ਨਗਰ ਕੌਂਸਲ ਜਗਰਾਓਂ 'ਚ 26 ਅਣ-ਅਧਿਕਾਰਿਤ ਕਲੌਨੀਆਂ ਵੱਲ ਤਕਰੀਬਨ 12 ਕਰੋੜ ਦਾ ਬਕਾਇਆ
ਦੀਪਕ ਜੈਨ
ਜਗਰਾਂਓ, 2 ਫਰਵਰੀ 2023 - ਨਗਰ ਕੌਂਸਲ ਜਗਰਾਓਂ ਅੱਜ ਕਲ ਡਿਫਾਲਟਰ ਕਲੋਨਾਇਜਰਾਂ ਉੱਪਰ ਖ਼ਾਸੀ ਮਿਹਰਬਾਨ ਹੋਈ ਜਾਪਦੀ ਹੈ ਕਿ ਉਹ ਜਗਰਾਉਂ ਦੀਆਂ ਅਣ-ਅਧਿਕਾਰਿਤ ਕਲੌਨੀਆਂ ਵੱਲ ਤਕਰੀਬਨ 12 ਕਰੋੜ ਦਾ ਬਕਾਇਆ ਹੋਣ ਦੇ ਬਾਵਜੂਦ ਕੁਝ ਨਹੀਂ ਕਰ ਰਹੀ। ਸੂਤਰਾਂ ਅਨੁਸਾਰ ਕਰੀਬ 26 ਅਣ-ਅਧਿਕਾਰਿਤ ਕਲੌਨੀਆਂ ਨਗਰ ਕੌਂਸਲ ਦੀ ਨੱਕ ਹੇਠ ਵੱਡੇ ਧਨਾਢਾ ਵੱਲੋਂ ਕੱਟੀਆਂ ਗਈਆਂ ਹਨ ਜਿਸ ਨੂੰ ਕਈਆਂ ਨੇ ਵੇਚ ਵੱਟ ਕੇ ਫਾਰਗ ਵੀ ਹੋ ਚੁੱਕੇ ਹਨ। ਨਗਰ ਕੌਂਸਲ ਜਗਰਾਉਂ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕਈ ਕਾਲੋਨਾਈਜਰਾਂ ਨੇ ਨਗਰ ਕੌਂਸਲ ਦਫਤਰ ਵਿੱਚ ਕਲੋਨੀ ਨੂੰ ਪਾਸ ਕਰਾਉਣ ਲਈ ਘੱਟ ਫੀਸ ਜਮ੍ਹਾਂ ਕਰਵਾ ਕੇ ਡੰਗ ਟਪਾਇਆ ਹੈ ਅਤੇ ਕਈਆਂ ਨੇ ਨਗਰ ਕੌਂਸਲ ਨੂੰ ਕਲੋਨੀ ਕੱਟਣ ਲਈ ਕੋਈ ਵੀ ਫੀਸ ਜਮ੍ਹਾ ਨਹੀਂ ਕਰਵਾਈ ਹੈ।
ਇਸ ਸਬੰਧੀ ਕਾਰਜ ਸਾਧਕ ਅਫਸਰ ਮਨੋਹਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਸਾਰੀ ਗੱਲ ਬਿਲਡਿੰਗ ਇੰਸਪੈਕਟਰ ਉੱਪਰ ਸੁੱਟਦਿਆਂ ਕਿਹਾ ਕਿ ਇਸ ਸੰਬੰਧੀ ਬਿਲਡਿੰਗ ਇੰਸਪੈਕਟਰ ਹੀ ਦੱਸਣਗੇ। ਬਿਲਡਿੰਗ ਇੰਸਪੈਕਟਰ ਸ਼ਿਖਾ ਨਾਲ ਮੋਬਾਇਲ ਤੇ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜਿਹੜੇ ਕਾਲੋਨਾਈਜਰ ਡਿਫਾਲਟਰ ਹਨ ਉਨ੍ਹਾਂ ਨੂੰ ਨੋਟਿਸ ਭੇਜ ਦਿੱਤੇ ਗਏ ਹਨ। ਜੇਕਰ ਨਗਰ ਕੌਂਸਲ ਨੂੰ ਬਕਾਇਆ ਰਾਸ਼ੀ ਨਹੀਂ ਜਮ੍ਹਾਂ ਕਰਾਉਂਦੇ ਤਾਂ ਜਲਦੀ ਹੀ ਕਾਲੋਨਾਈਜਰਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਥੇ ਇਹ ਜਿਕਰਯੋਗ ਹੈ ਕਿ ਨਗਰ ਕੌਂਸਲ ਜਗਰਾਉਂ ਦੀ ਕਾਰਗੁਜਾਰੀ ਹਮੇਸ਼ਾ ਹੀ ਸੁਰਖੀਆਂ ਵਿਚ ਰਹਿੰਦੀ ਹੈ। ਕਿਓਂਕਿ ਕੌਂਸਲ ਵਿੱਚ ਸਿਰਫ 2 ਬਿਲਡਿੰਗ ਇੰਸਪੈਕਟਰ, 1 ਐਸ.ਓ. 1 ਈ.ਓ ਅਤੇ ਐਮ.ਈ. ਤਾਇਨਾਤ ਹਨ ਪਰ ਲੋਕ ਆਪਣੇ ਕੰਮਾਂ ਨੂੰ ਲੈ ਕੇ ਹਮੇਸ਼ਾ ਹੀ ਰੋਣਾ ਰੋਦੇਂ ਰਹਿੰਦੇ ਹਨ ਕਿਓਂਕਿ ਚਾਹੇ ਨਕਸ਼ੇ ਪਾਸ ਹੋਣ ਦੀਆਂ ਸਾਰੀਆਂ ਫੀਸਾਂ ਵੀ ਭਰੀਆਂ ਹੋਣ ਪਰ ਨਗਰ ਕੌਂਸਲ ਮੁਲਾਜਮ ਇਹ ਹੀ ਕਹਿੰਦੇ ਸੁਣਾਈ ਦਿੰਦੇ ਹਨ ਕਿ ਅਜੇ ਈਓ ਸਾਹਿਬ ਨਹੀਂ ਆਏ ਓਨਾ ਦੇ ਹਸਤਾਖਰ ਹੀ ਬਾਕੀ ਹਨ ਅਤੇ ਕਦੇ ਕਦੇ ਇਸ ਹਸਤਾਖਰ ਦੇ ਕੰਮ ਨੂੰ ਹੀ ਕਈ ਦਿਨ ਬੀਤ ਜਾਂਦੇ ਹਨ।