ਮਲਬਾ ਚੁੱਕ ਰਹੇ ਮਜ਼ਦੂਰ ਦੀ ਛੱਤ ਤੋਂ ਡਿੱਗਣ ਨਾਲ ਹੋਈ ਮੌ+ਤ
ਦੀਪਕ ਜੈਨ
ਜਗਰਾਉਂ, 8 ਫਰਵਰੀ 2023 - ਅੱਜ ਸਵੇਰੇ ਸਥਾਨਕ ਢੋਲਾਂ ਵਾਲਾ ਖੂਹ ਵਿਖੇ ਇੱਕ ਘਰ ਦਾ ਮਲਬਾ ਚੁੱਕਣ ਗਏ ਇੱਕ ਮਜ਼ਦੂਰ ਦੀ ਛੱਤ ਤੋਂ ਹੇਠਾਂ ਡਿੱਗਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਮਜ਼ਦੂਰ ਦੀ ਭੈਣ ਨੀਲਮ ਨੇ ਦੱਸਿਆ ਕਿ ਉਸ ਦਾ ਭਰਾ ਰਮੇਸ਼ ਕੁਮਾਰ ਉਰਫ਼ ਮਹੇਸ਼ਾ ਉਮਰ ਕਰੀਬ 45 ਸਾਲ ਅੱਜ ਸਵੇਰੇ ਢੋਲਾਂ ਵਾਲਾ ਚੌਕ ਸਥਿਤ ਇਕ ਘਰ ਤੋਂ ਮਲਬਾ ਚੁੱਕਣ ਗਿਆ ਸੀ ਅਤੇ ਜਦੋਂ ਉਹ ਘਰ ਦੇ ਉਪਰੋਂ ਮਲਬਾ ਚੁੱਕ ਰਿਹਾ ਸੀ ਤਾਂ ਅਚਾਨਕ ਘਰ ਦੀ ਛੱਤ ਤੋਂ ਹੇਠਾਂ ਡਿੱਗ ਗਿਆ ਅਤੇ ਮੌਕੇ 'ਤੇ ਮੌਜੂਦ ਲੋਕਾਂ ਨੇ ਉਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਜਗਰਾਉਂ ਵਿਖੇ ਪਹੁੰਚਾਇਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਅਤੇ ਉੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੀ ਮਾਲਕਣ ਸੁਮਨ ਖੰਨਾ ਨੇ ਦੱਸਿਆ ਕਿ ਉਨ੍ਹਾਂ ਦੇ ਘਰ 'ਚ ਇੱਕ ਮਿਸਤਰੀ ਕੰਮ ਕਰ ਰਿਹਾ ਹੈ ਜਿਸ ਕਾਰਨ ਉਨ੍ਹਾਂ ਦੇ ਘਰ ਦੀ ਛੱਤ 'ਤੇ ਕਾਫੀ ਮਲਬਾ ਪਿਆ ਹੋਇਆ ਸੀ, ਜਿਸ ਲਈ ਉਹਨਾਂ ਨੇ ਪੂਰਾਣੀ ਘਾਹ ਮੰਡੀ ਦੇ ਰਹਿਣ ਵਾਲੇ ਇੱਕ ਰੇਹੜੀ ਵਾਲੇ ਮਜ਼ਦੂਰ ਨਾਲ ਮਲਬਾ ਚੁੱਕਣ ਦੀ ਗੱਲ ਕੀਤੀ ਅਤੇ ਕੱਲ੍ਹ ਵੀ ਇਹ ਮਜ਼ਦੂਰ ਉਨ੍ਹਾਂ ਦੀ ਘਰੋ ਕੁਝ ਰੇਹੜਿਆਂ ਮਲਬਾ ਚੁੱਕਣ ਤੋਂ ਬਾਅਦ ਆਪਣੀ ਬਣਦੀ ਮਿਹਨਤ ਦੇ ਪੈਸੇ ਲੈ ਕੇ ਚਲਾ ਗਿਆ ਸੀ।
ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਪਣੇ ਘਰ ਦਾ ਮਲਬਾ ਚੁੱਕਣ ਲਈ ਮਜ਼ਦੂਰ ਨਾਲ ਗੱਲ ਕੀਤੀ ਤਾਂ ਉਸ ਨੇ ਘਰ ਦੀ ਛੱਤ ਤੋਂ ਮਲਬਾ ਨਾ ਚੁੱਕਣ ਦੀ ਗੱਲ ਕਹੀ ਸੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹੀ ਮਲਬਾ ਘਰ ਦੀ ਛੱਤ ਤੋਂ ਹੇਠਾਂ ਸੁੱਟਦੇ ਸਨ ਅਤੇ ਉਹ ਮਜ਼ਦੂਰ ਮਲਬਾ ਚੁੱਕ ਕੇ ਲੈ ਜਾਂਦਾ ਸੀ। ਘਰ ਦੀ ਮਾਲਕਣ ਸੁਮਨ ਖੰਨਾ ਨੇ ਦੱਸਿਆ ਕਿ ਅੱਜ ਜਦੋਂ ਉਸਦੀ ਨੂੰਹ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਗਈ ਸੀ ਅਤੇ ਉਹ ਬਾਥਰੂਮ ਵਿੱਚ ਸੀ ਤਾਂ ਮਜ਼ਦੂਰ ਬਿਨਾਂ ਕਿਸੇ ਨੂੰ ਦੱਸੇ ਪਿੱਛਿਓਂ ਛੱਤ 'ਤੇ ਚੜ੍ਹ ਗਿਆ ਅਤੇ ਘਰ ਦੀ ਛੱਤ 'ਤੇ ਪਿਆ ਕੂੜਾ ਹੇਠਾਂ ਸੁੱਟਣਾ ਸ਼ੁਰੂ ਕਰ ਦਿੱਤਾ ਤਾਂ ਉਸ ਨੇ ਘਰ ਦੀ ਛੱਤ 'ਤੇ ਪਏ ਦਰਵਾਜ਼ੇ ਨੂੰ ਚੁੱਕ ਕੇ ਹੇਠਾਂ ਸੁੱਟਣ ਲੱਗਾ ਤਾਂ ਅਚਾਨਕ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਵੀ ਉੱਪਰੋਂ ਹੇਠਾਂ ਡਿੱਗ ਗਿਆ।
ਉਨ੍ਹਾਂ ਨੇ ਦੱਸਿਆ ਕਿ ਉਸਨੂੰ ਤੁਰੰਤ ਸਥਾਨਕ ਲੋਕਾਂ ਦੀ ਮਦਦ ਨਾਲ ਇੱਕ ਆਟੋ ਵਿੱਚ ਸਿਵਲ ਹਸਪਤਾਲ ਪਹੁੰਚਾਇਆ ਗਿਆ।ਇਸ ਘਟਨਾ ਬਾਰੇ ਸੁਮਨ ਖੰਨਾ ਦੀ ਨੂੰਹ ਨੀਰੂ ਖੰਨਾ ਨੇ ਦੱਸਿਆ ਕਿ ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਉਹ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਗਈ ਸੀ ਅਤੇ ਜਿਵੇਂ ਹੀ ਵਾਪਸ ਆਈ ਤਾਂ ਦੇਖਿਆ ਕਿ ਬਾਹਰ ਕਾਫੀ ਲੋਕ ਇਕੱਠੇ ਹੋ ਗਏ ਸਨ ਅਤੇ ਆਪਣੇ ਘਰ ਦਾ ਮਲਬਾ ਚੁੱਕ ਰਿਹਾ ਮਜ਼ਦੂਰ ਸੜਕ 'ਤੇ ਡਿੱਗਾ ਪਿਆ ਹੈ।
