ਮਾਮਲਾ ਦੋ ਧਿਰਾਂ ਦਰਮਿਆਨ ਹੋਈ ਫਾਇਰਿੰਗ ਦਾ: ਸਾਬਕਾ ਸਰਪੰਚ ਤੋਂ ਬਾਅਦ ਦੂਜੀ ਧਿਰ ਦੇ ਨੌਜਵਾਨ ਕਬੱਡੀ ਖਿਡਾਰੀ ਦੀ ਮੌਤ
- ਕੱਲ੍ਹ ਫਾਇਰਿੰਗ ਵਿੱਚ ਸਾਬਕਾ ਸਰਪੰਚ ਦੀ ਮੌਤ ਤੋਂ ਬਾਅਦ ਦੂਜੀ ਧਿਰ ਦੇ ਨੌਜਵਾਨ ਕਬੱਡੀ ਖਿਡਾਰੀ ਦੀ ਹੋਈ ਮੌਤ
- ਪਰਿਵਾਰ ਦਾ ਆਰੋਪ ਪੁਲਿਸ ਨੇ ਕੀਤੀ ਇਕ ਤਰਫਾ ਕਾਰਵਾਈ ,,
ਰੋਹਿਤ ਗੁਪਤਾ
ਗੁਰਦਾਸਪੁਰ, 7 ਫਰਵਰੀ 2023 - ਮਾਮਲਾ ਬੀਤੇ ਦਿਨੀ ਬਟਾਲਾ ਦੇ ਨਜ਼ਦੀਕੀ ਪਿੰਡ ਦਹੀਆ ਵਿੱਚ ਦੋ ਧਿਰਾਂ ਦਰਮਿਆਨ ਹੋਈ ਫਾਇਰਿੰਗ ਦਾ ਹੈ ਜਿਸ ਵਿੱਚ ਮੌਕੇ ਤੇ ਸਾਬਕਾ ਸਰਪੰਚ ਦੀ ਮੌਤ ਹੋ ਗਈ ਸੀ ਅਤੇ ਦੂਸਰੀ ਧਿਰ ਦੇ ਦੋ ਲੋਕ ਗੰਭੀਰ ਜ਼ਖਮੀ ਹੋ ਗਏ ਸੀ। ਜਿਨਾਂ ਵਿਚੋਂ ਇਕ ਕਬੱਡੀ ਖਿਡਾਰੀ ਹਰਪਿੰਦਰ ਸਿੰਘ ਉਮਰ 26 ਸਾਲ ਦੀ ਵੀ ਅੰਮ੍ਰਿਤਸਰ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਇਕ ਤਰਫਾ ਕਾਰਵਾਈ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਕਸੂਰ ਮ੍ਰਿਤਕ ਸਰਵਣ ਸਿੰਘ ਦੇ ਪਰਿਵਾਰ ਦਾ ਸੀ। ਮ੍ਰਿਤਕ ਹਰਪਿੰਦਰ ਸਿੰਘ ਦੀ ਲਾਸ਼ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਬਟਾਲਾ ਲਿਆਂਦੀ ਗਈ। ਪੁਲਿਸ ਦਾ ਕਹਿਣਾ ਹੈ ਕਿ ਬਿਆਨ ਦਰਜ ਕਰਕੇ ਕੇਸ ਦਰਜ ਕੀਤਾ ਜਾਵੇਗਾ ।
ਮ੍ਰਿਤਕ ਹਰਪਿੰਦਰ ਸਿੰਘ ਦੀ ਦੇਹ ਦਾ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਬਟਾਲਾ ਪਹੁੰਚੇ ਹਰਪਿੰਦਰ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਹਰਪਿੰਦਰ ਸਿੰਘ ਕਬੱਡੀ ਦਾ ਸ਼ੌਕੀਨ ਸੀ ਅਤੇ ਕਰ ਦੇਰ ਸ਼ਾਮ ਨੂੰ ਕਬੱਡੀ ਦਾ ਮੈਚ ਖੇਡ ਕੇ ਵਾਪਸ ਪਿੰਡ ਆ ਰਿਹਾ ਸੀ ਤਾਂ ਮ੍ਰਿਤਕ ਸਰਵਣ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਪਹਿਲਾ ਤੋਂ ਹੀ ਤਿਆਰੀ ਅਨੁਸਾਰ ਹਰਪਿੰਦਰ ਸਿੰਘ ਨੂੰ ਰਸਤੇ ਵਿੱਚ ਹੀ ਘੇਰ ਲਿਆ ਅਤੇ ਆਪਣੇ ਅਸਲੇ ਨਾਲ ਗੋਲੀਆਂ ਚਲਾ ਕੇ ਹਰਪਿੰਦਰ ਸਿੰਘ ਨੂੰ ਗੰਭੀਰ ਜ਼ਖਮੀ ਕਰ ਦਿੱਤਾ, ਜਿਸਦਾ ਇਲਾਜ ਦੌਰਾਨ ਦੇਹਾਂਤ ਹੋ ਗਿਆ।
ਉਹਨਾਂ ਆਰੋਪ ਲਗਾਏ ਕਿ ਦੂਸਰੀ ਧਿਰ ਦੇ ਇਹ ਬਿਆਨ ਕਿ ਉਹਨਾਂ ਦੇ ਘਰ ਜਾਕੇ ਹਮਲਾ ਕੀਤਾ ਗਿਆ ਸਰਾਸਰ ਝੂਠ ਹੈ। ਉਹਨਾਂ ਕਿਹਾ ਕਿ ਹਰਪਿੰਦਰ ਸਿੰਘ ਦੇ ਬੱਚੇ ਅਜੇ ਛੋਟੇ ਹਨ। ਸਾਨੂੰ ਇਨਸਾਫ ਚਾਹੀਦਾ ਹੈ ਪੁਲਿਸ ਨੇ ਇਕ ਤਰਫਾ ਕਾਰਵਾਈ ਕੀਤੀ ਹੈ। ਦੂਸਰੀ ਧਿਰ ਤੇ ਵੀ 302 ਧਾਰਾ ਦੇ ਤਹਿਤ ਕੇਸ ਦਰਜ ਹੋਣਾ ਚਾਹੀਦਾ ਹੈ। ਨਾਲ ਹੀ ਉਹਨਾਂ ਦਾ ਕਹਿਣਾ ਸੀ ਕਿ ਮ੍ਰਿਤਕ ਹਰਪਿੰਦਰ ਸਿੰਘ ਦੇ ਭਰਾ ਜਤਿੰਦਰ ਸਿੰਘ ਅਤੇ ਉਸਦੇ 21 ਸਾਲਾਂ ਬੇਟੇ ਨੂੰ ਵੀ ਪੁਲਿਸ ਨੇ ਘਰੋਂ ਗਿਰਫ਼ਤਾਰ ਕਰਦੇ ਹੋਏ ਕੇਸ ਵਿਚ ਨਾਮਜਦ ਕਰ ਦਿੱਤਾ ਹੈ ਜਦਕਿ ਜਤਿੰਦਰ ਸਿੰਘ ਅਤੇ ਉਸਦੇ ਬੇਟੇ ਦਾ ਕੋਈ ਕਸੂਰ ਨਹੀਂ ਹੈ।ਹਮਲੇ ਦੌਰਾਨ ਜਤਿੰਦਰ ਅਤੇ ਉਸਦਾ ਬੇਟਾ ਮੌਕੇ ਤੇ ਮਜ਼ੂਦ ਹੀ ਨਹੀਂ ਸਨ।
ਓਥੇ ਹੀ ਮਾਮਲਾ ਗਰਮਾਉਂਦੇ ਵੇਖ ਸਿਵਿਲ ਹਸਪਤਾਲ ਬਟਾਲਾ ਪਹੁੰਚੇ ਡੀ ਐਸ ਪੀ ਗੁਰਬਿੰਦਰ ਸਿੰਘ ਨੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਮੀਡੀਆ ਨੂੰ ਦੱਸਿਆ ਕਿ ਮ੍ਰਿਤਕ ਹਰਪਿੰਦਰ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ ਹੈ।ਬਾਕੀ ਇਸ ਕੇਸ ਵਿੱਚ ਪਹਿਲਾਂ ਹੀ ਐਫ ਆਰ ਆਈ ਦਰਜ ਕੀਤੀ ਜਾ ਚੁੱਕੀ ਹੈ ਹੁਣ ਹਰਪਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਕਲਮਬੱਧ ਕਰਕੇ ਇਸ ਧਿਰ ਦੇ ਹੱਕ ਵਿੱਚ ਵੀ ਐਫ ਆਰ ਆਈ ਦਰਜ ਕੀਤੀ ਜਾਵੇਗੀ ।