ਆਈਐਸਆਈ ਮਾਰਕਾ ਸਮਾਨ ਦੀ ਖਰੀਦਦਾਰੀ ਪ੍ਰਤੀ ਜਾਗਰੂਕ ਹੋਣ ਉਪਭੋਗਤਾ: ਡਿਪਟੀ ਕਮਿਸ਼ਨਰ
ਸਰਕਾਰ ਵੱਲੋਂ ਨਿਰਧਾਰਤ ਬੀਆਈਐਸ ਸਟੈਂਡਰਡ ਤੋਂ ਘਟੀਆਂ ਸਮਾਨ ਵੇਚਣਾ ਗੈਰਕਾਨੂੰਨੀ
ਫਾਜਿਲ਼ਕਾ, 3 ਫਰਵਰੀ, 2023:
ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਨੇ ਜਿ਼ਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਉਪਭੋਗਤਾ ਅਧਿਕਾਰਾਂ ਪ੍ਰਤੀ ਜਾਗਰੂਕ ਰਹਿਣ। ਉਨ੍ਹਾਂ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਵੱਖ-ਵੱਖ ਵਸਤਾਂ ਸਬੰਧੀ ਕੁਆਲਟੀ ਕੰਟਰੋਲ ਆਰਡਰ ਜਾਰੀ ਕੀਤੇ ਗਏ ਹਨ ਅਤੇ ਇਲੈਕਟ੍ਰਿਕ ਵਾਟਰ ਹੀਟਰ, ਬਿਜਲੀ ਵਾਲੀ ਪ੍ਰੈਸ, ਘਰੇਲੂ ਗੈਸ ਚੁੱਲ੍ਹਾ, ਮਾਇਕ੍ਰੋਵੇਵ ਓਵਨ, ਸਿਲਾਈ ਮਸ਼ੀਨ ਆਦਿ ਲਈ ਕੁਝ ਸਟੈਂਡਰ ਨਿਰਧਾਰਤ ਕੀਤੇ ਗਏ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹ ਸਮਾਨ ਆਈਐਸਆਈ ਮਾਰਕਾ ਵੇਖ ਕੇ ਹੀ ਲੈਣ ਕਿਉਂਕਿ ਇਸ ਸਮਾਨ ਦੀ ਵਰਤੋਂ ਸਾਡੀ ਸੁਰੱਖਿਆ ਨਾਲ ਜ਼ੁੜੀ ਹੋਈ ਹੈ ਅਤੇ ਨਿਰਧਾਰਤ ਸਟੈਂਡਰਡ ਤੋਂ ਘਟੀਆਂ ਕੁਆਲਟੀ ਦਾ ਸਮਾਨ ਨਾ ਖਰੀਦਣ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਅਗਰ ਕੋਈ ਨਿਰਮਾਤਾ ਜਾਂ ਵਿਕਰੇਤਾ ਉਪਰੋਕਤ ਸਮਾਨ ਨਿਰਧਾਰਤ ਕੁਆਲਟੀ ਸਟੈਂਡਰਡ ਤੋਂ ਨੀਵੇਂ ਪੱਧਰ ਦਾ ਉਤਪਾਦਿਤ ਕਰਦਾ ਹੈ ਜਾਂ ਵੇਚਦਾ ਹੈ ਤਾਂ ਇਹ ਗੈਰਕਾਨੂੰਨੀ ਹੈ ਅਤੇ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਹੋ ਸਕਦੀ ਹੈ।
ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਉਪਭੋਗਤਾ ਪੋਰਟਲ https://www.manakonline.in/MANAK/ApplicationLicenceRelatedrpt ਤੋਂ ਜਾਣਕਾਰੀ ਲੈ ਸਕਦੇ ਹਨ ਜਾਂ ਬੀਆਈਐਸ ਕੇਅਰ ਐਪ ਦੀ ਮਦਦ ਲੈ ਸਕਦੇ ਹਨ।