ਪਟਿਆਲਾ: ਮਿਡ ਡੇ ਮੀਲ ਵਰਕਰ ਯੂਨੀਅਨ ਵੱਲੋਂ ਲਾਇਆ ਧਰਨਾ ਫੂਕਿਆ ਪੁਤਲਾ
ਜੀ ਐਸ ਪੰਨੂ
ਪਟਿਆਲਾ, 06 ਫਰਵਰੀ 2023: ਪੰਜਾਬ ਵਿਧਾਨ ਸਭਾ ਚੋਣਾਂ 2022 ਸਮੇਂ ਦੇ ਚੋਣ ਪਾਰਟੀਆਂ ਨੂੰ ਖੁਆਏ ਖਾਣੇ ਦੇ ਲੰਬਿਤ ਪੈਸਿਆਂ ਨੂੰ ਲੈ ਕੇ ਰਾਜਪੂਰਾ ਪ੍ਰਸ਼ਾਸ਼ਨ ਦੇ ਨਕਾਰਾਤਮਕ ਰੁੱਖ ਪਿੱਛੋਂ ਪਟਿਆਲਾ ਪ੍ਰਸ਼ਾਸ਼ਨ ਦੇ ਬੇਰੁਖੀ ਦੇ ਸ਼ਿਕਾਰ ਮਿਡ ਡੇ ਮੀਲ ਵਰਕਰ ਯੂਨੀਅਨ ਵੱਲੋਂ ਪਟਿਆਲਾ ਪ੍ਰਸ਼ਾਸ਼ਨ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ ਧਰਨਾ ਲਗਾਇਆ ਗਿਆ ਅਤੇ ਪਿੱਛੋਂ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ।
ਪ੍ਰਦਰਸ਼ਨ ਉਪਰੰਤ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦੇ ਹੋਏ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਤੋਂ ਸੂਬਾ ਜਨਰਲ ਸਕੱਤਰ ਹਰਦੀਪ ਟੋਡਰਪੁਰ,ਮਿਡ ਡੇ ਮੀਲ ਵਰਕਰ ਯੂਨੀਅਨ,ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਪਿੰਕੀ ਖਰਾਬਗੜ ਅਤੇ ਡੈਮੋਕ੍ਰੈਟਿਕ ਟੀਚਰ ਫਰੰਟ ਤੋਂ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਨੇ ਕਿਹਾ ਕਿ ਆਪ ਸਰਕਾਰ ਵਿੱਚ ਅਧਿਕਾਰੀ ਸਰਕਾਰ ਦੇ ਹੁਕਮਾਂ ਨੂੰ ਇਸ ਤਰ੍ਹਾਂ ਟਿੱਚ ਜਾਣਦੇ ਹਨ ਕਿ ਆਪਣੇ ਪੱਲਿਓ ਚੋਣ ਪਾਰਟੀਆਂ ਨੂੰ ਖਾਣਾ ਖੁਆਉਣ ਵਾਲਿਆਂ ਨੂੰ ਆਪਣੇ ਹੱਕ ਮੰਗਣ ਲਈ ਦਫਤਰਾਂ ਵਿੱਚ ਪਿਛਲੇ ਇੱਕ ਸਾਲ ਤੋਂ ਧੱਕੇ ਖਾਣੇ ਪੈ ਰਹੇ ਹਨ,ਅਤੇ ਆਹਲਾ ਅਫਸਰਾਂ ਵੱਲੋਂ ਸਿੱਖਿਆ ਵਿਭਾਗ,ਪੰਜਾਬ ਦੀਆਂ ਆਪਣੇ ਸਕੂਲਾਂ ਨੂੰ ਦਿਤੀਆਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਵੀ ਸਿਰੇ ਤੋਂ ਖਾਰਿਜ ਕੀਤਾ ਜਾ ਰਿਹਾ ਹੈ।
ਧਰਨੇ ਦੌਰਾਨ ਜੱਥੇਬੰਦੀ ਵੱਲੋਂ ਐਸ ਡੀ ਐਮ,ਪਟਿਆਲਾ ਰਾਹੀਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਜਿਹਨਾਂ ਮਾਮਲੇ ਦੀ ਪੂਰੀ ਪੜਤਾਲ ਕਰਕੇ ਪੀੜਤ ਧਿਰ ਨੂੰ ਇਨਸਾਫ ਦੇਣ ਦੀ ਗੱਲ ਕਹੀ,ਧਰਨੇ ਉਪਰੰਤ ਜਥੇਬੰਦੀ ਵੱਲੋਂ ਪੰਜਾਬ ਸਰਕਾਰ ਦੇ ਪਿਛਲੀਆਂ ਸਰਕਾਰਾਂ ਵਾਂਗ ਮਿਡ ਡੇ ਮੀਲ ਵਰਕਰਾਂ ਸਮੇਤ ਕੱਚੇ ਮੁਲਾਜਮਾਂ ਨਾਲ ਵਾਅਦਾ ਖਿਲਾਫੀ ਕਰਨ ਕਾਰਨ ਆਪ ਸਰਕਾਰ ਦਾ ਪੁਤਲਾ ਫੂਕਿਆ ਗਿਆ,ਅਤੇ 11 ਫਰਵਰੀ ਦੀ ਸੰਗਰੂਰ ਰੈਲੀ ਵਿੱਚ ਵੱਧ ਚੜ ਕੇ ਸਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ ।
ਇਸ ਮੌਕੇ ਗੁਰਜੀਤ ਘੱਗਾ, ਵਿਕਰਮਜੀਤ ਅਲੂਣਾ,ਹਰਵਿੰਦਰ ਰੱਖੜਾ,ਰਾਮਸ਼ਰਨ ਨਾਭਾ,ਹਰਿੰਦਰ ਪਟਿਆਲਾ,ਪ੍ਰਵੀਨ ਜੋਗੀਪੁਰ,ਚਮਕੌਰ ਸਿੰਘ, ਕੁਲਵੰਤ ਮੰਡੇਰ,ਜਰਨੈਲ ਜੈਲੀ,ਸ਼ੰਕਰ ਸਿੰਘ,ਦਿਲਾਵਰ ਸਿੰਘ,ਸਤਨਾਮ ਸਿੰਘ,ਬੀਨਾ ਘੱਗਾ,ਹਰਜਿੰਦਰ ਕੌਰ,ਜਸਪਾਲ ਕੌਰ ਮਹਿੰਦਰ ਕੌਰ ਕਛਵਾ,ਕ੍ਰਿਸ਼ਨਾ,ਹਰਪ੍ਰੀਤ ਕੌਰ,ਮਾਲਤੀ ਦੇਵੀ ਆਦਿ ਵੀ ਹਾਜ਼ਿਰ ਸਨ।