ਕੋਟਕਪੂਰਾ ਨੇੜੇ ਇਕ ਐਨਆਰਆਈ ਨਾਲ ਦੁਰਵਿਹਾਰ ਅਤੇ ਧੱਕੇਸ਼ਾਹੀ
ਦੀਪਕ ਗਰਗ
ਕੋਟਕਪੂਰਾ, 2 ਫ਼ਰਵਰੀ 2023 :- ਨੇੜਲੇ ਪਿੰਡ ਕੋਠੇ ਗੱਜਣ ਵਾਲਾ ਵਿਖੇ ਇਕ ਐਨਆਰਆਈ ਨਾਲ ਦੁਰਵਿਹਾਰ ਅਤੇ ਧੱਕੇਸ਼ਾਹੀ ਹੋਣ ਦੀ ਖਬਰ ਮਿਲੀ ਹੈ। ਸਥਾਨਕ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਜੈਦਵਿੰਦਰ ਸਿੰਘ ਪੁੱਤਰ ਅਜੈਬ ਸਿੰਘ ਢਿੱਲੋਂ ਨੇ ਦੱਸਿਆ ਕਿ ਉਹ ਪਿਛਲੇ ਕਰੀਬ 23 ਸਾਲਾਂ ਤੋਂ ਸਪੇਨ ਦਾ ਪੱਕਾ ਵਸਨੀਕ ਹੈ ਅਤੇ ਜਦ ਕਦੇ ਸਾਲ ਜਾਂ ਦੋ ਸਾਲ ਬਾਅਦ ਵਾਪਸ ਆਪਣੇ ਪਿੰਡ ਕੋਠੇ ਗੱਜਣ ਸਿੰਘ ਵਾਲਾ ਵਿਖੇ ਮਾਪਿਆਂ ਨੂੰ ਮਿਲਣ ਲਈ ਆਉਂਦਾ ਹੈ ਤਾਂ ਉਸਦੇ ਸ਼ਰੀਕੇ ਵਾਲੇ ਉਸ ਨਾਲ ਬਿਨਾ ਕਾਰਨ ਤੋਂ ਹੀ ਵਿਤਕਰਾ ਅਤੇ ਦੁਰਵਿਹਾਰ ਕਰਦੇ ਹਨ।
ਕਈ ਸਾਲ ਪਹਿਲਾਂ ਹੋਈ ਲੜਾਈ ਅਤੇ ਰਾਜੀਨਾਮੇ ਦੀਆਂ ਕਾਪੀਆਂ ਦਿਖਾਉਂਦਿਆਂ ਜੈਦਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਸਦੇ ਗੁਆਂਢੀ ਚਾਚਾ ਤੇ ਉਸਦੇ ਬੇਟੇ ਅਕਸਰ ਲੜਾਈ ਮੁੱਲ ਲੈਣ ਦੀ ਮਨਸ਼ਾ ਨਾਲ ਤਕਰਾਰ ਕਰਨ ਦੀ ਤਾਕ ਵਿੱਚ ਰਹਿੰਦੇ ਹਨ, ਹੁਣ ਉਹ ਆਪਣੇ ਭਤੀਜੇ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਇਆ ਤੇ ਜਦ ਵਾਪਸ ਸਪੇਨ ਪਰਤਣ ਦੀ ਤਿਆਰੀ ਸੀ ਤਾਂ ਉਸਦੇ ਚਾਚੇ ਦੇ ਪਰਿਵਾਰ ਨੇ ਉਸਦੀ ਬੇਤਹਾਸ਼ਾ ਕੁੱਟਮਾਰ ਕਰਨ ਉਪਰੰਤ ਉਲਟਾ ਪੁਲਿਸ ਨੇ ਵੀ ਉਸਦੀ ਹੀ 107/151 ਕਰਵਾ ਦਿੱਤੀ।
ਆਪਣੇ ਸਰੀਰ ’ਤੇ ਲੱਗੀਆਂ ਸੱਟਾਂ ਸ਼ਮਸ਼ੇਰ ਸਿੰਘ ਸ਼ੇਰਗਿੱਲ ਡੀਐੱਸਪੀ ਕੋਟਕਪੂਰਾ ਨੂੰ ਦਿਖਾਉਂਦਿਆਂ ਪੀੜਤ ਜੈਦਵਿੰਦਰ ਸਿੰਘ ਨੇ ਮੰਗ ਕੀਤੀ ਕਿ ਜੇਕਰ ਉਸਨੂੰ ਇਨਸਾਫ ਨਾ ਮਿਲਿਆ ਤਾਂ ਉਹ ਐਨਆਰਆਈ ਅਦਾਲਤ ਦਾ ਦਰਵਾਜਾ ਖੜਕਾਉਣ ਲਈ ਮਜਬੂਰ ਹੋਵੇਗਾ। ਪੀੜਤ ਦੇ ਵੱਡੇ ਭਰਾ ਲਖਵਿੰਦਰ ਸਿੰਘ ਢਿੱਲੋਂ ਅਤੇ ਮਾਤਾ ਬਲਜੀਤ ਕੌਰ ਨੇ ਵੀ ਜੈਦਵਿੰਦਰ ਸਿੰਘ ਨਾਲ ਹੋਈ ਧੱਕੇਸ਼ਾਹੀ ਬਾਰੇ ਡੀਐੱਸਪੀ ਨੂੰ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਸ਼ਮਸ਼ੇਰ ਸਿੰਘ ਸ਼ੇਰਗਿੱਲ ਡੀਐੱਸਪੀ ਨੇ ਵਿਸ਼ਵਾਸ਼ ਦਿਵਾਇਆ ਕਿ ਉਸ ਨਾਲ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ।