ਆਪ ਦੀ ਸਰਕਾਰ ਸ਼ਹੀਦ ਭਗਤ ਸਿੰਘ ਤੇ ਭੀਮ ਰਾਓ ਅੰਬੇਦਕਰ ਦੀ ਸੋਚ ਤੇ ਚੱਲਣ ਦੇ ਕਰ ਰਹੀ ਹੈ ਡਰਾਮੇ - ਦਰਸ਼ਨ ਢਿੱਲਵਾਂ
- ਸ਼ਹੀਦ ਭਗਤ ਸਿੰਘ ਦੀ ਮਾਤਾ ਦੇ ਨਾਮ ਤੇ ਬਣੀ ਡਿਸਪੈਂਸਰੀ ਨਾਮ ਬਦਲਣ ਦੀ ਕੀਤੀ ਨਿਖੇਧੀ
ਮਨਜੀਤ ਸਿੰਘ ਢੱਲਾ
ਜੈਤੋ, 8 ਫਰਵਰੀ 2023 : ਅੱਜ ਇੱਥੇ ਵਿਧਾਨ ਸਭਾ ਹਲਕਾ ਜੈਤੋ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਦਰਸ਼ਨ ਸਿੰਘ ਢਿੱਲਵਾਂ ਨੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰੀ ਦਫ਼ਤਰਾਂ ਵਿੱਚ ਸ਼ਹੀਦ ਭਗਤ ਸਿੰਘ ਤੇ ਬਾਬਾ ਸਾਹਿਬ ਭੀਮ ਰਾਓ ਅੰਬਦੇਕਰ ਦੀਆਂ ਫੋਟੋਆਂ ਲਗਾ ਕੇ ਉਨ੍ਹਾਂ ਦੀ ਵਿਚਾਰਧਾਰਾ ਤੇ ਚੱਲਣ ਦੀ ਸਿਰਫ਼ ਡਰਾਮੇਬਾਜ਼ੀ ਕਰ ਰਹੀ ਹੈ। ਇਸ ਦੀ ਸਪੱਸ਼ਟ ਉਦਾਹਾਰਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਮੋਰਾਂਵਾਲੀ ਜੋ ਕਿ ਸ਼ਹੀਦ ਭਗਤ ਸਿੰਘ ਦਾ ਨਾਨਕਾ ਪਿੰਡ ਹੈ।
ਜਿੱਥੇ ਸ਼ਹੀਦ ਭਗਤ ਸਿੰਘ ਦੀ ਮਾਤਾ ਵਿੱਦਿਆਵਤੀ ਦੇ ਨਾਮ ਤੇ ਡਿਸਪੈਂਸਰੀ ਚੱਲ ਰਹੀ ਸੀ। ਉਸ ਨੂੰ ਮਹੁੱਲਾ ਕਲੀਨਿਕ ਬਣਾਉਣ ਦੀ ਸਸਤੀ ਸ਼ੋਹਰਤ ਖੱਟਣ ਲਈ ਉਸ ਦਾ ਨਾਮ ਬਦਲ ਕੇ ਆਮ ਆਦਮੀ ਕਲੀਨਿਕ ਹਰ ਦਿੱਤਾ ਗਿਆ ਹੈ।ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹਾਂਥੀ ਦੰਦਾਂ ਵਾਂਗ ਖਾਣ ਵਾਲੇ ਦੰਦ ਹੋਰ ਤੇ ਦਿਖਾਉਣ ਵਾਲੇ ਦੰਦ ਹੋਰ ਹਨ।
ਦਰਸ਼ਨ ਸਿੰਘ ਢਿੱਲਵਾਂ ਨੇ ਅੱਗੇ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 11 ਮਹੀਨਿਆਂ ਤੋਂ ਉਪਰ ਸਮਾਂ ਹੋ ਗਿਆ ਹੈ ਤੇ ਲੋਕਾਂ ਨਾਲ ਵੱਡੇ - ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਸਰਕਾਰ ਦਾ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰਨ ਵੱਲ ਕੋਈ ਧਿਆਨ ਨਹੀਂ ਹੈ। ਪੰਜਾਬ ਅੰਦਰ ਹਰ ਰੋਜ ਵੱਡੇ ਪੱਧਰ ਤੇ ਲੁੱਟ ਖਸੁੱਟ ਕਾਤਲ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ।
ਪੰਜਾਬ ਵਿੱਚ ਨਸ਼ਾ ਖੋਰੀ, ਭ੍ਰਿਸ਼ਟਾਚਾਰ ਦਾ ਪੂਰੀ ਤਰ੍ਹਾਂ ਨਾਲ ਬੋਲਬਾਲਾ ਹੈ। ਜਿਸ ਨੂੰ ਰੋਕਣ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਆਉਣ ਵਾਲੀ ਜਲੰਧਰ ਦੀ ਜ਼ਿਮਨੀ ਚੋਣ ਵਿੱਚ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਬਕ ਸਿਖਾਉਣ ਲਈ ਤਿਆਰ ਬੈਠੇ ਹਨ। ਇਸ ਮੌਕੇ ਤੇ ਉਨ੍ਹਾਂ ਨਾਲ ਸਰਪੰਚ ਭਗਵੰਤ ਸਿੰਘ ਬਰਾੜ ਚੈਨਾ, ਬਲਾਕ ਸੰਮਤੀ ਮੈਂਬਰ ਅਵਤਾਰ ਸਿੰਘ ਬਰਾੜ, ਸਤਿੰਦਰ ਸਿੰਘ ਸੱਤਾ ਭਾਊ ਕਾਸਮਭੱਟੀ, ਮਾਰਕੀਟ ਕਮੇਟੀ ਜੈਤੋ ਦੇ ਸਾਬਕਾ ਵਾਈਸ ਚੇਅਰਮੈਨ ਜਗਦੀਸ਼ ਘਣੀਆਂ, ਸਰਪੰਚ ਬਲਵੀਰ ਸਿੰਘ ਕੋਠੇ ਸਰਾਵਾਂ, ਭੁਪਿੰਦਰ ਸਿੰਘ ਬਰਾੜ ਸਰਪੰਚ ਮੱਲਾਂ, ਸਾਬਕਾ ਸਰਪੰਚ ਗੁਰਾ ਸਿੰਘ ਦਬੜੀਖਾਨਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਭਜਨ ਸਿੰਘ ਸੇਵੇਵਾਲਾ, ਸਰਪੰਚ ਬਲਤੇਜ ਸਿੰਘ ਸੂਰਘੂਰੀ, ਸਰਪੰਚ ਕਰਮ ਸਿੰਘ ਅਜਿੱਤਗਿੱਲ, ਰਾਜਬਿੰਦਰ ਸਿੰਘ ਰਾਜਾ ਸੰਧੂ ਚੈਨਾ, ਸੱਤਾ ਸਰਾਵਾਂ, ਬਲਕੌਰ ਸਿੰਘ ਸਰਾਵਾਂ, ਮਨਪ੍ਰੀਤ ਸਿੰਘ ਬਰਾੜ ਪੰਚ ਸੂਰਘੂਰੀ ਆਦਿ ਹਾਜ਼ਰ ਸਨ।