ਬੇਅੰਤ ਸਿੰਘ ਪਰਿਵਾਰ ਨੂੰ ਅਲਾਟ ਸਰਕਾਰੀ ਕੋਠੀ ਨੂੰ ਲੈ ਕੇ ਨਹੀਂ ਨਿਬੜਿਆ ਰੇੜਕਾ ਪੰਜਾਬ ਸਰਕਾਰ ਤੇ ਚੰਡੀਗੜ੍ਹ ਯੂ ਟੀ ਵਿਚਕਾਰ , ਪੜ੍ਹੋ ਵੇਰਵਾ
ਚੰਡੀਗੜ੍ਹ, 8 ਫਰਵਰੀ, 2023: ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਨੂੰ ਇਥੇ ਸੈਕਟਰ 5 ਵਿਚ ਅਲਾਟ ਕੋਠੀ ਨੰਬਰ 33 ਨੂੰ ਲੈ ਕੇ ਪੰਜਾਬ ਅਤੇ ਚੰਡੀਗੜ੍ਹ ਵਿਚਕਾਰ ਰੇੜਕਾ ਹਾਲੇ ਤੱਕ ਨਹੀਂ ਨਿਬੜਿਆ। ਅਸਲ ਵਿਚ ਇਹ ਕੋਠੀ 1995 ਵਿਚ ਬੇਅੰਤ ਸਿੰਘ ਦੇ ਪਰਿਵਾਰ ਨੂੰ ਅਲਾਟ ਹੋਈ ਸੀ।
ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਪੱਤਰ ਲਿਖ ਕੇ ਆਖਿਆ ਸੀ ਕਿ ਕੋਠੀ ਦੀ ਅਲਾਟਮੈਂਟ ਨੂੰ ਪੰਜਾਬ ਕੋਟੇ ਵਿਚ ਤਬਦੀਲ ਕਰ ਲਿਆ ਜਾਵੇ ਪਰ ਹਾਲੇ ਤੱਕ ਚੰਡੀਗੜ੍ਹ ਪ੍ਰਸ਼ਾਸਨ ਅਜਿਹਾ ਨਹੀਂ ਹੋਇਆ ਲੱਗਦਾ ਹੈ ਤੇ ਚੰਡੀਗੜ੍ਹ ਪਰਸ਼ਾਸ਼ਨ ਵੱਲੋਂ ਸਮੇਂ ਸਮੇਂ ’ਤੇ ਕੋਠੀ ਖਾਲੀ ਕਰਨ ਦੇ ਨੋਟਿਸ ਜਾਰੀ ਹੋਣ ’ਤੇ ਮਾਮਲਾ ਮੁੜ ਉਠਾ ਖੜ੍ਹਾ ਹੁੰਦਾ ਹੈ।
ਇਸ ਮਾਮਲੇ ਵਿਚ ਸਾਬਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਦੱਸਿਆ ਕਿ ਸਾਨੂੰ ਤਾਂ ਕੋਠੀ ਪੰਜਾਬ ਸਰਕਾਰ ਨੇ ਬਕਾਇਦਾ ਅਲਾਟ ਕੀਤੀ ਹੋਈਹੈ। ਉਹਨਾਂ ਕਿਹਾ ਕਿ ਕੋਠੀ ਦਾ ਕੋਟਾ ਪੰਜਾਬ ਵਿਚ ਤਬਦੀਲ ਕਰਨ ਦਾ ਮਾਮਲਾ ਪੰਜਾਬ ਅਤੇ ਚੰਡੀਗੜ੍ਹ ਦਾ ਆਪਸੀ ਮਾਮਲਾ ਹੈ ਜਿਸ ਨਾਲ ਪਰਿਵਾਰ ਦਾ ਕੋਈ ਲੈਣਾ ਦੇਣਾ ਨਹੀਂ ਹੈ। ਉਹਨਾਂ ਕਿਹਾ ਕਿ ਅਸੀਂ ਕਾਨੂੰਨੀ ਤੌਰ ’ਤੇ ਅਲਾਟ ਕੋਠੀ ਵਿਚ ਹੀ ਰਹਿ ਰਹੇ ਹਾਂ।