ਬੇਖੌਫ ਲੁਟੇਰੇ ਪਹੁੰਚੇ ਘਰਾਂ ਦੇ ਦਰਾਂ ਤੱਕ, ਘਰ ਦੇ ਬਾਹਰ ਧੁੱਪ ਸੇਕ ਰਹੀ ਔਰਤ ਦੇ ਗਲ 'ਚੋਂ ਲਾਹੀ ਚੇਨ
- ਕਲੋਨੀ ਵਾਸੀਆਂ ਨੇ ਸੁਰੱਖਿਆ ਪ੍ਰਬੰਧ ਪੁਖਤਾ ਕਰਨ ਲਈ ਐਸਐਸਪੀ ਕੋਲ ਲਗਾਈ ਗੁਹਾਰ
ਬਠਿੰਡਾ, 8 ਫਰਵਰੀ 2023 - ਕਾਨੂੰਨ ਅਤੇ ਵਿਵਸਥਾ ਠੀਕ ਹੋਣ ਦੇ ਸੂਬਾ ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਚੋਰਾਂ ਅਤੇ ਲੁਟੇਰਿਆਂ ਦੇ ਹੌਂਸਲੇ ਪੂਰੀ ਤਰ੍ਹਾਂ ਬੁਲੰਦ ਹਨ ਅਤੇ ਹਾਲ ਇਹ ਹੈ ਕਿ ਹੁਣ ਲੁਟੇਰੇ ਘਰਾਂ ਤੱਕ ਪਹੁੰਚ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਜਿਸਦੀ ਤਾਜ਼ਾ ਉਦਾਹਰਣ ਸਥਾਨਕ ਕਮਲਾ ਨਹਿਰੂ ਕਾਲੋਨੀ ਤੋਂ ਸਾਹਮਣੇ ਆਈ ਹੈ। ਜਿੱਥੇ ਕਿ ਦਿਨ ਦਿਹਾੜੇ ਦੁਪਹਿਰ ਸਮੇਂ ਕਰੀਬ ਸਵਾ 12 ਵਜੇ ਆਪਣੇ ਘਰ ਦੇ ਬਾਹਰ ਆਪਣੇ ਪਰਿਵਾਰ ਸਮੇਤ ਧੁੱਪ ਸੇਕ ਰਹੀ ਇੱਕ ਔਰਤ ਦੇ ਗਲ ਵਿੱਚੋਂ ਸੋਨੇ ਦੀ ਚੇਨ ਉਤਾਰ ਕੇ ਲੈ ਗਏ।
ਇਸ ਦੌਰਾਨ ਔਰਤ ਵੱਲੋਂ ਚੇਨ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਉਹ ਨਾਕਾਮਯਾਬ ਰਹੀ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਕਮਲਾ ਨਹਿਰੂ ਨਗਰ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਦੋ ਲੁਟੇਰੇ ਸਨ, ਇਸ ਦੌਰਾਨ ਇੱਕ ਲੁਟੇਰਾ ਮੋਟਰਸਾਈਕਲ ਸਟਾਰਟ ਕਰਕੇ ਖੜਾ ਰਿਹਾ ਅਤੇ ਚੇਨ ਝਪਟਣ ਸਾਰ ਹੀ ਉਹ ਮੋਟਰਸਾਈਕਲ ‘ਤੇ ਬੈਠ ਕੇ ਫਰਾਰ ਹੋ ਗਿਆ।
ਉਨ੍ਹਾਂ ਵੱਲੋਂ ਮੋਟਰਸਾਈਕਲ ਦੀ ਨੰਬਰ ਪਲੇਟ ‘ਤੇ ਵੀ ਰੰਗ ਨਾਲ ਨੰਬਰ ਲੁਕਾਇਆ ਹੋਇਆ ਸੀ। ਇਸਤੋਂ ਇਲਾਵਾ ਉਨ੍ਹਾਂ ਵੱਲੋਂ ਆਪਣਾ ਮੂੰਹ ਵੀ ਢਕਿਆ ਹੋਇਆ ਸੀ, ਇਸੇ ਲਈ ਉਹ ਇੱਕ ਸੀਸੀਟੀਵੀ ਕੈਮਰੇ ਵਿਚ ਆਉਣ ਦੇ ਬਾਵਜੂਦ ਵੀ ਪਛਾਣੇ ਨਹੀਂ ਜਾ ਪਾ ਰਹੇ।ਉਨ੍ਹਾਂ ਦੱਸਿਆ ਕਿ ਇਸ ਮਸਲੇ ਨੂੰ ਲੈ ਕੇ ਅੱਜ ਸੋਸਾਇਟੀ ਮੈਂਬਰਾ ਵੱਲੋਂ ਜਿਲ੍ਹੇ ਦੇ ਐਸਐਸਪੀ ਜੇ. ਇਲਨਚੇਲੀਅਨ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ। ਜਿਸ ‘ਤੇ ਪੁਲਿਸ ਮੁਖੀ ਵੱਲੋਂ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੰਦੇ ਹੋਏ ਸੁਰੱਖਿਆ ਇੰਤਜ਼ਾਮਾਂ ਨੂੰ ਪੁਖਤਾ ਕਰਨ ਦੀ ਗੱਲ੍ਹ ਕਹੀ ਗਈ।
ਇਸ ਦੌਰਾਨ ਮੌਜੂਦ ਸੋਸਾਇਟੀ ਦੇ ਸਕੱਤਰ ਜਰਨੈਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਇਹ ਉਨ੍ਹਾਂ ਦੀ ਕਾਲੋਨੀ ਵਿਚ ਕਰੀਬ ਚੌਥੀ ਘਟਨਾ ਹੈ ਅਤੇ ਕਾਲੋਨੀ ਚਹੁੰ-ਪਾਸਿਆਂ ਤੋਂ ਖੁੱਲੀ ਹੋਣ ਕਾਰਨ ਸਾਰਿਆਂ ਵਿਚ ਬਹੁਤ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਕਲੋਨੀ ਵਾਸੀਆਂ ਨੇ ਆਸ਼ਾ ਵਿਅਕਤ ਕੀਤੀ ਕਿ ਪੁਲਿਸ ਪ੍ਰਸ਼ਾਸਨ ‘ਤੇ ਉਨ੍ਹਾਂ ਨੂੰ ਭਰੋਸਾ ਹੈ ਅਤੇ ੳਨ੍ਹਾਂ ਨੂੰ ਮਾਮਲੇ ਵਿਚ ਜਲਦ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ ਅਤੇ ਕਲੋਨੀ ਵਿਚ ਪੀਸੀਆਰ ਪੁਲਿਸ ਦੀ ਜਰੂਰੀ ਗਸ਼ਤ ਬਾਰੇ ਵੀ ਗੱਲ੍ਹ ਕਹੀ ਗਈ ਹੈ।