ਸਾਂਝਾ ਅਧਿਆਪਕ ਮੋਰਚਾ ਦੇ ਸੱਦੇ ਤੇ ਸੈਂਕੜੇ ਅਧਿਆਪਕ ਜਿਲ੍ਹਾ ਖ਼ਜ਼ਾਨਾ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕਰਦੇ ਹੋਏ
ਤਨਖਾਹਾਂ ਦੇ ਬਜਟ ਲਈ ਅਤੇ ਰੋਕੇ ਮੋਬਾਈਲ ਭੱਤੇ ਦੀ ਬਹਾਲੀ ਨੂੰ ਲੈ ਕੇ ਅਧਿਆਪਕਾਂ ਵੱਲੋਂ ਰੋਸ ਪ੍ਰਦਰਸ਼ਨ
ਦਲਜੀਤ ਕੌਰ
ਸੰਗਰੂਰ, 06 ਫਰਵਰੀ 2023: ਸਾਂਝਾ ਅਧਿਆਪਕ ਮੋਰਚਾ ਵੱਲੋਂ ਅਧਿਆਪਕਾਂ ਦੀਆਂ ਜਨਵਰੀ ਮਹੀਨੇ ਦੀਆਂ ਤਨਖਾਹਾਂ ਦਾ ਬਜਟ ਜਾਰੀ ਨਾ ਕਰਨ ਅਤੇ ਖਜ਼ਾਨਾ ਅਫਸਰਾਂ ਵੱਲੋਂ ਜਬਾਨੀ ਹੁਕਮ ਰਾਹੀਂ ਮੋਬਾਈਲ ਭੱਤੇ ਕੱਟੇ ਜਾਣ ਦੇ ਖਿਲਾਫ਼ ਜਬਰਦਸਤ ਰੋਸ ਮੁਜ਼ਾਹਰਾ ਕੀਤਾ ਗਿਆ। ਪਹਿਲਾਂ ਸੈਂਕੜਿਆਂ ਦੀ ਗਿਣਤੀ ਵਿੱਚ ਅਧਿਆਪਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਪਾਰਕ ਵਿੱਚ ਇਕੱਠੇ ਹੋਏ। ਇਕੱਠੇ ਹੋਣ ਤੋਂ ਬਾਅਦ ਅਧਿਆਪਕ ਜਬਰਦਸਤ ਨਾਅਰੇਬਾਜੀ ਕਰਦਿਆਂ ਜ਼ਿਲਾ ਖਜਾਨਾ ਦਫਤਰ ਦੇ ਮੁੱਖ ਗੇਟ ਅੱਗੇ ਪਹੁੰਚੇ।
ਇਸ ਮੌਕੇ ਇਕੱਤਰ ਹੋਏ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂ ਗੁਰਜੰਟ ਸਿੰਘ ਬਾਲੀਆਂ, ਦੇਵੀ ਦਿਆਲ, ਅਵਤਾਰ ਸਿੰਘ ਢਢੋਗਲ, ਵਰਿੰਦਰਜੀਤ ਸਿੰਘ ਬਜਾਜ, ਗੁਰਦੇਵ ਸਿੰਘ ਸਿਧੜਾ ਨੇ ਕਿਹਾ ਕਿ ਖਜ਼ਾਨਾ ਦਫ਼ਤਰ ਵੱਲੋਂ ਨਿਰਾਧਾਰ ਜੁਬਾਨੀ ਉਦੇਸ਼ਾਂ ਰਾਹੀਂ ਅਧਿਆਪਕਾਂ ਦੀਆਂ ਤਨਖਾਹਾਂ ਚੋਂ ਜਨਵਰੀ ਮਹੀਨੇ ਦਾ ਮੋਬਾਇਲ ਭੱਤਾ ਕੱਟ ਲਿਆ ਗਿਆ ਹੈ। ਲੋੜੀਂਦਾ ਬਜਟ ਉਪਲੱਬਧ ਨਾ ਹੋਣ ਕਾਰਨ ਬਹੁਤ ਸਾਰੇ ਅਧਿਆਪਕਾਂ ਨੂੰ ਹਾਲੇ ਤੱਕ ਜਨਵਰੀ ਮਹੀਨੇ ਦੀ ਤਨਖਾਹ ਨਹੀਂ ਮਿਲੀ। ਆਗੂਆਂ ਨੇ ਦੋਸ਼ ਲਾਇਆ ਕਿ ਬੀਤੇ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ ਦੇ ਫੈਸਲਿਆਂ ਨੂੰ ਅਧਿਕਾਰੀਆਂ ਵੱਲੋਂ ਲਾਗੂ ਨਹੀਂ ਕੀਤਾ ਜਾ ਰਿਹਾ ਹੈ ਜੇਕਰ ਅਧਿਆਪਕ ਮੰਗਾਂ ਦਾ ਤੁਰੰਤ ਨਿਪਟਾਰਾ ਨਾ ਕੀਤਾ ਗਿਆ ਤਾਂ ਸਾਂਝਾ ਅਧਿਆਪਕ ਮੋਰਚਾ ਵੱਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਉਪਰੰਤ ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਨੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਨਾਂ ਜਿਲਾ ਪ੍ਰਸ਼ਾਸ਼ਨ ਰਾਹੀਂ ਰੋਸ ਪੱਤਰ ਦਿੱਤਾ।
ਇਸ ਮੌਕੇ ਬਾਰਾ ਸਿੰਘ, ਰਾਮ ਚੰਦ ਸ਼ਰਮਾ, ਹਰਚੰਦ ਸਿੰਘ, ਸਰਬਜੀਤ ਸਿੰਘ ਪੁੰਨਾਂਵਾਲ, ਇੰਦਰਪਾਲ, ਹਰਵਿੰਦਰ ਸਿੰਘ ਮੋਤੀ, ਅਵਤਾਰ ਸਿੰਘ ਭਲਵਾਨ, ਜਸਵੀਰ ਸਿੰਘ, ਬਲਵਿੰਦਰ ਸਿੰਘ ਭੁੱਕਲ, ਹਥਿਆਰ ਸਿੰਘ, ਤਰਨਜੀਤ ਕੌਰ, ਸੁਨੀਲ ਕੁਮਾਰ, ਅਮਨਦੀਪ ਪਾਪੜ੍ਹਾ, ਅਮਰੀਕ ਸਿੰਘ ਕਰਮਜੀਤ ਗਗੜਪੁਰ, ਜਗਦੇਵ ਸਿੰਘ, ਦਰਸ਼ਨ ਸਿੰਘ, ਅਮਨਦੀਪ ਸਿੰਘ ਗੁਰਵਿੰਦਰ ਸਿੰਘ ਮਹਾਂਵੀਰ ਸਿੰਘ ਅਤੇ ਵੱਡੀ ਗਿਣਤੀ ਵਿਚ ਅਧਿਆਪਕ ਸ਼ਾਮਲ ਹੋਏ।