ਲਾਰੇਂਸ ਬਿਸ਼ਨੋਈ ਦੀ ਇੰਟਰਵੀਊ 'ਚ ਧਮਕੀ, ਸਲਮਾਨ ਖਾਨ ਨੂੰ ਮਾਰਨਾ ਮੇਰਾ ਟੀਚਾ
ਅਸ਼ੋਕ ਵਰਮਾ
ਬਠਿੰਡਾ ,18 ਮਾਰਚ 2023:ਪੰਜਾਬ ਪੁਲਿਸ ਦੇ ਵੱਲੋਂ ਜੇਲ੍ਹਾਂ ਦੀ ਸੁਰੱਖਿਆ ਦੇ ਦਾਅਵਿਆਂ ਦੌਰਾਨ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇੱਕ ਹੋਰ ਇੰਟਰਵਿਊ ਸਾਹਮਣੇ ਆਇਆ ਹੈ ਜੋ ਉਸ ਨੇ ਇੱਕ ਨਾਮੀ ਟੀਵੀ ਚੈਨਲ ਨੂੰ ਦਿੱਤਾ ਹੈ। ਇੱਕ ਮੋਬਾਇਲ ਵੀਡੀਓ ਕਾਲ ਰਾਹੀਂ ਦਿੱਤੀ ਇੰਟਰਵਿਊ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਨਾਮਵਰ ਫਿਲਮ ਅਦਾਕਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਉਸ ਨੇ ਆਖਿਆ ਹੈ ਕਿ ਸਲਮਾਨ ਖਾਨ ਨੂੰ ਮਾਰਨਾ ਉਸ ਦਾ ਨਿਸ਼ਾਨਾ ਹੈ । ਆਪਣੀ ਇੰਟਰਵਿਊ ਦੌਰਾਨ ਲਾਰੈਂਸ ਨੇ ਕਿਹਾ ਕਿ ਸਲਮਾਨ ਬਿਸ਼ਨੋਈ ਸਮਾਜ ਤੋਂ ਮੁਆਫ਼ੀ ਮੰਗ ਲਵੇ ਤਾਂ ਹੀ ਮਸਲਾ ਖਤਮ ਹੋ ਸਕਦਾ ਹੈ । ਉਸ ਨੇ ਕਿਹਾ ਕਿ ਇਹ ਮੁਆਫੀ ਬਿਸ਼ਨੋਈ ਸਮਾਜ ਦੇ ਮੰਦਰ ਵਿੱਚ ਮੰਗਣੀ ਪਵੇਗੀ।
ਗੈਂਗਸਟਰ ਲਾਰੈਂਸ ਦੀ ਇਸ ਦਲੇਰੀ ਨੇ ਇਕ ਵਾਰ ਫਿਰ ਜੇਲ੍ਹਾਂ ਦੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ
ਗੈਗਸਟਰ ਨੇ ਕਿਹਾ- ਉਹ ਜੇਲ੍ਹ 'ਚ ਬਾਹਰੋਂ ਸੁੱਟੇ ਗਏ ਮੋਬਾਈਲ 'ਤੇ ਗੱਲ ਕਰ ਰਿਹਾ ਹੈ। ਉਸ ਨੇ ਇੰਟਰਵਿਊ ਦੌਰਾਨ ਕਿਹਾ ਕਿ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਤਾਂ ਇਤਫਾਕਨ ਕੋਈ ਵੀ ਪੁਲਿਸ ਵਾਲਾ ਆਸ-ਪਾਸ ਨਹੀਂ ਹੈ ਕਿਉਂਕਿ ਇਹ ਰਾਤ ਦਾ ਸਮਾਂ ਹੈ। ਇੰਟਰਵਿਊ ਵਿੱਚ ਲਾਰੈਂਸ ਨੇ 26 ਫਰਵਰੀ ਨੂੰ ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਹੋਈ ਗੈਂਗ ਵਾਰ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਜੱਗੂ ਭਗਵਾਨਪੁਰੀਆ ਗੈਂਗ ਵੱਲੋਂ ਉਸ ਦੇ ਇੱਕ ਸਾਥੀ ਦੀ ਕੁੱਟਮਾਰ ਕੀਤੀ ਗਈ ਸੀ।
ਉਸ ਨੇ ਕਿਹਾ ਕਿ ਜੱਗੂ ਗੈਂਗ ਦੇ ਬੰਦੇ ਲੜਨ ਲਈ ਪਹਿਲਾਂ ਆਏ ਉਹਨਾਂ ਨੇ ਤਾਂ ਇਸ ਦਾ ਜਵਾਬ ਦਿੱਤਾ ਸੀ। ਲਾਰੇਂਸ ਨੇ ਜੱਗੂ ਭਗਵਾਨਪੁਰੀਆ ਦੇ ਪੁਲਿਸ ਨਾਲ ਮਿਲੇ ਹੋਣ ਦੀ ਗੱਲ ਵੀ ਆਖੀ ਹੈ । ਉਸ ਨੇ ਕਿਹਾ ਜੱਗੂ ਦੇ ਬੰਦਿਆਂ ਨੇ ਉਨ੍ਹਾਂ ਦੇ ਸਾਥੀਆਂ ਦਾ ਐਨਕਾਊਂਟਰ ਕਰਵਾ ਦਿੱਤਾ। ਆਪਣੀ ਇੰਟਰਵਿਊ ਦੌਰਾਨ ਲਾਰੇਂਸ ਬਿਸ਼ਨੋਈ ਨੇ ਹੋਰ ਵੀ ਕਈ ਤਰ੍ਹਾਂ ਦੀਆਂ ਗੱਲਾਂ ਨਹੀਂ ਕੀਤੀਆਂ । ਮਹੱਤਵਪੂਰਨ ਤੱਥ ਇਹ ਹੈ ਕਿ ਲੋਕ ਇਸ ਦੌਰਾਨ ਕਾਫੀ ਖੁਸ਼ ਨਜ਼ਰ ਆ ਰਿਹਾ ਸੀ।
ਦੱਸਣਯੋਗ ਹੈ ਕਿ ਇੱਕ ਦਿਨ ਪਹਿਲਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਾਅਵਾ ਕੀਤਾ ਸੀ ਕਿ ਗੈਂਗਸਟਰ ਨੇ ਪੰਜਾਬ ਦੀ ਕਿਸੇ ਵੀ ਜੇਲ੍ਹ ਤੋਂ ਇੰਟਰਵਿਊ ਨਹੀਂ ਦਿੱਤੀ ਹੈ। ਬਠਿੰਡਾ ਜੇਲ੍ਹ ਸਭ ਤੋਂ ਸੁਰੱਖਿਅਤ ਹੈ, ਇਸ ਵਿੱਚ ਕਦੇ ਮੋਬਾਈਲ ਫੋਨ ਨਹੀਂ ਮਿਲੇ ਹਨ। ਇਸ ਦਾਅਵੇ ਤੋਂ ਇੱਕ ਦਿਨ ਬਾਅਦ ਸ਼ੁੱਕਰਵਾਰ ਨੂੰ ਸਾਹਮਣੇ ਆਏ ਇੱਕ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਗੈਂਗਸਟਰ ਲਾਰੈਂਸ ਕੱਟੇ ਹੋਏ ਵਾਲਾਂ ਅਤੇ ਦਾੜ੍ਹੀ ਨਾਲ ਇੱਕ ਵੱਖਰੇ ਲੁੱਕ ਵਿੱਚ ਨਜ਼ਰ ਆ ਰਿਹਾ ਹੈ।
ਅੰਮ੍ਰਿਤਪਾਲ ਦੀ ਆਪਣੀ ਦੁਕਾਨ
ਵਾਰਿਸ ਪੰਜਾਬ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਬਾਰੇ ਲਾਰੈਂਸ ਨੇ ਕਿਹਾ ਕਿ ਅੰਮ੍ਰਿਤਪਾਲ ਕੋਲ ਕੋਈ ਮੁੱਦਾ ਨਹੀਂ ਹੈ। ਉਸ ਦੀ ਆਪਣੀ ਦੁਕਾਨ ਹੈ ਤੇ ਸਾਡੀ ਆਪਣੀ । ਉਸ ਨੇ ਕਿਹਾ ਕਿ ਅੰਮ੍ਰਿਤਪਾਲ ਨੂੰ ਜ਼ੁਲਮ ਕਰਨ ਵਾਲਿਆਂ ਖਿਲਾਫ ਲੜਨਾ ਚਾਹੀਦਾ ਹੈ। ਉਸ ਨੇ ਇਸ ਮੌਕੇ 1984 ਸਿੱਖ ਵਿਰੋਧੀ ਕਤਲੇਆਮ ਸ਼ਾਮਲ ਕਾਂਗਰਸੀ ਲੀਡਰਾਂ ਦੇ ਨਾਮ ਵੀ ਲਏ। ਲਾਰੇਂਸ ਬਿਸ਼ਨੋਈ ਨੇ ਦਾਅਵਾ ਕੀਤਾ ਕਿ ਗੋਲਡੀ ਬਰਾੜ ਦੇ ਫੜੇ ਜਾਣ ਦੀਆਂ ਖ਼ਬਰਾਂ ਸੱਚ ਨਹੀਂ ਹਨ।
ਜਾਂਚ ਹੋਵੇਗੀ : ਅਧਿਕਾਰੀ
ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੇਲ੍ਹ ਤੋਂ ਨਵੇਂ ਇੰਟਰਵਿਊ 'ਤੇ ਪੰਜਾਬ ਦੀ ਕਾਨੂੰਨ ਵਿਵਸਥਾ ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੇਰੇ ਇੰਟਰਵਿਊ ਬਾਰੇ ਕੁੱਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ ਅਤੇ ਇਸ ਵੀਡੀਓ ਵਿਚਲੇ ਤੱਥਾਂ ਨੂੰ ਦੇਖ ਕੇ ਹੀ ਕੁੱਝ ਕਿਹਾ ਜਾ ਸਕਦਾ ਹੈ।
ਡੀਜੀਪੀ ਵਾਲੀ ਫੋਟੋ ਵਿੱਚ ਦਿਸਿਆ ਲਾਰੈਂਸ
ਵੀਰਵਾਰ ਨੂੰ ਪ੍ਰੈਸ ਕਾਨਫਰੰਸ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਲਾਰੇਂਸ ਬਿਸ਼ਨੋਈ ਦੀ ਇੱਕ ਫੋਟੋ ਦਿਖਾਈ ਜਿਸ 'ਚ ਉਸ ਨੇ ਟੀ-ਸ਼ਰਟ ਪਾਈ ਹੋਈ ਸੀ। ਸ਼ੁੱਕਰਵਾਰ ਨੂੰ ਇੱਕ ਨਵੇਂ ਇੰਟਰਵਿਊ ਵਿੱਚ, ਲਾਰੈਂਸ ਉਸੇ ਟੀ-ਸ਼ਰਟ ਵਿੱਚ ਨਜ਼ਰ ਆਇਆ। ਡੀਜੀਪੀ ਨੇ ਫੋਟੋ ਦਿਖਾਉਂਦੇ ਹੋਏ ਦਾਅਵਾ ਕੀਤਾ ਸੀ ਕਿ ਪੰਜਾਬ ਦੀ ਕਿਸੇ ਵੀ ਜੇਲ੍ਹ ਵਿੱਚ ਲਾਰੈਂਸ ਦੀ ਇੰਟਰਵਿਊ ਨਹੀਂ ਕੀਤੀ ਗਈ, ਕਿਉਂਕਿ ਇੰਟਰਵਿਊ ਵਿੱਚ ਉਸ ਦੇ ਵਾਲ ਅਤੇ ਦਾੜ੍ਹੀ ਲੰਬੇ ਅਤੇ ਫੋਟੋ ਵਿੱਚ ਛੋਟੀ ਸੀ। ਸ਼ੁੱਕਰਵਾਰ ਨੂੰ ਉਸ ਦੀ ਸ਼ਕਲ ਵੀ ਉਸੇ ਤਰ੍ਹਾਂ ਦੇਖੀ ਗਈ ਜਿਵੇਂ ਫੋਟੋ 'ਚ ਦਿਖਾਈ ਦੇ ਰਹੀ ਸੀ। ਹੁਣ ਸਵਾਲ ਖੜ੍ਹੇ ਹੋ ਰਹੇ ਹਨ ਕਿ ਇਹ ਇੰਟਰਵਿਊ ਕਿੱਥੋਂ ਹੋਈ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਇਹ ਇੰਟਰਵਿਊ 26 ਫਰਵਰੀ ਤੋਂ ਬਾਅਦ ਦੀ ਹੈ ਕਿਉਂਕਿ ਇਸ ਵਿੱਚ ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਗੈਂਗ ਵਾਰ ਦਾ ਜ਼ਿਕਰ ਹੈ।
ਲਾਰੈਂਸ ਵਾਲੀ ਜੇਲ੍ਹ 'ਚੋ ਦੋ ਮੋਬਾਈਲ ਬਰਾਮਦ
ਬਠਿੰਡਾ ਕੇਂਦਰੀ ਜੇਲ੍ਹ ਅੰਦਰ ਜ਼ਮੀਨ ਵਿੱਚ ਦੱਬੇ ਦੋ ਮੋਬਾਈਲ ਮਿਲੇ ਹਨ। ਥਾਣਾ ਕੈਂਟ ਦੀ ਪੁਲੀਸ ਨੇ ਜੇਲ੍ਹ ਅਧਿਕਾਰੀ ਸਿਕੰਦਰ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਸਿਕੰਦਰ ਸਿੰਘ ਨੇ ਦੱਸਿਆ ਕਿ 12 ਮਾਰਚ ਨੂੰ ਦੋ ਮੋਬਾਈਲ ਮਿਲੇ ਸਨ।ਗੈਂਗਸਟਰ ਲਾਰੈਂਸ ਬਿਸ਼ਨੋਈ ਬਠਿੰਡਾ ਜੇਲ੍ਹ ਵਿੱਚ ਬੰਦ ਹੈ।
ਆਧੁਨਿਕ ਤਕਨੀਕਾਂ ਨਾਲ ਜੇਲ੍ਹ ਦੀ ਤਲਾਸ਼ੀ
ਥਾਣਾ ਕੈਂਟ ਦੇ ਏ.ਐਸ.ਆਈ ਬਲਜੀਤ ਸਿੰਘ ਦਾ ਕਹਿਣਾ ਸੀ ਕਿ ਜੇਲ੍ਹ ਅੰਦਰ ਅਧੁਨਿਕ ਤਕਨੀਕਾਂ ਦੀ ਸਹਾਇਤਾ ਨਾਲ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਇਸ ਯੰਤਰ ਨੂੰ ਨਾਨ-ਲੀਨੀਅਰ ਜੰਕਸ਼ਨ ਡਿਟੈਕਟਰ ਕਿਹਾ ਜਾਂਦਾ ਹੈ। ਇਸ ਯੰਤਰ ਦੀ ਖਾਸੀਅਤ ਇਹ ਹੈ ਕਿ ਇਹ ਜ਼ਮੀਨ ਤੋਂ ਕਈ ਫੁੱਟ ਹੇਠਾਂ ਦੱਬੀ ਵਸਤੂ ਨੂੰ ਵੀ ਲੱਭ ਸਕਦਾ ਹੈ। ਜੇਲ੍ਹ ਪ੍ਰਸ਼ਾਸਨ ਨੇ ਮੋਬਾਈਲ ਬਰਾਮਦ ਕਰਕੇ ਪੁਲੀਸ ਹਵਾਲੇ ਕਰ ਦਿੱਤੇ ਹਨ।
ਸ਼ਿਕਾਇਤ ਮਿਲਣ ਤੇ ਕਾਰਵਾਈ- ਐਸ ਐਸ ਪੀ
ਲਾਰੇਂਸ ਬਿਸ਼ਨੋਈ ਦੀ ਇੰਟਰਵਿਊ ਸੰਬੰਧੀ ਪੱਖ ਜਾਨਣ ਲਈ ਸੰਪਰਕ ਕਰਨ ਤੇ ਸੀਨੀਅਰ ਪੁਲੀਸ ਕਪਤਾਨ ਗੁਲਨੀਤ ਸਿੰਘ ਖੁਰਾਣਾ ਦਾ ਕਹਿਣਾ ਸੀ ਕਿ ਜੇਲ੍ਹ ਵਿਭਾਗ ਵੱਲੋਂ ਅਜੇ ਤੱਕ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀ ਭੇਜੀ ਗਈ ਹੈ । ਮੈਂ ਕਿਹਾ ਕਿ ਜਿਉਂ ਹੀ ਲਿਖਤੀ ਸ਼ਿਕਾਇਤ ਆਏਗੀ ਤਾਂ ਇਸ ਸਬੰਧੀ ਪੜਤਾਲ ਕੀਤੀ ਜਾਏਗੀ।