ਮਸੂਮ ਬੱਚੇ 'ਤੇ ਜ਼ੁਲਮ ਕਰਨ ਵਾਲੇ ਜਾਤ-ਪਾਤ ਦੇ ਹੰਕਾਰੀ ਜ਼ਾਲਮ ਦਾ ਧਾਰਮਿਕ, ਸਮਾਜਿਕ ਤੇ ਰਾਜਨੀਤਕ ਬਾਈਕਾਟ ਹੋਣਾ ਚਾਹੀਦਾ : ਸਰਬਜੀਤ ਸਿੰਘ ਘੁਮਾਣ/ਰਣਜੀਤ ਸਿੰਘ ਦਮਦਮੀ ਟਕਸਾਲ
- ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਤੁਰੰਤ ਬੱਚੇ ਦੇ ਹੱਕ 'ਚ ਭੁਗਤਣ
ਅੰਮ੍ਰਿਤਸਰ, 4 ਫਰਵਰੀ 2023 - ਖ਼ਾਲਿਸਤਾਨੀ ਚਿੰਤਕ ਭਾਈ ਸਰਬਜੀਤ ਸਿੰਘ ਘੁਮਾਣ ਅਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਮੋਰਾਂਵਾਲੀ ਪਿੰਡ ਵਿੱਚ ਓਸ ਜ਼ਾਲਮ ਹੰਕਾਰੀ ਖ਼ਿਲਾਫ਼ ਧਿਰਕਾਰ ਦਿਹਾੜਾ ਮਨਾ ਕੇ ਲਾਹਣਤ ਪਾਉਣੀ ਪਵੇਗੀ ਜਿਸ ਨੇ ਆਪਣੀ ਜ਼ਮੀਨ ਦਾਲੇ ਹੰਕਾਰ 'ਚ 12 ਸਾਲਾਂ ਦੇ ਮਾਸੂਮ ਬੱਚੇ ਉੱਤੇ ਅੰਨ੍ਹੇਵਾਹ ਬੇ-ਰਹਿਮੀ ਨਾਲ ਜਬਰ ਕੀਤਾ। ਕਿਸਾਨ ਮਜ਼ਦੂਰ ਏਕਤਾ ਬਰਕਰਾਰ ਰੱਖਣ ਵਾਲੇ ਹਰ ਇਨਸਾਨ ਨੂੰ ਇਸ ਅੱਤਿਆਚਾਰ ਖ਼ਿਲਾਫ਼ ਡਟਣ ਦੀ ਲੋੜ ਹੈ। ਓਸ ਹੰਕਾਰੇ ਜ਼ਿੰਮੀਂਦਾਰ ਦੀ ਗਰਕੀ ਹੋਈ ਸੋਚ ਖਿਲਾਫ ਡਟਣ ਵਾਲੇ ਕਾਸ਼ਤਕਾਰ ਭਰਾਵਾਂ ਨੇ ਪੀੜਤ ਪਰਿਵਾਰ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦੇ ਪੰਜਾਬ ਦੀ ਵਿਰਾਸਤ ਦਾ ਮਾਣ ਕਾਇਮ ਰੱਖਿਆ ਹੈ।
ਉਹਨਾਂ ਕਿਹਾ ਕਿ ਇਹ ਜਾਬਰ ਕਨੂੰਨ ਤੋਂ ਸਜ਼ਾ ਪਾਵੇ ਜਾਂ ਨਾ ਪਰ ਗੁਰੂ-ਘਰ ਤੋਂ ਕਦੇ ਬਖਸ਼ਿਆ ਨਹੀਂ ਜਾਵੇਗਾ। ਗੁਰੂ ਸਾਹਿਬਾਨ ਦੀ ਸੋਚ ਦੇ ਇਸ ਦੁਸ਼ਮਣ ਬਾਰੇ ਖਾਲਸਾ ਪੰਥ ਨੂੰ ਫੈਸਲਾ ਕਰਨਾ ਚਾਹੀਦਾ ਹੈ ਕਿ ਕਦੇ ਵੀ ਕਿਸੇ ਖੁਸ਼ੀ ਗਮੀ ਮੌਕੇ ਇਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਹੀਂ ਦਿੱਤਾ ਜਾਵੇਗਾ ਤੇ ਮਰਨ ਮੌਕੇ ਕੋਈ ਵੀ ਸਿੱਖ ਇਸ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਨਹੀਂ ਹੋਵੇਗਾ। ਜਾਤ-ਪਾਤ ਦੇ ਕੱਟੜ ਸਮਰਥਨ ਨੂੰ ਸਿੱਖ ਕਹਾਉਣ ਦਾ ਕੋਈ ਹੱਕ ਨਹੀਂ, ਓਹ ਸਿੱਖ ਹੋ ਹੀ ਨਹੀਂ ਸਕਦਾ ਜਿਹੜਾ ਜਾਤ ਪਾਤ ਦੇ ਆਧਾਰ ਉੱਤੇ ਜ਼ੁਲਮ ਕਰਨ ਦੀ ਗੱਲ ਕਰੇ। ਉਹਨਾਂ ਕਿਹਾ ਕਿ ਓਹ ਕਿਸਾਨੀ ਦਾ ਸੰਗ ਸਾਥ ਮਾਨਣ ਦਾ ਹੱਕਦਾਰ ਨਹੀਂ ਜਿਸ ਨੂੰ ਆਪਣੀ ਜ਼ਮੀਨ ਦਾ ਹੰਕਾਰ ਹੈ।
ਸਾਰੀ ਮਨੁੱਖਤਾ ਲਈ ਇਹ ਬੰਦਾ ਕਲੰਕ ਹੈ। ਇਹ ਬੰਦਾ ਪੰਥ ਤੇ ਪੰਜਾਬ ਦਾ ਸਿਰ ਨੀਂਵਾਂ ਕਰਨ ਵਾਲ਼ਾ ਹੈ। ਇਹਦੀ ਕਰਤੂਤ ਕਰਕੇ ਹਰ ਸਿੱਖ ਤੇ ਹਰ ਕਿਸਾਨ ਮਾਨਸਿਕ ਸੰਤਾਪ ਭੋਗ ਰਿਹਾ ਹੈ। ਇਸ ਨੇ ਭਾਈ ਲਾਲੋ ਦੇ ਵਾਰਸਾਂ ਨੂੰ ਦਰਦ ਦਿੱਤਾ ਹੈ। ਗੁਰੂ ਨਾਨਕ ਪਾਤਸ਼ਾਹ ਨੇ ਤਾਂ ਉਹਨਾਂ ਦੇ ਸੰਗ ਸਾਥ ਹੋਣ ਦੀ ਗੱਲ ਕੀਤੀ ਸੀ, ਦਸਮ ਪਾਤਸ਼ਾਹ ਨੇ ਤਾਂ ਇਹਨਾਂ ਨੂੰ ਸਰਦਾਰ ਬਣਾਉਣ ਦਾ ਅਹਿਦ ਕੀਤਾ ਸੀ ਪਰ ਇਸ ਸਖਸ਼ ਨੇ ਜੋ ਕਰਤੂਤ ਕੀਤੀ ਹੈ ਉਹਦੇ ਕਰਕੇ ਭਗਤ ਰਵਿਦਾਸ ਜੀ ਦੇ ਪੁਰਬ ਮਨਾਉਣ ਮੌਕੇ ਹਰ ਰਾਗੀ, ਢਾਡੀ, ਪ੍ਰਚਾਰਕ ਨੂੰ ਡਰ ਲੱਗਣ ਲਾ ਦਿੱਤਾ ਹੈ ਕਿ ਜਦ ਉਹ ਸਟੇਜ ਤੋਂ ਜਾਤ ਵਰਣ ਦੇ ਬ੍ਰਾਹਮਣਵਾਦੀ ਮੱਕੜਜਾਲ ਅਤੇ ਸਿੱਖ ਫਲਸਫੇ ਦੀ ਬਰਾਬਰਤਾ ਦੀ ਵਡਿਆਈ ਕਰ ਰਿਹਾ ਹੋਵੇ ਤਾਂ ਕੋਈ ਦੁਖੀ ਅੱਕ ਕੇ ਖੜ੍ਹਾ ਨਾ ਹੋ ਜਾਵੇ ਕਿ "ਜੀ ਛੱਡੋ ਇਹ ਗੱਲਾਂ।" ਸਿੱਖ ਜਗਤ ਨੂੰ ਇਹ ਦਿਖਾਉਣਾ ਪਵੇਗਾ ਕਿ ਅਸੀਂ ਭਾਈ ਲਾਲੋ ਦੇ ਵਾਰਸਾਂ ਨਾਲ ਹਾਂ। ਭਾਈ ਸਰਬਜੀਤ ਸਿੰਘ ਘੁਮਾਣ ਅਤੇ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸਿੱਖ ਧਰਮ ਦੀਆਂ ਸੰਸਥਾਵਾਂ ਦੇ ਅਹੁਦੇਦਾਰ ਆਪਣੇ ਫਰਜ ਨਿਭਾਉਣ। ਤਖ਼ਤਾਂ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਤੇ ਹੋਰ ਸੰਸਥਾਵਾਂ ਦੇ ਗੁਰਸਿੱਖ ਓਸ ਦੁਖੀ ਪਰਿਵਾਰ ਨੂੰ ਮਿਲਣ ਤੇ ਹਮਾਇਤ ਦਾ ਐਲਾਨ ਕਰਨ।
ਇਹ ਲੜਾਈ ਓਹੀ ਹੈ ਜੋ ਗੁਰੂ ਸਾਹਿਬਾਨ ਨੇ ਤੋਰੀ ਸੀ। ਬ੍ਰਾਹਮਣਵਾਦ ਦੀ ਜਾਤ ਵਰਣ ਦੇ ਹਰ ਸਮਰਥਕ ਨਾਲ ਗੁਰੂ ਨਾਨਕ ਸਾਹਿਬ, ਗੁਰੂ ਨਾਨਕ ਦੇ ਫਲਸਫੇ ਅਤੇ ਗੁਰੂ ਨਾਨਕ ਦੇ ਪੈਰੋਕਾਰਾਂ ਦੀ ਟੱਕਰ ਹੈ।ਅੱਜ ਬ੍ਰਾਹਮਣਵਾਦ ਇਹੋ ਜਿਹੇ ਲੋਕਾਂ ਰਾਹੀ ਫੇਰ ਸਿੱਖ ਕੌਮ ਨੂੰ ਵੰਗਾਰ ਰਿਹਾ। ਆਓ ਕੁਝ ਐਹੋ ਜਿਹਾ ਕਰੀਏ ਕਿ ਇਸ ਹੰਕਾਰੀ ਨੂੰ ਉਹਦੀ ਮਾਂ ਲਾਹਣਤਾਂ ਪਾਵੇ, ਉਹਦੇ ਪਰਿਵਾਰ ਦਾ ਹਰ ਮੈਂਬਰ ਉਹਨੂੰ ਮਿਲਣ ਤੋੰ ਕੁਰਾਹੇ ਤੇ ਉਹ ਦਰ ਦਰ ਮਾਫੀਆਂ ਮੰਗਦਾ ਫਿਰੇ ਤੇ ਆਪਣੀ ਕਰਤੂਤ ਲਈ ਉਸ ਬੱਚੇ ਦੀਆਂ ਮਿੰਨਤਾਂ ਕਰੇ ਕਿ ਮੈਨੂੰ ਸਿੱਖ ਕੌਮ ਤੋਂ ਬਖਸ਼ਾ ਦੇਵੇ।ਇਸ ਨੂੰ ਗੁਰੂ ਦੀ ਮਾਰ ਪੈਣੀ ਚਾਹੀਦੀ ਹੈ। ਇਹ ਮਾਮਲਾ ਇੱਕ ਮਿਸਾਲ ਬਣੇ ਤਾਂ ਕਿ ਇਹੋ ਜਿਹੀ ਬਿਮਾਰੀ ਵਾਲੇ ਹੋਰ ਵੀ ਸੁਚੇਤ ਹੋ ਜਾਣ। ਜੇ ਅੱਜ ਵੀ ਖਾਲਸਾ ਪੰਥ ਨੇ ਫਰਜ ਨਾ ਪਛਾਣਿਆ ਤਾਂ ਗੁਰੂ ਸਾਨੂੰ ਕਦੇ ਨਹੀਂ ਬਖਸ਼ੇਗਾ।
