ਮਾਸਟਰ ਕਾਡਰ ਤੋਂ ਲੈਕਚਰਾਰ ਕਾਮਰਸ ਦੀਆਂ ਪਦ ਉੱਨਤੀਆਂ ਵਿਚ ਹੁਣ ਦੇਰੀ ਨਾ ਕੀਤੀ ਜਾਵੇ: ਕਲੈਪ ਜੱਥੇਬੰਦੀ
ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿਚ ਕਾਮਰਸ ਲੈਕਚਰਾਰਾਂ ਦੀਆਂ ਕਰੀਬ 350 ਪੋਸਟਾਂ ਖਾਲੀ ਹਨ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ 06 ਫਰਵਰੀ 2023: ਮਾਣਯੋਗ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਦੂਰਦਰਸੀ ਸੋਚ ’ਤੇ ਪਹਿਰਾ ਦਿੰਦਿਆਂ ਸਕੂਲ ਸਿੱਖਿਆ ਵਿਭਾਗ ਵੱਲੋਂ ਡੀ.ਪੀ.ਆਈ. (ਸੈ.ਸਿ.) ਤੇਜ਼ਦੀਪ ਸਿੰਘ ਸੈਣੀ ਤੇ ਸਹਾਇਕ ਡਰਾਇਕਟਰ ਵਿਜੇ ਸ਼ਰਮਾ ਦੀ ਮਿਹਨਤ ਸਦਕਾ ਮਾਸਟਰ ਕਾਡਰ ਤੋਂ ਲੈਕਚਰਾਰ ਕਾਡਰ ਦੀਆਂ ਤਰੱਕੀਆਂ ਸਬੰਧੀ ਸਕਰਿਊਟਨੀ ਜੁਲਾਈ-2022 ਅਤੇ ਦੁਬਾਰਾ ਮੌਕਾ ਦਿੰਦਿਆਂ ਬੀਤੀ 4 ਜਨਵਰੀ ਨੂੰ ਕੀਤੀ ਜਾ ਚੁੱਕੀ ਹੈ, ਜੋ ਕਿ ਬਹੁਤ ਹੀ ਸ਼ਿਲਾਘਾਯੋਗ ਕਾਰਜ ਹੈ। ਮਾਣਯੋਗ ਸਿੱਖਿਆ ਮੰਤਰੀ ਵੱਲੋਂ ਇਹ ਵੀ ਵਿਸ਼ਵਾਸ ਦਿੱਤਾ ਗਿਆ ਸੀ ਕਿ ਜਨਵਰੀ-2023 ਦੇ ਪਹਿਲੇ ਹਫਤੇ ਵਿਚ ਹੀ ਉਕਤ ਤਰੱਕੀਆਂ ਸਬੰਧੀ ਲਿਸਟਾਂ ਜਾਰੀ ਕਰ ਦਿੱਤੀਆਂ ਜਾਣਗੀਆਂ।
ਉਕਤ ਜਾਣਕਾਰੀ ਦਿੰਦਿਆਂ ਕਾਮਰਸ ਲੈਕਚਰਾਰ ਐਸਪਿਰੈਂਟਸ ਪੰਜਾਬ (ਕਲੈਪ) ਦੇ ਪ੍ਰਧਾਨ ਨਵਜੋਤ ਸਿੰਘ, ਜਨਰਲ ਸਕੱਤਰ ਗੁਰਪ੍ਰੀਤ ਕੌਰ, ਖਜਾਨਚੀ ਜਸਵੰਤ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੀ ਜੱਥੇਬੰਦੀ ਵੱਲੋਂ ਮੰਗ ਹੈ ਕਿ ਮਿਤੀ 4 ਜਨਵਰੀ ਨੂੰ ਹੋਈ ਸਕਰਿਊਟਨੀ ਦੇ ਆਧਾਰ ਤੇ ਮਾਸਟਰ ਕਾਡਰ ਤੋਂ ਕਾਮਰਸ ਲੈਕਚਰਾਰ ਕਾਡਰ ਵਿਚ ਪਦ ਉੱਨਤੀਆਂ ਦੀ ਲਿਸਟ ਛੇਤੀ ਜਾਰੀ ਕੀਤੀ ਜਾਵੇ ਤਾਂ ਜੋ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਮਾਸਟਰ ਅਧਿਆਪਕ ਆਪਣੇ ਹੁਨਰ ਅਤੇ ਮਿਹਨਤ ਨਾਲ ਕਾਮਰਸ ਵਰਗੇ ਕਿੱਤਾ ਮੁਖੀ ਸਟ੍ਰੀਮ ਦੇ ਵਿਦਿਆਰਥੀਆਂ ਦਾ ਭਵਿੱਖ ਸਵਾਰ ਸਕਣ। ਉਨ੍ਹਾਂ ਕਿਹਾ ਕਿ ਇਸ ਨਾਲ ਵਿਭਾਗ ਵੱਲੋਂ ਵਿੱਢੀ ਸਕੂਲ ਆਫ ਐਮਿਨੈਂਸ ਅਤੇ ਬਿਜਨਸ ਬਲਾਸਟਰ ਪਹਿਲ ਕਦਮੀਆਂ ਨੂੰ ਵੀ ਹੱਲਾ-ਸ਼ੇਰੀ ਮਿਲੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿਚ ਕਾਮਰਸ ਲੈਕਚਰਾਰਾਂ ਦੀਆਂ ਕਰੀਬ 350 ਪੋਸਟਾਂ ਖਾਲੀ ਹਨ। ਜੇਕਰ ਸਕੂਲ ਸਿੱਖਿਆ ਵਿਭਾਗ ਜਲਦ ਤਰੱਕੀਆਂ ਕਰ ਦਿੰਦਾ ਹੈ ਤਾਂ ਕਾਮਰਸ ਵਰਗੀ ਕਿੱਤਾ ਮੁਖੀ ਪੜਾਈ ਨਾਲ ਵਿਦਿਆਰਥੀਆਂ ਨੂੰ ‘ਜੋਬ ਸੀਕਰ ਦੀ ਥਾਂ ’ਤੇ ਜੋਬ ਪ੍ਰੋਵਾਇਡਰ’ ਬਣਾਇਆ ਜਾ ਸਕਦਾ ਹੈ।
ਇਸ ਮੌਕੇ ’ਤੇ ਨਿਖਿਲੇਸ਼ ਜੈਨ, ਅਸ਼ਵਨੀ ਬਾਂਸਲ, ਅਨੂੰ ਚੋਪੜਾ, ਕੁਲਵੰਤ ਸਿੰਘ, ਗੁਰਪ੍ਰੀਤ ਕੌਰ, ਪਵਨ ਗੋਇਲ, ਸ਼ਵੇਰਾ ਬੱਸੀ, ਮੁਹੰਮਦ ਜਮੀਲ, ਗੁਰਵਿੰਦਰ ਕੌਰ, ਕੁਲਵੰਤ ਕੌਰ, ਮੋਨਿਕਾ ਬਾਂਸਲ, ਮੁਹੰਮਦ ਸ਼ਫੀਕ, ਗਗਨਦੀਪ ਸਿੰਘ, ਅਨੁਰਾਧਾ, ਸੰਤੌਖ ਸਿੰਘ, ਰੁਪਿੰਦਰ ਕੌਰ, ਸਸਤਾ ਰਾਣੀ, ਯਾਦਵਿੰਦਰ ਪਾਲ, ਚਿੰਪੀ ਖੁਰਾਣਾ ਆਦਿ ਨੇ ਵੀ ਕਿਹਾ ਕਿ ਮਾਸਟਰ ਕਾਡਰ ਤੋਂ ਲੈਕਚਰਾਰ ਕਾਮਰਸ ਦੀਆਂ ਪਦ ਉੱਨਤੀਆਂ ਵਿਚ ਹੁਣ ਦੇਰੀ ਨਾ ਕੀਤੀ ਜਾਵੇ।