿੰਘ ਰੰਧਾਵਾ, ਸ਼੍ਰੀ ਗੁਰਸਹਿਜ ਸਿੰਘ, ਸ੍ਰੀ ਦਵਿੰਦਰ ਸਿੰਘ ਦੀ ਟੀਮ ਅਤੇ ਸ਼੍ਰੀਮਤੀ ਗੁਰਵਿੰਦਰ ਕੌਰ ਸਰਪੰਚ ਪਿੰਡ ਸਿਰਸੀਣੀ ਉਥੋਂ ਦੇ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।