ਜਿੱਥੇ ਜ਼ਿੰਦਗੀ ਖਤਮ ਹੁੰਦੀ ਹੈ, ਉੱਥੇ ਹੀ ਸ਼ੁਰੂ ਹੁੰਦੀ ਹੈ: ਅੰਮ੍ਰਿਤਸਰ ਦੇ ਸ਼ਮਸ਼ਾਨਘਾਟ 'ਚ ਗਰੀਬ ਪਰਿਵਾਰ ਨੇ ਕੀਤਾ ਧੀ ਦਾ ਵਿਆਹ
- ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ ਕਈ ਮਾਮਲੇ : ਪੜ੍ਹੋ ਪੁਰੀ ਰਿਪੋਰਟ
ਦੀਪਕ ਗਰਗ
ਕੋਟਕਪੂਰਾ 7 ਫਰਵਰੀ 2023 -
ਵਿਆਹ ਜੀਵਨ ਭਰ ਵਿੱਚ ਇੱਕ ਵਾਰ ਹੁੰਦਾ ਹੈ, ਇਸ ਲਈ ਹਰ ਕਿਸੇ ਦੇ ਆਪਣੇ ਸੁਪਨੇ ਇਸ ਨਾਲ ਜੁੜੇ ਹੁੰਦੇ ਹਨ। ਹਰ ਕਿਸੇ ਨੂੰ ਆਪਣੇ ਵਿਆਹ ਨੂੰ ਲੈ ਕੇ ਕਲਪਨਾ ਹੁੰਦੀ ਹੈ, ਇਹ ਸੂਚੀ ਮਹੀਨੇ ਪਹਿਲਾਂ ਹੀ ਤਿਆਰ ਕੀਤੀ ਜਾਂਦੀ ਹੈ ਕਿ ਵਿਆਹ ਕਿਸ ਜਗ੍ਹਾ ਅਤੇ ਕਿਸ ਤਰੀਕੇ ਨਾਲ ਹੋਵੇਗਾ। ਇਸ ਦੇ ਲਈ ਸਥਾਨ ਦੀ ਚੋਣ ਵੀ ਬਹੁਤ ਜ਼ਰੂਰੀ ਹੈ।
ਦੂੱਜੇ ਪਾਸੇ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੀ ਅੰਤਿਮ ਯਾਤਰਾ ਸ਼ਮਸ਼ਾਨਘਾਟ ਵਿੱਚ ਖਤਮ ਹੁੰਦੀ ਹੈ। ਜਿਥੋਂ ਰੋਜ ਰੋਣ ਦੀਆਂ ਆਉਂਦੀਆਂ ਹਨ ਪਰ ਅੱਜ ਅਮ੍ਰਿਤਸਰ ਦੇ ਸ਼ਮਸ਼ਾਨਘਾਟ ਵਿੱਚ ਸ਼ਹਿਨਾਈ ਦੀ ਗੂੰਜ ਸੁਣਾਈ ਦਿੱਤੀ। ਇੱਥੇ ਮੌਜੂਦ ਸਾਰਿਆਂ ਦੇ ਚਿਹਰਿਆਂ 'ਤੇ ਖੁਸ਼ੀ ਸੀ। ਦਰਅਸਲ ਇਸ ਸ਼ਮਸ਼ਾਨਘਾਟ 'ਚ ਇਕ ਵਿਆਹ ਹੋਇਆ ਹੈ ਅਤੇ ਨਵੇਂ ਵਿਆਹੇ ਜੋੜੇ ਨੇ ਇੱਥੋਂ ਹੀ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ। ਪਰਿਵਾਰ ਗਰੀਬ ਸੀ, ਜੋ ਆਪਣੀ ਧੀ ਦੇ ਵਿਆਹ ਲਈ ਪੈਲੇਸ ਬੁੱਕ ਨਹੀਂ ਕਰਵਾ ਸਕਦਾ ਸੀ। ਜਿਸਨੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਧੀ ਦਾ ਇੱਥੇ ਵਿਆਹ ਕਰਵਾਇਆ ਅਤੇ ਇੱਥੋਂ ਧੀ ਦੀ ਡੋਲੀ ਵੀ ਵਿਦਾ ਕਰ ਦਿੱਤੀ।
ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਵਿਆਹ ਜੋੜਾ ਫਾਟਕ ਤੋਂ ਬਿੱਲਾ ਵਾਲਾ ਚੌਕ ਮੋਹਕਮਪੁਰਾ ਦੇ ਸ਼ਮਸ਼ਾਨਘਾਟ ਵਿੱਚ ਹੋਇਆ ਹੈ। ਦਾਦਾ-ਦਾਦੀ ਅਤੇ ਉਨ੍ਹਾਂ ਦੀ ਇੱਕ ਪੋਤੀ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਸਨ। ਦਾਦਾ ਜੀ ਦਾ ਕੁਝ ਸਮਾਂ ਪਹਿਲਾਂ ਦਿਹਾਂਤ ਹੋ ਗਿਆ ਸੀ, ਦਾਦੀ ਵੀ ਬਹੁਤ ਬਿਰਧ ਹਨ। ਪੋਤੀ ਦਾ ਦੁੱਖ ਉਨ੍ਹਾਂ ਨੂੰ ਖਾ ਰਿਹਾ ਸੀ। ਜਿਸ ਤੋਂ ਬਾਅਦ ਇਲਾਕਾ ਵਾਸੀਆਂ ਨੇ ਧੀ ਲਈ ਚੰਗਾ ਲੜਕਾ ਲੱਭ ਲਿਆ ਅਤੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ।
ਪੈਲੇਸ ਜਾਂ ਧਰਮਸ਼ਾਲਾ ਬੁਕ ਕਰਨ ਲਈ ਪੈਸੇ ਨਹੀਂ ਸਨ
ਗਰੀਬ ਪਰਿਵਾਰ ਹੋਣ ਕਾਰਨ ਦਾਦੀ ਕੋਲ ਵਿਆਹ ਕਰਵਾਉਣ ਲਈ ਪੈਸੇ ਨਹੀਂ ਸਨ। ਇਲਾਕਾ ਨਿਵਾਸੀਆਂ ਨੇ ਵਿਆਹ ਲਈ ਪੈਸੇ ਇਕੱਠੇ ਕੀਤੇ। ਧੀ ਨੂੰ ਦੇਣ ਲਈ ਕੁਝ ਚੀਜ਼ਾਂ ਅਤੇ ਭੋਜਨ ਦਾ ਪ੍ਰਬੰਧ ਕੀਤਾ। ਜਿਸ ਤੋਂ ਬਾਅਦ ਸ਼ਮਸ਼ਾਨਘਾਟ ਅੰਦਰ ਹੀ ਉਸਦਾ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਵਿਆਹ ਕਰਵਾਇਆ ਗਿਆ ਅਤੇ ਉਥੋਂ ਹੀ ਡੋਲੀ ਵੀ ਤੋਰੀ ਗਈ।
ਸ਼ਮਸ਼ਾਨਘਾਟ ਤੋਂ ਪਵਿੱਤਰ ਕੋਈ ਥਾਂ ਨਹੀਂ
ਮੌਜੂਦ ਲੋਕਾਂ ਮੁਤਾਬਿਕ ਸ਼ਮਸ਼ਾਨਘਾਟ ਤੋਂ ਪਵਿੱਤਰ ਕੋਈ ਥਾਂ ਨਹੀਂ ਹੈ। ਬੇਸ਼ਕ ਲੋਕ ਇੱਥੇ ਆਉਣ ਤੋਂ ਡਰਦੇ ਹਨ, ਪਰ ਸੱਚਾਈ ਇਹ ਹੈ ਕਿ ਇਕ ਦਿਨ ਇੱਥੇ ਹਰ ਕਿਸੇ ਨੇ ਆਉਣਾ ਹੈ। ਜਦੋਂ ਇਹ ਵਿਆਹ ਇੱਥੇ ਕਰਨ ਦਾ ਫੈਸਲਾ ਹੋਇਆ ਤਾਂ ਕਈਆਂ ਨੇ ਉਨ੍ਹਾਂ 'ਤੇ ਹਾਸਾ ਵੀ ਉਡਾਇਆ। ਪਰ ਜਦੋਂ ਲੜਕੇ ਵਾਲੇ ਆਪ ਹੀ ਮੰਨ ਗਏ ਤਾਂ ਸਾਰਿਆਂ ਨੇ ਇਥੇ ਹੀ ਵਿਆਹ ਕਰਵਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ।
ਸ਼ਮਸ਼ਾਨਘਾਟ ਅੰਦਰ ਵਿਆਹ ਦੇ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ
ਕਰੀਬ 6 ਸਾਲ ਪਹਿਲਾਂ ਮਹਾਰਾਸ਼ਟਰ ਦੇ ਜਾਲਨਾ ਜ਼ਿਲ੍ਹੇ ਦੀ ਪਰਤੂਰ ਤਹਿਸੀਲ ਦੇ ਸ਼ਮਸ਼ਾਨਘਾਟ ਵਿੱਚ ਸ਼ਹਿਨਾਈ ਦੀ ਆਵਾਜ਼ ਸੁਣਾਈ ਦਿੱਤੀ ਸੀ, ਜਿੱਥੇ ਸੁਭਾਸ਼ ਗਾਇਕਵਾੜ ਨੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਲੱਖਾਂ ਰੁਪਏ ਖਰਚ ਕੀਤੇ ਬਿਨਾਂ ਹੀ ਆਪਣੀ ਧੀ ਨੂੰ ਇੱਥੋਂ ਵਿਦਾ ਕਰ ਦਿੱਤਾ।
ਦਰਅਸਲ, ਸੁਭਾਸ਼ ਗਾਇਕਵਾੜ ਪਿਛਲੇ ਕਈ ਸਾਲਾਂ ਤੋਂ ਪਰਤੁਰ ਦੇ ਬੈਕੁੰਠ ਧਾਮ (ਸ਼ਮਸ਼ਾਨਘਾਟ) ਵਿੱਚ ਰਹਿ ਰਹੇ ਸਨ।
21 ਅਪ੍ਰੈਲ 2017 ਨੂੰ ਸੁਭਾਸ਼ ਦੀ ਬੇਟੀ ਮੰਜੂਸ਼੍ਰੀ ਦਾ ਵਿਆਹ ਸਾਹਬਰਾਓ ਪਵਾਰ ਦੇ ਬੇਟੇ ਆਕਾਸ਼ ਨਾਲ ਹੋਇਆ ਸੀ।
ਖਾਸ ਗੱਲ ਇਹ ਹੈ ਕਿ ਇਹ ਵਿਆਹ ਉੱਥੇ ਹੋਇਆ ਸੀ, ਜਿੱਥੇ ਮ੍ਰਿਤਕ ਦੀ ਚਿਤਾ ਨੂੰ ਸਜਾਇਆ ਜਾਂਦਾ ਹੈ।
ਸ਼ਮਸ਼ਾਨਘਾਟ ਮੇਰੀ ਕਰਮਭੂਮੀ :
ਸੁਭਾਸ਼ ਡੋਮ ਨੇ ਉਸ ਸਮੇਂ ਕਿਹਾ ਸੀ ਕਿ ਸ਼ਮਸ਼ਾਨਘਾਟ ਮੇਰੀ ਕੰਮ ਵਾਲੀ ਥਾਂ ਹੈ, ਇਸ ਲਈ ਮੈਂ ਆਪਣੀ ਧੀ ਦਾ ਵਿਆਹ ਇੱਥੋਂ ਕਰਵਾਉਣ ਦਾ ਫੈਸਲਾ ਕੀਤਾ। ਇਸ ਵਿਆਹ 'ਚ ਦੋਵਾਂ ਪਰਿਵਾਰਾਂ ਦੇ ਸਾਰੇ ਲੋਕਾਂ ਅਤੇ ਦੋਸਤਾਂ ਨੇ ਵੀ ਸ਼ਿਰਕਤ ਕੀਤੀ।
ਨਵੰਬਰ 2017 ਚ' ਅਹਿਮਦਾਬਾਦ ਦਾ ਸ਼ਮਸ਼ਾਨਘਾਟ ਸ਼ਹਿਨਾਈ ਦੀ ਗੂੰਜ, ਫੁੱਲਾਂ ਨਾਲ ਸਜੇ ਮੰਡਪ, ਸੱਤ ਫੇਰੇ ਅਤੇ ਗੂੰਜਦੇ ਸ਼ੁਭ ਗੀਤਾਂ ਦਾ ਗਵਾਹ ਬਣਿਆ ਸੀ, ਸ਼ਮਸ਼ਾਨਘਾਟ ਵਿੱਚ ਵਿਆਹ ਵਰਗੇ ਪਵਿੱਤਰ ਰਿਸ਼ਤੇ ਦੀਆਂ ਤਾਰਾਂ ਜੁੜੀਆਂ ਹੋਈਆਂ ਸਨ। ਪ੍ਰਸਿੱਧ ਰਾਮ ਕਥਾ ਵਾਚਕ ਮੋਰਾਰੀ ਬਾਪੂ ਇਸ ਅਨੋਖੇ ਵਿਆਹ ਲਈ ਪ੍ਰੇਰਨਾ ਸਰੋਤ ਬਣੇ ਸਨ। ਗੁਜਰਾਤ ਵਿੱਚ ਬਾਪੂ ਦੇ ਜੱਦੀ ਪਿੰਡ ਤਲਗਾਜਰਦਾ ਦੇ ਸ਼ਮਸ਼ਾਨਘਾਟ ਵਿੱਚ 26 ਨਵੰਬਰ 2017 ਐਤਵਾਰ ਸਵੇਰੇ ਇੱਕ ਨੌਜਵਾਨ ਅਤੇ ਇੱਕ ਮੁਟਿਆਰ ਵਿਆਹ ਦੇ ਬੰਧਨ ਵਿੱਚ ਬੱਝ ਗਏ ਸਨ।
ਮੀਡਿਆ ਰਿਪੋਰਟਾਂ ਮੁਤਾਬਿਕ , ਅਕਤੂਬਰ 2017 ਵਿੱਚ, ਮੋਰਾਰੀ ਬਾਪੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕ ਸਭਾ ਖੇਤਰ ਬਨਾਰਸ ਵਿੱਚ ਮਸਾਨ ਗੰਗਾ ਦੇ ਕਿਨਾਰੇ ਸ਼ਮਸ਼ਾਨਘਾਟ ਨੇੜੇ ਆਪਣੀ 800ਵੀਂ ਰਾਮਕਥਾ ਮਾਨਸ ਸੁਣਾਈ ਸੀ। ਉਦੋਂ ਬਾਪੂ ਨੇ ਕਿਹਾ ਸੀ ਕਿ ਸ਼ਮਸ਼ਾਨਘਾਟ ਨੂੰ ਲੈ ਕੇ ਲੋਕਾਂ ਦੇ ਮਨਾਂ ਵਿਚ ਜੋ ਭੁਲੇਖੇ ਹਨ, ਉਨ੍ਹਾਂ ਨੂੰ ਦੂਰ ਕੀਤਾ ਜਾਵੇ। ਸ਼ਮਸ਼ਾਨਘਾਟ ਅਸ਼ੁਭ ਨਹੀਂ ਹੈ, ਇਹ ਇੱਕ ਮਹਾਨ ਪਵਿੱਤਰ ਸਥਾਨ ਹੈ। ਇਥੇ ਜਨਮਦਿਨ ਦੇ ਨਾਲ-ਨਾਲ ਵਿਆਹ ਦੀਆਂ ਰਸਮਾਂ ਵੀ ਹੋਣੀਆਂ ਚਾਹੀਦੀਆਂ ਹਨ। ਇਸ ਨਾਲ ਮਨ ਸ਼ਮਸ਼ਾਨਘਾਟ ਸਬੰਧੀ ਸਾਰੇ ਡਰਾਂ ਤੋਂ ਮੁਕਤ ਹੋ ਜਾਵੇਗਾ।
ਬਾਪੂ ਦੇ ਇਨ੍ਹਾਂ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਸਾਧੂ ਸਮਾਜ ਦੇ ਨੌਜਵਾਨ ਘਨਸ਼ਿਆਮ ਅਤੇ ਕੋਲੀ ਸਮਾਜ ਨਾਲ ਸਬੰਧਤ ਪਾਰੁਲ ਨੇ ਭਾਵਨਗਰ ਦੇ ਮਹੂਵਾ ਕਸਬੇ ਅਧੀਨ ਪੈਂਦੇ ਸ਼ਮਸ਼ਾਨਘਾਟ ਵਿੱਚ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਦੋਵੇਂ ਬਾਪੂ ਨੂੰ ਮਿਲਣ ਲਈ ਤਲਗਾਜਰਦਾ ਗਏ ਅਤੇ ਸ਼ਮਸ਼ਾਨਘਾਟ 'ਤੇ ਇਕ ਦੂਜੇ ਨੂੰ ਮਾਲਾ ਪਾਉਣ ਦੀ ਇੱਛਾ ਜ਼ਾਹਰ ਕੀਤੀ। ਬਾਪੂ ਨੇ ਬੇਨਤੀ ਮੰਨ ਲਈ।
ਜਿਸ ਤੋਂ ਬਾਅਦ ਤਲਗਾਜਰਦਾ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਘਨਸ਼ਿਆਮ ਅਤੇ ਪਾਰੁਲ ਸੱਤ ਜਨਮਾਂ ਦੇ ਬੰਧਨ ਵਿੱਚ ਬੱਝ ਗਏ। ਸਾਰੀਆਂ ਰਸਮਾਂ ਆਮ ਵਿਆਹ ਵਾਂਗ ਨਿਭਾਈਆਂ ਗਈਆਂ। ਜਦੋਂ ਘਨਸ਼ਿਆਮ ਬੈਂਡਬਾਜੇ ਨਾਲ ਬਾਰਾਤ ਲੈ ਕੇ ਸ਼ਮਸ਼ਾਨਘਾਟ ਪਹੁੰਚਿਆ ਤਾਂ ਦੁਲਹਨ ਪੱਖ ਨੇ ਆਪਣੀਆਂ ਪਲਕਾਂ ਵਿਛਾ ਦਿੱਤੀਆਂ। ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਜ਼ੋਰਦਾਰ ਸਵਾਗਤ ਕੀਤਾ। ਲਾੜਾ-ਲਾੜੀ ਪੱਖ ਦੇ ਲੋਕਾਂ ਨੇ ਸ਼ਮਸ਼ਾਨਘਾਟ ਵਿੱਚ ਇਕੱਠੇ ਗਰਬਾ ਵੀ ਕੀਤਾ।
ਇਸ ਦੌਰਾਨ ਜਿੱਥੇ ਅੰਤਿਮ ਸੰਸਕਾਰ ਚਿਤਾ ਬਲਦੀ ਹੈ, ਉੱਥੇ ਹਵਨ ਕੁੰਡ ਸਜਾਇਆ ਜਾਂਦਾ ਹੈ। ਫਿਰ ਸੱਤ ਫੇਰੇ ਹੋਏ। ਬਾਪੂ ਦੀ ਹਾਜ਼ਰੀ ਵਿੱਚ ਪੰਡਿਤ ਪ੍ਰਭਾ ਸ਼ੰਕਰ ਨੇ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ। ਉਸ ਸਮੇਂ ਪੂਰਾ ਸ਼ਮਸ਼ਾਨਘਾਟ ਫੁੱਲਾਂ ਦੀ ਮਹਿਕ ਨਾਲ ਭਰ ਗਿਆ। ਵਿਆਹ ਤੋਂ ਬਾਅਦ ਮੋਰਾਰੀ ਬਾਪੂ ਨੇ ਸ਼ਮਸ਼ਾਨਘਾਟ 'ਤੇ ਹੀ ਪ੍ਰਸ਼ਾਦ ਦੇ ਰੂਪ 'ਚ ਸਾਰਿਆਂ ਨੂੰ ਭੋਜਨ ਕਰਵਾਇਆ। ਵਿਆਹ ਸਮਾਗਮ ਵਿੱਚ ਮੋਰਾਰੀ ਬਾਪੂ ਦੇ ਭਰਾ ਦੇਵਾ ਕਾਕਾ ਅਤੇ ਬੇਟੇ ਪਾਰਥਿਵ ਸਮੇਤ ਸੈਂਕੜੇ ਲੋਕ ਮੌਜੂਦ ਸਨ।
ਕਬਰਸਤਾਨ ਵਿੱਚ ਲਾਸ਼ਾਂ ਵਿਚਕਾਰ ਵਿਆਹ
ਮਿਰਰ ਦੀ ਰਿਪੋਰਟ ਮੁਤਾਬਕ ਕੈਲੀਫੋਰਨੀਆ ਦੇ ਰੀਡਲੇ ਦੀ ਰਹਿਣ ਵਾਲੀ 27 ਸਾਲਾ ਨੌਰਮਾ ਨੀਨੋ ਨੇ ਆਪਣੇ ਲਾੜੇ 29 ਸਾਲਾ ਐਕਸਲ ਨਾਲ ਵਿਆਹ ਕਰਨ ਲਈ ਅਜਿਹੀ ਜਗ੍ਹਾ ਚੁਣੀ, ਜੋ ਲੋਕਾਂ ਦੀ ਸੋਚ ਤੋਂ ਪਰੇ ਸੀ। ਉਹ ਕਬਰਸਤਾਨ ਵਿਚ ਗਏ ਅਤੇ ਤਾਬੂਤ ਨਾਲ ਘਿਰੀ ਜਗ੍ਹਾ 'ਤੇ ਪਹੁੰਚ ਗਏ ਅਤੇ ਇਕੱਠੇ ਜਿਉਣ ਅਤੇ ਮਰਨ ਦੀ ਸਹੁੰ ਖਾਧੀ। ਨੌਰਮਾ ਨੇ ਦੱਸਿਆ ਕਿ ਉਸ ਨੇ ਇਸ ਕਬਰਸਤਾਨ ਵਿੱਚ ਸਾਲਾਂ ਬੱਧੀ ਕੰਮ ਕੀਤਾ ਹੈ ਅਤੇ ਇਹ ਪਹਿਲਾ ਕਬਰਸਤਾਨ ਹੈ ਜੋ ਸਿਰਫ਼ ਔਰਤਾਂ ਦੁਆਰਾ ਚਲਾਇਆ ਜਾਂਦਾ ਹੈ। ਅਜਿਹੇ 'ਚ ਉਸ ਨੇ ਵਿਆਹ ਲਈ ਇਸ ਜਗ੍ਹਾ ਨੂੰ ਚੁਣਿਆ। ਇਹ ਹੇਲੋਵੀਨ-ਥੀਮ ਵਿਆਹ ਮੇਰੇ ਲਈ ਸੰਪੂਰਨ ਹੈ, ਕਿਉਂਕਿ ਮੈਨੂੰ ਹੇਲੋਵੀਨ ਪਸੰਦ ਹੈ। ਸ਼ੁਰੂ ਵਿੱਚ ਲੋਕ ਇਸ ਵਿਆਹ ਤੋਂ ਡਰੇ ਹੋਏ ਸਨ ਪਰ ਬਾਅਦ ਵਿੱਚ ਲੋਕ 1930 ਦੇ ਦਹਾਕੇ ਦੇ ਪਹਿਰਾਵੇ ਪਾ ਕੇ ਇੱਥੇ ਵਿਆਹ ਵਿੱਚ ਸ਼ਾਮਲ ਹੋਏ।
ਲਾੜੀ ਕਾਲੇ ਪਹਿਰਾਵੇ ਵਿੱਚ ਪਹੁੰਚੀ
ਨੌਰਮਾ ਅਤੇ ਐਕਸਲ ਦੀ ਮੁਲਾਕਾਤ ਸਾਲ 2018 ਵਿੱਚ ਟਿੰਡਰ 'ਤੇ ਹੋਈ ਸੀ। 2 ਸਾਲ ਦੀ ਡੇਟਿੰਗ ਤੋਂ ਬਾਅਦ, ਐਕਸਲ ਨੇ ਨੌਰਮਾ ਨੂੰ ਪ੍ਰਸਤਾਵਿਤ ਕੀਤਾ ਅਤੇ ਅਕਤੂਬਰ, 2022 ਵਿੱਚ ਉਨ੍ਹਾਂ ਦਾ ਵਿਆਹ ਹੋ ਗਿਆ। ਆਮਤੌਰ 'ਤੇ ਤੁਸੀਂ ਦੁਲਹਨ ਨੂੰ ਸਫੇਦ ਜਾਂ ਲਾਲ ਰੰਗ ਦੀ ਡਰੈੱਸ 'ਚ ਦੇਖਿਆ ਹੋਵੇਗਾ ਪਰ ਇੱਥੇ ਦੁਲਹਨ ਬਲੈਕ ਡਰੈੱਸ 'ਚ ਪਹੁੰਚੀ। ਨੌਰਮਾ ਤਾਬੂਤ ਬਣਾਉਣ ਦਾ ਕੰਮ ਕਰਦੀ ਹੈ ਅਤੇ ਉਹ ਇਸ ਭੂਤ-ਪ੍ਰੇਤ ਵਿਆਹ ਤੋਂ ਬਹੁਤ ਖੁਸ਼ ਨਜ਼ਰ ਆ ਰਹੀ ਸੀ।