ਜੇਲ੍ਹ 'ਚੋਂ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਇੱਕ ਹੋਰ ਸਨਸਨੀਖੇਜ਼ ਇੰਟਰਵਿਊ: ਦਿੱਖ ਨਵੀਂ, ਲਿਬਾਸ ਨਵਾਂ, ਜਗ੍ਹਾ ਨਵੀਂ ਤੇ ਖੜ੍ਹੇ ਕੀਤੇ ਨਵੇਂ ਸਵਾਲ
ਚੰਡੀਗੜ੍ਹ, 17 ਮਾਰਚ 2023- ਇੱਕ ਨਿੱਜੀ ਚੈਨਲ ਨੇ ਜੇਲ੍ਹ 'ਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਇੱਕ ਹੋਰ ਖਾਸ ਇੰਟਰਵਿਊ ਕੀਤਾ ਹੈ। ਬਿਸ਼ਨੋਈ ਨੇ ਪਹਿਲੇ ਇੰਟਰਵਿਊ 'ਚ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਜੁੜੇ ਕਈ ਹੈਰਾਨੀਜਨਕ ਖੁਲਾਸੇ ਕੀਤੇ ਸਨ। ਤਾਜ਼ਾ ਇੰਟਰਵਿਊ 'ਚ ਬਿਸ਼ਨੋਈ ਦੀ ਨਵੀਂ ਦਿੱਖ ਦੇਖਣ ਨੂੰ ਮਿਲ ਰਹੀ ਹੈ। ਵੈਸੇ, ਇਸ ਇੰਟਰਵਿਊ ਨੇ ਮੁੜ ਤੋਂ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਹਨ, ਕਿਉਂਕਿ ਪਹਿਲੀ ਇੰਟਰਵਿਊ ਵਿਚ ਲਾਰੇਂਸ ਡਰਿਆ ਹੋਇਆ ਸੀ ਅਤੇ ਇਸ ਇੰਟਰਵਿਊ ਵਿਚ ਉਹ ਹੱਸ ਕੇ ਤੇ ਮਜ਼ਾਕੀਆ ਲਹਿਜੇ ਵਿਚ ਗੱਲਬਾਤ ਕਰਦਾ ਦਿੱਖ ਰਿਹਾ ਹੈ।
ਤਾਜ਼ਾ ਇੰਟਰਵਿਊ ਵਿਚ ਲਾਰੇਂਸ ਦਾ ਭੇਸ ਵੀ ਬਦਲਿਆ ਹੋਇਆ ਹੈ ਅਤੇ ਉਹਨੇ ਵਾਲ ਤੇ ਦਾੜੀ ਕਟਵਾਏ ਹੋਏ ਹਨ। ਇੰਟਰਵਿਊ ਵਿਚ ਗੋਇੰਦਵਾਲ ਸਾਹਿਬ ਜੇਲ੍ਹ ਦੇ ਅੰਦਰ ਵਾਪਰੀ ਘਟਨਾ ਬਾਰੇ ਵੀ ਖ਼ਾਸ ਗੱਲ ਹੋ ਰਹੀ ਹੈ। ਗੋਇੰਦਵਾਲ ਸਾਹਿਬ ਜੇਲ੍ਹ ਦੇ ਅੰਦਰ ਫਰਵਰੀ ਦੇ ਆਖ਼ਰੀ ਹਫ਼ਤੇ ਘਟਨਾ ਵਾਪਰੀ ਸੀ। ਇਸ ਦਾ ਮਤਲਬ ਸਾਫ਼ ਇਹ ਹੈ ਕਿ, ਇਹ ਇੰਟਰਵਿਊ ਬਹੁਤੀ ਪੁਰਾਣੀ ਨਹੀਂ ਹੈ। ਮਤਲਬ ਕਿ, 10-15 ਦਿਨਾਂ ਦੇ ਅੰਦਰ ਅੰਦਰ ਇਹ ਇੰਟਰਵਿਊ ਕੀਤੀ ਗਈ ਲੱਗਦੀ ਹੈ। ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ ਅਤੇ ਓਹਦਾ ਲਾਰੈਂਸ ਦੀ ਇਸ ਤਾਜ਼ਾ ਆਏ ਇੰਟਰਵਿਊ ਨੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ਦੱਸ ਦਈਏ ਕਿ, ਪਹਿਲੀ ਇੰਟਰਵਿਊ ਦੇ ਵਾਂਗ ਇਹ ਇੰਟਰਵਿਊ ਵੀ ਬੁਝਾਰਤ ਹੀ ਬਣ ਗਈ ਹੈ। ਕਿਉਂਕਿ, ਸਵਾਲ ਖੜ੍ਹੇ ਹੋਣੇ ਲਾਜ਼ਮੀ ਹੋਣਗੇ ਕਿ, ਇਹ ਇੰਟਰਵਿਊ ਕਿੱਥੇ ਹੋਈ? ਕਦੋਂ ਹੋਈ? ਸਥਾਨ ਕੀ ਸੀ?
ਦੱਸਣਾ ਬਣਦਾ ਹੈ ਕਿ, ਇਸੇ ਇੰਟਰਵਿਊ ਦੇ ਦੌਰਾਨ ਹੀ ਬਿਸ਼ਨੋਈ ਨੇ ਜੇਲ 'ਚ ਜੱਗੂ ਭਗਵਾਨਪੁਰੀਆ ਗੈਂਗ ਵਿਚਾਲੇ ਹੋਈ ਤਕਰਾਰ 'ਤੇ ਕਿਹਾ ਕਿ ਉਨ੍ਹਾਂ ਨੇ ਸਾਡੇ ਇਕ ਲੜਕੇ ਦੀ ਕੁੱਟਮਾਰ ਕੀਤੀ ਸੀ। ਇਸ ਤੋਂ ਬਾਅਦ ਵੀ ਅਸੀਂ ਧੀਰਜ ਰੱਖਿਆ ਅਤੇ ਕੁਝ ਨਹੀਂ ਕੀਤਾ ਪਰ ਉਸਦੇ ਗਰੋਹ ਦੇ ਲੜਕਿਆਂ ਨੇ ਫਿਰ ਸਾਡੇ ਲੜਕੇ ਦੀ ਕੁੱਟਮਾਰ ਕੀਤੀ, ਉਹ ਆਪ ਹੀ ਲੜਨ ਆਇਆ ਸੀ।
ਮੂਸੇਵਾਲਾ ਦੇ ਕਤਲ ਸਮੇਂ ਅਸੀਂ ਜੱਗੂ ਦੇ ਟਿਕਾਣੇ 'ਤੇ ਆਪਣੇ ਬੰਦੇ ਠਹਿਰਾਏ। ਜੱਗੂ ਪੰਜਾਬ ਪੁਲਿਸ ਨਾਲ ਮਿਲਿਆ ਹੋਇਆ ਸੀ। ਅਟਾਰੀ ਮੁਕਾਬਲੇ ਤੋਂ ਬਾਅਦ ਜੱਗੂ ਨਾਲ ਰਿਸ਼ਤੇ ਵਿਗੜ ਗਏ। ਨਸ਼ੇ ਦੇ ਕਾਰੋਬਾਰ ਬਾਰੇ ਵੀ ਅਸੀਂ ਜੱਗੂ ਨਾਲ ਸਹਿਮਤ ਨਹੀਂ ਹਾਂ। ਅਸੀਂ ਨਸ਼ਿਆਂ ਦੇ ਖਿਲਾਫ ਹਾਂ।
ਸਲਮਾਨ ਖਾਨ ਬਾਰੇ ਗੈਂਗਸਟਰ ਨੇ ਕਿਹਾ ਕਿ ਉਸਨੂੰ ਮੁਆਫੀ ਮੰਗਣੀ ਪਵੇਗੀ। ਸਲਮਾਨ ਨੂੰ ਬੀਕਾਨੇਰ ਵਿਚ ਸਾਡੇ ਮੰਦਰ ਵਿਚ ਜਾ ਕੇ ਮੁਆਫੀ ਮੰਗਣੀ ਚਾਹੀਦੀ ਹੈ। ਫਿਲਹਾਲ ਮੈਂ ਗੁੰਡਾ ਨਹੀਂ ਹਾਂ, ਪਰ ਸਲਮਾਨ ਖਾਨ ਨੂੰ ਮਾਰ ਕੇ ਗੁੰਡਾ ਬਣਾਂਗਾ। ਮੇਰੀ ਜ਼ਿੰਦਗੀ ਦਾ ਟੀਚਾ ਸਲਮਾਨ ਖਾਨ ਨੂੰ ਮਾਰਨਾ ਹੈ। ਜੇਕਰ ਸੁਰੱਖਿਆ ਹਟਾਈ ਗਈ ਤਾਂ ਮੈਂ ਸਲਮਾਨ ਖਾਨ ਨੂੰ ਮਾਰ ਦੇਵਾਂਗਾ।