ਉਸ ਨੇ ਦੱਸਿਆ ਕਿ ਇਕੱਠੇ ਹੋਏ ਲੋਕਾਂ ਨੇ ਉਸ ਨੂੰ ਦੱਸਿਆ ਕਿ ਮਜ਼ਦੂਰ ਘਰ ਦੀ ਛੱਤ ਤੋਂ ਦਰਵਾਜ਼ਾ ਸੁੱਟ ਰਿਹਾ ਸੀ ਤਾਂ ਅਚਾਨਕ ਉਹ ਦਰਵਾਜ਼ੇ ਸਮੇਤ ਹੇਠਾਂ ਡਿੱਗ ਗਿਆ, ਜਿਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ ਅਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਦਸੇ ਦੀ ਜਾਣਕਾਰੀ ਦੇਣ ਲਈ ਜਦੋਂ ਉਹ ਮਜ਼ਦੂਰ ਦੇ ਪਰਿਵਾਰਕ ਮੈਂਬਰਾਂ ਦੇ ਘਰ ਗਈ ਤਾਂ ਉੱਥੇ ਮੌਜੂਦ ਕੁਝ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ ਮ੍ਰਿਤਕ ਮਜ਼ਦੂਰ ਨਸ਼ੇ ਦਾ ਆਦੀ ਸੀ ਅਤੇ ਉਸ ਨੂੰ ਦੌਰੇ ਵੀ ਪੈਂਦੇ ਸੀ।
ਦੂਜੇ ਪਾਸੇ ਮਕਾਨ ਵਿੱਚ ਕੰਮ ਕਰਨ ਵਾਲੇ ਮਿਸਤਰੀ ਬਸੰਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਮਜ਼ਦੂਰ ਮਲਬਾ ਚੁੱਕਣ ਲਈ ਆਇਆ ਤਾਂ ਉਹ ਨਸ਼ੇ ਚ ਲੱਗ ਰਿਹਾ ਸੀ ਅਤੇ ਉਨ੍ਹਾਂ ਨੇ ਉਸ ਨੂੰ ਬਾਅਦ ਵਿੱਚ ਆੳਣ ਕੇ ਮਲਬਾ ਚੁੱਕਣ ਲਈ ਕਹਿ ਕੇ ਆਪਣਾ ਕੰਮ ਕਰਨ ਲੱਗ ਪਏ ਸੀ ਅਤੇ ਕੁਝ ਦੇਰ ਬਾਅਦ ਮੈਨੂੰ ਲੋਕਾਂ ਦੇ ਦੱਸਣ 'ਤੇ ਪਤਾ ਲੱਗਾ ਕਿ ਮਲਬਾ ਚੁੱਕਣ ਵਾਲਾ ਮਜ਼ਦੂਰ ਘਰ ਦੀ ਛੱਤ ਤੋਂ ਹੇਠਾਂ ਡਿੱਗ ਗਿਆ ਹੈ। ਮਿਸਤਰੀ ਬਸੰਤ ਸਿੰਘ ਨੇ ਵੀ ਪਰਿਵਾਰਕ ਮੈਂਬਰਾਂ ਦੀਆਂ ਗੱਲਾਂ ਨੂੰ ਸਹੀ ਠਹਿਰਾਉਂਦਿਆਂ ਕਿਹਾ ਕਿ ਬੀਤੇ ਦਿਨ ਜਦੋਂ ਇਹ ਮਜ਼ਦੂਰ ਮਲਬਾ ਚੁੱਕਣ ਆਇਆ ਤਾਂ ਘਰ ਦੇ ਮੈਂਬਰ ਮਲਬਾ ਹੇਠਾਂ ਉਤਾਰ ਕੇ ਉਸ ਨੂੰ ਦੇ ਰਹੇ ਸਨ ਅਤੇ ਉਹ ਆਪਣੀ ਰੇਹੜੀ ਵਿਚ ਪਾ ਕੇ ਲੈ ਜਾਂਦਾ ਸੀ ।