ਇਹੋ ਜਿਹੀ ਨੀਚ ਬਿਰਤੀ ਖਿਲਾਫ ਉੱਠੇ ਸਿੱਖਾਂ ਨੇ ਹੀ ਸ਼੍ਰੋਮਣੀ ਕਮੇਟੀ ਦਾ ਮੁੱਢ ਬੰਨ੍ਹਿਆ ਸੀ। ਉਦੋਂ ਮਲਿਕ ਭਾਗੋ ਦੇ ਵਾਰਸ ਸ੍ਰੀ ਦਰਬਾਰ ਸਾਹਿਬ ਵਿੱਚ ਭਾਈ ਲਾਲੋ ਦੇ ਵਾਰਸਾਂ ਨੂੰ ਦੁਪਹਿਰ ਮੌਕੇ ਦਰਸ਼ਨ ਕਰਨ ਦੇ ਹੁਕਮ ਸੁਣਾਉਂਦੇ ਸੀ ਕਿ ਤੁਹਾਡੀ ਛਾਂ ਗੁਰੂ-ਘਰ ਵਿੱਚ ਨਹੀਂ ਪੈਣੀ ਚਾਹੀਦੀ। ਉਦੋਂ ਭਾਈ ਲਾਲੋ ਦੇ ਵਾਰਸਾਂ ਦੀ ਦੇਗ ਵੀ ਪ੍ਰਵਾਨ ਨਹੀਂ ਸੀ ਹੁੰਦੀ ਪਰ ਗੁਰੂ ਦੇ ਸਿੱਖ ਇਸ ਬ੍ਰਾਹਮਣਵਾਦ ਖਿਲਾਫ ਡਟ ਗਏ ਤੇ ਪੁਜਾਰੀਵਾਦ ਨੂੰ ਹਾਰ ਮੰਨਣੀ ਪਈ। ਸੋ ਨੀਚਤਾ ਵਾਲੇ ਤਾਂ ਦਰਬਾਰ ਸਾਹਿਬ ਤੱਕ ਵੀ ਪਹੁੰਚ ਗਏ ਸੀ,ਪਰ ਗੁਰੂ ਦੀ ਸੰਗਤ ਨੇ ਭਜਾ ਦਿੱਤੇ ਸੀ ਤੇ ਅੰਤ ਜਦ ਸੰਤ ਭਿੰਡਰਾਂਵਾਲਿਆਂ ਨੂੰ ਕਿਸੇ ਹਿੰਦੂ ਆਗੂ ਨੇ ਸਵਾਲ ਕੀਤਾ ਤਾਂ ਜਵਾਬ ਮਿਲਿਆ ਕਿ ਜਿੰਨਾ ਨੂੰ ਤੁਸੀਂ ਸਭ ਤੋਂ ਹੇਠਲੇ ਦਰਜੇ ਉੱਤੇ ਰੱਖਿਆ ਸਾਡੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਉਹਨਾਂ ਵਿਚੋਂ ਹੀ ਹਨ। ਆਓ, ਮਲਿਕ ਭਾਗੋ ਦੇ ਹੰਕਾਰ ਖਿਲਾਫ ਮੈਦਾਨ ਵਿੱਚ ਨਿਤਰੀਏ।ਮਲੇਰਕੋਟਲੇ ਦੇ ਨਵਾਬ ਸ਼ੇਰ ਖਾਂ ਦੇ ਵਾਰਸਾਂ ਦਾ ਸ਼੍ਰੋਮਣੀ ਕਮੇਟੀ ਸਨਮਾਨ ਜੇ ਠਹਿਰ ਕੇ ਵੀ ਕਰ ਲਵੇ ਤਾਂ ਕੋਈ ਗੱਲ ਨਹੀਂ ਪਰ ਮਲੇਰਕੋਟਲੇ ਕੋਲ ਦੇ ਪਿੰਡ ਮੋਰਾਂਵਾਲੀ ਦੇ ਇਸ ਪੀੜਤ ਪਰਿਵਾਰ ਕੋਲ ਜਾਣ ਦੀ ਤੁਰੰਤ ਲੋੜ ਹੈ।