ਯੁਵਕ ਸੇਵਾਵਾਂ ਵਿਭਾਗ ਲੁਧਿਆਣਾ ਵੱਲੋਂ ਦੱਸ ਰੋਜ਼ਾ ਅੰਤਰਰਾਜ਼ੀ ਦੌਰਾ ਸੰਪੰਨ
- ਪ੍ਰੋਗਰਾਮ ਲਈ 13 ਨੌਜਵਾਨਾਂ ਦੀ ਟੀਮ ਵਾਪਸ ਪਰਤੀ
ਸਰਬਜੀਤ ਸਿੰਘ ਪਨੇਸਰ
ਲੁਧਿਆਣਾ 08 ਫਰਵਰੀ 2023 - ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਯੁਵਕ ਸੇਵਾਵਾਂ ਵਿਭਾਗ ਵੱਲੋਂ ਹਰ ਸਾਲ ਦੇਸ਼ ਦਾ ਦੌਰੇ ਦਾ ਪ੍ਰੋਗਰਾਮ ਕਰਵਾਇਆ ਜਾਂਦਾ ਹੈ ਤਾਂ ਜੋ ਨੌਜਵਾਨ ਹੋਰਨਾਂ ਸੂਬਿਆਂ ਦੇ ਸੱਭਿਆਚਾਰ ਅਤੇ ਸੱਭਿਅਤਾ ਤੋਂ ਜਾਣੂ ਹੋ ਸਕਣ।
ਇਸ ਸਬੰਧੀ ਯੁਵਕ ਸੇਵਾਵਾਂ ਵਿਭਾਗ ਲੁਧਿਆਣਾ ਦੇ ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਨੇ ਦੱਸਿਆ ਕਿ ਯੁਵਕ ਸੇਵਾਵਾਂ ਵਿਭਾਗ ਲੁਧਿਆਣਾ ਵੱਲੋਂ ਨੌਜਵਾਨਾਂ ਨੂੰ 25 ਜਨਵਰੀ ਤੋਂ 3 ਫਰਵਰੀ ਤੱਕ ਗੋਆ ਰਾਜ ਦੇ ਦੌਰੇ ਲਈ ਭੇਜਿਆ ਗਿਆ ਸੀ।ਉਨ੍ਹਾਂ ਨੂੰ ਸੂਬੇ ਦੇ ਸੱਭਿਆਚਾਰ ਤੋਂ ਜਾਣੂੰ ਕਰਵਾਉਣ ਲਈ ਇਹ ਦੌਰਾ ਕਰਵਾਇਆ ਗਿਆ।
ਇਸ ਦੌਰਾਨ ਵਿਦਿਆਰਥੀਆਂ ਨੇ ਉਸ ਰਾਜ ਦੇ ਖੂਬਸੂਰਤ ਨਜ਼ਾਰਿਆਂ ਦਾ ਆਨੰਦ ਵੀ ਮਾਣਿਆ ਜਿਸ ਵਿੱਚ ਉਸ ਰਾਜ ਦੇ ਸੱਭਿਆਚਾਰਕ ਸਥਾਨਾਂ ਜਿਵੇਂ ਮੰਦਰ, ਚਰਚ ਅਤੇ ਦੇਸ਼ ਦੇ ਸਾਬਕਾ ਰੱਖਿਆ ਮੰਤਰੀ ਮਨੋਹਰ ਪਾਰੀਕਰ ਦੀ ਸਮਾਧ, ਵਿਗਿਆਨ ਕੇਂਦਰ ਆਦਿ ਦੇ ਦਰਸ਼ਨ ਕੀਤੇ। ਇਸ ਦੇ ਨਾਲ ਹੀ ਟੀਮ ਨੇ ਉੱਤਰੀ ਗੋਆ, ਦੱਖਣੀ ਗੋਆ ਦੇ ਨਾਲ-ਨਾਲ ਸਮੁੰਦਰੀ ਕਿਨਾਰੇ ਦਾ ਵੀ ਨਜ਼ਾਰਾ ਲਿਆ।
ਇਸ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਨੌਜਵਾਨਾਂ ਦੇ ਖਾਣ-ਪੀਣ ਦਾ ਸਾਰਾ ਖਰਚਾ ਵਿਭਾਗ ਵੱਲੋਂ ਚੁੱਕਿਆ ਗਿਆ।
ਇਨ੍ਹਾਂ ਨੌਜਵਾਨਾਂ ਨੂੰ ਲੁਧਿਆਣਾ ਸਟੇਸ਼ਨ ਤੋਂ ਭੇਜਿਆ ਗਿਆ ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਲਤੋਂ ਕਲਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ, ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਗ੍ਰਾਮ ਲੁਧਿਆਣਾ, ਯੂਥ ਕਲੱਬਾਂ ਅਤੇ ਰੈੱਡ ਰਿਬਨ ਕਲੱਬ ਦੇ ਵਿਦਿਆਰਥੀਆਂ ਨੇ ਭਾਗ ਲਿਆ। ਟੀਮ ਨੇ ਉੱਥੇ ਪੰਜਾਬੀ ਸੱਭਿਆਚਾਰ 'ਤੇ ਪ੍ਰੋਗਰਾਮ ਵੀ ਕੀਤਾ ਜਿਸ ਵਿੱਚ ਖੇਡ ਮੁਕਾਬਲੇ ਵਿੱਚ ਭਾਗ ਲੈਣ ਲਈ ਪਹੁੰਚੇ ਲੋਕਾਂ ਨੇ ਵੀ ਆਪਣੀ ਸ਼ਮੂਲੀਅਤ ਦਿਖਾਈ।
ਲੁਧਿਆਣਾ ਤੋਂ ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਲੋਟੇ, ਪਰਮਬੀਰ ਸਿੰਘ, ਮੈਡਮ ਸੁਖਪਾਲ ਕੌਰ (ਸਮਰਾਲਾ) ਅਤੇ ਮੁੱਖ ਦਫਤਰ ਤੋਂ ਜਗਤਾਰ ਸਿੰਘ ਨੇ ਵੀ ਵਿਦਿਆਰਥੀਆਂ ਦੇ ਨਾਲ ਇਸ ਯਾਤਰਾ ਵਿੱਚ ਯੋਗਦਾਨ ਪਾਇਆ ਅਤੇ ਅੱਜ ਲੁਧਿਆਣਾ ਰੇਲਵੇ ਸਟੇਸ਼ਨ ਵਿਖੇ ਇਸ ਯਾਤਰਾ ਨੂੰ ਸਫਲਤਾਪੂਰਵਕ ਸੰਪੰਨ ਕੀਤਾ। ਟੀਮ ਮੈਂਬਰਾਂ ਨੇ ਸਰਕਾਰ ਨੂੰ ਅਜਿਹੇ ਹੋਰ ਟੂਰ ਕਰਵਾਉਣ ਲਈ ਆਪਣੇ ਸੁਝਾਅ ਦਿੱਤੇ, ਜਿਨ੍ਹਾਂ ਵਿੱਚ ਦੇਸ਼ ਦੇ ਹੋਰਨਾਂ ਰਾਜਾਂ ਦੀਆਂ ਸੱਭਿਆਚਾਰਕ ਗਤੀਵਿਧੀਆਂ ਬਾਰੇ ਜਾਗਰੂਕਤਾ ਹਾਸਲ ਕੀਤੀ ਜਾਂਦੀ ਹੈ।