ਸੇਵਾਪੰਥੀਆਂ ਦੇ ਡੇਰਾ ਗਿਆਨੀ ਅਮੀਰ ਸਿੰਘ ਅੰਮ੍ਰਿਤਸਰ ਦਾ ਵਿਵਾਦ ਪੁੱਜਾ ਜਥੇਦਾਰ ਅਕਾਲ ਤਖਤ ਸਾਹਿਬ ਕੋਲ
ਬਠਿੰਡਾ, 8 ਫਰਵਰੀ 2023 - ਸੇਵਾਪੰਥੀਆਂ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਥਿੱਤ ਡੇਰਾ ਗਿਆਨੀ ਅਮੀਰ ਸਿੰਘ ਦੇ ਮੁਖੀ ਮਹੰਤ ਬਾਬਾ ਮੱਖਣ ਸਿੰਘ ਦੇ ਅਕਾਲ ਚਲਾਣੇ ਉਪਰੰਤ ਡੇਰੇ ਸਬੰਧੀ ਪੈਦਾ ਹੋਇਆ ਵਿਵਾਦ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਪੁੱਜ ਗਿਆ ਹੈ ਅਤੇ ਸੇਵਾਪੰਥੀ ਸੰਪਰਦਾਇ ਦੇ ਧਾਰਮਿਕ ਆਗੂਆਂ ਨੇ ਉਕਤ ਮਾਮਲੇ ਤੇ ਜਥੇਦਾਰ ਅਕਾਲ ਤਖਤ ਸਾਹਿਬ ਤੋਂ ਦਖਲ ਦੀ ਮੰਗ ਕੀਤੀ ਹੈ।
ਅੱਜ ਦਮਦਮਾ ਸਾਹਿਬ ਵਿਖੇ ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾਪੰਥੀ ਅੱਡਣਸ਼ਾਹੀ ਸਭਾ (ਰਜਿ:) ਦੇ ਮੁਖੀ ਮਹੰਤ ਬਾਬਾ ਕਰਮਜੀਤ ਸਿੰਘ ਦੀ ਅਗਵਾਈ ਚ ਮਿਲੇ ਵਫਦ ਨੇ ਇੱਕ ਸ਼ਿਕਾਇਤ ਪੱਤਰ ਸੌਂਪਿਆ।ਉਕਤ ਪੱਤਰ ਮੁਤਾਬਿਕ ਡੇਰਾ ਗਿਆਨੀ ਅਮੀਰ ਸਿੰਘ,ਟਕਸਾਲ ਭਾਈ ਮਨੀ ਸਿੰਘ ਸੱਤੋਵਾਲੀ ਗਲੀ ਅੰਮ੍ਰਿਤਸਰ ਸਾਹਿਬ,ਸੇਵਾਪੰਥੀਆਂ ਦੇ ਸਭ ਤੋਂ ਪੁਰਾਣੇ ਡੇਰਿਆਂ ਵਿੱਚੋਂ ਇੱਕ ਹੈ।
ਪਿਛਲੇ ਦਿਨੀਂ ਇਸ ਅਸਥਾਨ ਦੀ ਸੇਵਾ ਨਿਭਾ ਰਹੇ ਮਹੰਤ ਬਾਬਾ ਮੱਖਣ ਸਿੰਘ ਅਕਾਲ ਚਲਾਣੇ ਉਪਰੰਤ ਉਨਾਂ ਦੇ ਸਪੁੱਤਰ ਨੇ ਸੇਵਾਪੰਥੀ ਸੰਪਰਦਾਇ ਦੇ ਇਸ ਅਸਥਾਨ ਨੂੰ ਖੁਰਦ ਬੁਰਦ ਕਰਨ ਦੇ ਇਰਾਦੇ ਨਾਲ ਕੁਝ ਬਾਹਰੀ ਲੋਕਾਂ ਦੀ ਮਦੱਦ ਨਾਲ ਕਬਜ਼ਾ ਕਰ ਲਿਆ ਹੈ।ਸਭਾ ਦੇ ਆਗੂਆਂ ਅਨੁਸਾਰ ਜਦੋਂ ਉਕਤ ਕੰਮ ਦਾ ਸੇਵਾਪੰਥੀ ਅੱਡਣਸ਼ਾਹੀ ਸਭਾ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਅਤੇ ਹੋਰਨਾਂ ਸੰਤਾਂ ਮਹਾਂਪੁਰਸ਼ਾਂ ਵੱਲੋਂ ਵਿਰੋਧ ਕੀਤਾ ਗਿਆ ਤਾਂ ਉਨਾਂ ਨੂੰ ਡਰਾਵੇ ਦਿੱਤੇ ਗਏ ਜਿਸ ਨਾਲ ਸੇਵਾਪੰਥੀ ਅਸਥਾਨ ਦੀ ਮਰਿਯਾਦਾ ਭੰਗ ਹੋਈ ਅਤੇ ਉਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੱਡੀ ਸੱਟ ਵੱਜੀ ਹੈ।
ਆਗੂਆਂ ਮੁਤਾਬਿਕ ਸਵਰਗੀ ਮਹੰਤ ਮੱਖਣ ਸਿੰਘ ਦੇ ਸਸਕਾਰ ਮੌਕੇ ਹੀ ਉਨਾਂ ਦੇ ਸਪੁੱਤਰ ਨੇ ਮਰਯਾਦਾ ਦੇ ਉਲਟ ਜਾ ਕੇ ਆਪਣੇ ਕੁਝ ਸਾਥੀਆਂ ਦੀ ਸਹਾਇਤਾ ਨਾਲ ਦਸਤਾਰਬੰਦੀ ਵੀ ਕਰ ਲਈ ਅਤੇ ਸੰਪਰਦਾਇ ਵੱਲੋਂ ਮਹੰਤ ਮੱਖਣ ਸਿੰਘ ਦੀ ਅੰਤਿਮ ਅਰਦਾਸ ਲਈ ਨਿਯਤ ਕੀਤੀ 19 ਫਰਵਰੀ ਦੀ ਤਰੀਕ ਦੇ ਉਲਟ ਜਾ ਕੇ 12 ਫਰਵਰੀ ਨੂੰ ਹੀ ਆਪਣੇ ਵੱਲੋਂ ਵੱਖਰੇ ਤੌਰ ਤੇ ਅਰਦਾਸ ਸਮਾਗਮ ਰੱਖ ਲਿਆ।ਸੰਪਰਦਾਇ ਦੇ ਆਗੂਆਂ ਨੇ ਜਥੇਦਾਰ ਅਕਾਲ ਤਖਤ ਤੋਂ ਮੰਗ ਕੀਤੀ ਕਿ 12 ਫਰਵਰੀ ਵਾਲੇ ਸਮਾਗਮ ਨੂੰ ਰੋਕਣ ਦੇ ਆਦੇਸ਼ ਜਾਰੀ ਹੋਣ ਅਤੇ ਜਦੋਂ ਤੱਕ ਡੇਰਾ ਭਾਈ ਅਮੀਰ ਸਿੰਘ ਅਸਥਾਨ ਦਾ ਕੋਈ ਪ੍ਰਬੰਧ ਨਹੀ ਹੁੰਦਾ ਉਦੋਂ ਤੱਕ ਉਕਤ ਸਥਾਨ ਦੇ ਸੁਚਾਰੂ ਪ੍ਰਬੰਧ ਲਈ 5 ਮੈਂਬਰੀ ਕਮੇਟੀ ਬਣਾਕੇ ਉਸਨੂੰ ਸੇਵਾ ਸੰਭਾਲ ਦਿੱਤੀ ਜਾਵੇ।