ਡੀ.ਸੀ.ਰੂਪਨਗਰ ਵੱਲੋ ਹੋਲਾ ਮਹੱਲਾ ਦੌਰਾਨ ਸੰਗਤਾਂ ਦੀ ਸਹੂਲਤ ਲਈ ਸਾਰੇ ਲੋੜੀਦੇ ਪ੍ਰਬੰਧ ਜਲਦੀ ਮੁਕੰਮਲ ਕਰਨ ਦੇ ਨਿਰਦੇਸ਼
ਅਧਿਕਾਰੀ ਜਿੰਮੇਵਾਰੀ ਨਾਲ ਆਪਣੀ ਡਿਊਟੀ ਕਰਨ, ਸਮੁੱਚੇ ਮੇਲਾ ਖੇਤਰ ਦਾ ਡੀ.ਸੀ ਡਾ.ਪ੍ਰੀਤੀ ਯਾਦਵ ਨੇ ਲਿਆ ਜਾਇਜਾ
ਹਰੀਸ਼ ਕਾਲੜਾ
ਸ੍ਰੀ ਅਨੰਦਪੁਰ ਸਾਹਿਬ 06 ਫਰਵਰੀ 2023: ਡੀ.ਸੀ.ਰੂਪਨਗਰ ਡਾ.ਪ੍ਰੀਤੀ ਯਾਦਵ ਨੇ ਅੱਜ ਮੇਲਾ ਅਫਸਰ ਮਨੀਸ਼ਾ ਰਾਣਾ ਤੇ ਹੋਰ ਅਧਿਕਾਰੀਆਂ ਨਾਲ ਸਮੁੱਚੇ ਮੇਲਾ ਖੇਤਰ ਦਾ ਜਾਇਜਾ ਲਿਆ ਅਤੇ ਲੋੜੀਦੇ ਢੁਕਵੇ ਪ੍ਰਬੰਧ ਜਲਦੀ ਮੁਕੰਮਲ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।
ਡਾ.ਪ੍ਰੀਤੀ ਯਾਦਵ ਡੀ.ਸੀ. ਰੂਪਨਗਰ ਅੱਜ ਹੋਲਾ ਮਹੱਲਾ ਲਈ ਸ੍ਰੀ ਅਨੰਦਪੁਰ ਸਾਹਿਬ ਵਿੱਚ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਪਹੁੰਚੇ ਸਨ। ਉਨ੍ਹਾਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਪਹੁੰਚ ਕੇ ਖਾਲਸੇ ਦੀ ਜਨਮ ਸਥਲੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹਰ ਸਾਲ ਮਨਾਏ ਜਾਣ ਵਾਲੇ ਤਿਉਹਾਰ ਹੋਲਾ ਮਹੱਲਾ ਦੇ ਅਮਨ ਅਮਾਨ ਨਾਲ ਨੇਪਰੇ ਚੜਨ ਦੀ ਅਰਦਾਸ ਕੀਤੀ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ ਤੇ ਕੀਰਤਨ ਸਰਵਣ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੋਲਾ ਮਹੱਲਾ ਮੌਕੇ ਦੇਸ਼ ਵਿਦੇ਼ਸ ਤੋ ਲੱਖਾਂ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ ਪਹੁੰਚਦੀਆਂ ਹਨ। ਇਸ ਲਈ ਅੱਜ ਅਧਿਕਾਰੀਆਂ ਨਾਲ ਸਮੁੱਚੇ ਮੇਲਾ ਖੇਤਰ ਦਾ ਦੌਰਾ ਕਰਕੇ ਸੜਕਾਂ, ਸਟਰੀਟ ਲਾਈਟ, ਮੁੱਖ ਮਾਰਗਾਂ ਦੇ ਆਲੇ ਦੁਆਲੇ ਨਜਾਇਜ ਕਬਜਿਆਂ, ਸਫਾਈ, ਸ਼ਹਿਰ ਵਿੱਚ ਹੋਰ ਲੋੜੀਦੀਆ ਸਹੂਲਤਾਂ ਦਾ ਜਾਂਇਜਾ ਲਿਆ। ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਉਪ ਮੰਡਲ ਦਫਤਰ ਦੇ ਮੀਟਿੰਗ ਹਾਲ ਵਿੱਚ ਅਧਿਕਾਰੀਆਂ ਨੂੰ ਨਿਰਦੇ਼ਸ ਦਿੱਤੇ ਕਿ ਮੇਲਾ ਖੇਤਰ ਨੂੰ ਆਉਣ ਵਾਲੀਆਂ ਸਾਰੀਆ ਸੜਕਾਂ ਦੀ ਮੁਰੰਮਤ, ਰੋਸ਼ਨੀ, ਸਫਾਈ,ਮੇਲਾ ਖੇਤਰ ਵਿੱਚ ਪੀਣ ਵਾਲੇ ਪਾਣੀ, ਪਖਾਨੇ, ਮੈਡੀਕਲ ਸਹੂਲਤ ਦੀ ਢੁਕਵੀ ਵਿਵਸਥਾ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਮੇਲਾ ਖੇਤਰ ਵਿੱਚ ਸੰਗਤਾਂ ਦੀ ਸਹੂਲਤ ਲਈ ਸਾਰੇ ਢੁਕਵੇ ਪ੍ਰਬੰਧ ਕੀਤੇ ਜਾਣ, ਦੁਕਾਨਦਾਰਾ ਨੂੰ ਪਲਾਸਟਿਕ ਦੀ ਵਰਤੋਂ ਕਰਨ ਤੋਂ ਰੋਕਣ ਲਈ ਜਾਗਰੂਕਤਾ ਮੁਹਿੰਮ ਚਲਾਈ ਜਾਵੇ ਤਾਂ ਜੋ ਵਾਤਾਵਰਣ ਤੇ ਪਾਉਣ ਪਾਣੀ ਦਾ ਨੁਕਸਾਨ ਕਰਨ ਵਾਲਾ ਸਿੰਗਲ ਯੂਜ ਪਲਾਸਟਿਕ ਨਾ ਵਰਤਿਆਂ ਜਾਵੇ। ਸ਼ਹਿਰ ਵਿੱਚ ਟਰੈਫਿਕ ਵਿਵਸਥਾ ਦੇ ਰਾਹ ਵਿੱਚ ਬਣ ਰਹੇ ਅੜਿੱਕੇ, ਨਜਾਇਜ ਕਬਜੇ ਹਟਾਏ ਜਾਣ, ਪਾਰਕਿੰਗ ਵਾਲੀਆਂ ਥਾਵਾ ਦੀ ਮੁਰੰਮਤ, ਉਥੇ ਲੋੜੀਦੀ ਰੋਸ਼ਨੀ, ਸਫਾਈ ਦੇ ਪ੍ਰਬੰਧ ਕਰਵਾਏ ਜਾਣ, ਕਚਹਿਰੀ ਰੋਡ, ਨਵੀ ਅਬਾਦੀ, ਗੜ੍ਹਸੰਕਰ ਸੜਕ, ਮਾਤਾ ਸ੍ਰੀ ਨੈਣਾ ਦੇਵੀ ਮਾਰਗ ਤੇ ਸ਼ਹਿਰ ਦੀਆਂ ਹੋਰ ਅੰਦਰੂਨੀ ਤੇ ਬਾਹਰੀ ਸੜਕਾਂ ਦੀ ਹੋਲਾ ਮਹੱਲਾ ਤੋ ਪਹਿਲਾ ਮੁਕੰਮਲ ਮੁਰੰਮਤ ਕਰਵਾਈ ਜਾਵੇ। ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਕੁਤਾਹੀ ਬਿਲਕੁਲ ਬਰਦਾਸ਼ਤ ਨਹੀ ਕੀਤੀ ਜਾਵੇਗੀ। ਅੱਜ ਡਿਪਟੀ ਕਮਿਸ਼ਨਰ ਡਾ.ਪ੍ਰੀਤੀ ਯਾਦਵ ਨੇ ਗੜ੍ਹਸ਼ੰਕਰ ਵਾਇਆ ਝੱਜ ਮਾਰਗ, ਨਿੱਕੂਵਾਲ, ਚੰਡੇਸਰ, ਅਗੰਮਪੁਰ, ਨੈਣਾ ਦੇਵੀ, ਨਵੀ ਅਬਾਦੀ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਆਲੇ ਦੁਆਲੇ ਦੀਆਂ ਸੜਕਾ, ਸਟਰੀਟ ਲਾਈਟ, ਪਾਰਕਿੰਗ ਵਾਲੀਆ ਥਾਵਾ, ਚਰਨ ਗੰਗਾ ਸਟੇਡੀਅਮ, ਨਹਿਰਾਂ ਦੀਆ ਪਟੜੀਆਂ, ਲੰਮਲੈਹੜੀ ਪੁੱਲ, ਅਗੰਮਪੁਰ ਪੁੱਲ ਦਾ ਜਾਇਜਾ ਲਿਆ ਅਤੇ ਅਧਿਕਾਰੀਆਂ ਨੂੰ ਕੰਮ ਜਲਦੀ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ।
ਇਸ ਮੌਕੇ ਕਾਰਜਕਾਰੀ ਇੰ.ਹਰਜੀਤਪਾਲ ਸਿੰਘ, ਬੀ.ਐਸ.ਚਾਨਾ, ਦਵਿੰਦਰ ਸਿੰਘ, ਕਾਰਜ ਸਾਧਕ ਅਫਸਰ ਭੁਪਿੰਦਰ ਸਿੰਘ, ਹਰਬਖਸ਼ ਸਿੰਘ, ਬੀ.ਡੀ.ਪੀ.ਓ ਈਸ਼ਾਨ ਚੋਧਰੀ, ਵਿਵੇਕ ਦੁਰੇਜਾ ਹਾਜ਼ਰ ਸਨ।