ਸਾਡੇ ਪਿੱਛੇ ਕੋਈ ਪੁਲਿਸ ਨਹੀਂ ਆਈ, ਡੀ ਆਈ ਜੀ ਸਾਹਿਬ ਨੂੰ ਮੈਂ ਆਪ ਫੋਨ ਕੀਤਾ: ਅੰਮ੍ਰਿਤਪਾਲ ਦੇ ਚਾਚੇ ਦਾ ਦਾਅਵਾ, ਪੜ੍ਹੋ ਵੇਰਵਾ
ਚੰਡੀਗੜ੍ਹ, 20 ਮਾਰਚ, 2023: ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਪੁਲਿਸ ਨੇ ਉਸਦਾ ਤੇ ਅੰਮ੍ਰਿਤਪਾਲ ਸਿੰਘ ਦਾ ਕੋਈ ਪਿੱਛਾ ਨਹੀਂ ਕੀਤਾ ਤੇ ਸਰੰਡਰ ਕਰਨ ਵਾਸਤੇ ਉਹਨਾਂ ਆਪ ਡੀ ਆਈ ਜੀ ਸਾਹਿਬ ਨਾਰਿੰਦਰ ਭਾਰਗਵ ਨੂੰ ਫੋਨ ਕੀਤਾ ਹੈ।
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਹਰਜੀਤ ਸਿੰਘ ਨੇ ਅੱਧੀ ਰਾਤ ਨੂੰ ਅਖਬਾਰ ਦੇ ਪੱਤਰਕਾਰ ਨੂੰ ਫੋਨ ਕਰ ਕੇ ਦੱਸਿਆ ਕਿ ਉਸਨੇ ਹੁਣ ਡੀ ਆਈ ਜੀ ਨਰਿੰਦਰ ਭਾਰਗਵ ਸਾਹਿਬ ਨਾਲ ਗੱਲ ਕੀਤੀ ਹੈ ਕਿ ਤੇ ਦੱਸਿਆ ਕਿ ਉਹ ਇਸ ਵੇਲੇ ਗੁਰਦੁਆਰਾ ਬੁਲੰਦਪੁਰੀਆ ਨੇੜੇ ਸ਼ਾਹਕੋਟ ਵਿਖੇ ਹੈ। ਹਰਜੀਤ ਸਿੰਘ ਨੇ ਦੱਸਿਆ ਕਿ ਉਸਨੇ ਡੀ ਆਈ ਜੀ ਨੂੰ ਕਿਹਾ ਹੈ ਕਿ ਜੇਕਰ ਉਹ ਵੀ ਲੋੜੀਂਦਾ ਹੈ ਤਾਂ ਉਸਨੂੰ ਇਥੋਂ ਗ੍ਰਿਫਤਾਰ ਕਰ ਲਿਆ ਜਾਵੇ। ਉਸਨੇ ਦੱਸਿਆ ਕਿ ਡੀ ਆਈ ਜੀ ਸਾਹਿਬ ਰਸਤੇ ਵਿਚ ਹਨ ਤੇ ਉਸ ਕੋਲ ਆ ਰਹੇ ਹਨ।
ਦਿਨ ਭਰ ਵਾਪਰੇ ਘਟਨਾਕ੍ਰਮ ਬਾਰੇ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਅੱਠ ਸਵਾਲ ਵਜੇ ਅੰਮ੍ਰਿਤਪਾਲ ਸਿੰਘ ਦੇ ਪਿੰਡ ਜੱਲੂਖੇੜਾ ਵਿਚਲੇ ਘਰ ਤੋਂ ਮੋਗਾ ਲਈ ਰਵਾਨਾ ਹੋਏ। ਸਵੇਰੇ 11 ਵਜੇ ਅਸੀਂ ਹਰੀਕੇ ਤੋਂ ਥੋੜ੍ਹਾ ਪਿੱਛੇ ਸੀ ਤਾਂ ਕਿਸੇ ਨੇ ਸਾਨੂੰ ਫੋਨ ਕਰ ਕੇ ਦੱਸਿਆ ਕਿ ਅੱਗੇ ਭਾਰੀ ਪੁਲਿਸ ਫੋਰਸ ਤਾਇਨਾਤ ਹੈ। ਸਾਨੂੰ ਲੱਗਾ ਕਿ ਕੁਝ ਗਲਤ ਹੋ ਰਿਹਾ ਹੈ ਤੇਅਸੀਂ ਗੱਡੀ ਵਾਪਸ ਮੋੜ ਲਈ। ਉਸ ਵੇਲੇ ਤੱਕ ਅੰਮ੍ਰਿਤਪਾਲ ਸਿੰਘ ਉਸਦੇ ਨਾਲ ਹੀ ਸੀ ਤੇ ਉਹ ਮਰਸਿਡੀਜ਼ ਵਿਚ ਸਨ। ਬਾਅਦ ਵਿਚ ਅਸੀਂ ਗੱਡੀਆਂ ਬਦਲ ਲਈਆਂ ਤੇ ਅਸੀਂ ਗੋਇੰਦਵਾਲ ਸਾਹਿਬ ਵੱਲ ਚਲ ਪਏ। ਤਕਰੀਬਨ 40 ਕਿਲੋਮੀਅਰ ਦਾ ਸਫਰ ਕਰ ਕੇ ਅਸੀਂ ਪਿੰਡ ਮਹਿਤਪੁਰ ਨੇੜੇ ਵੱਖੋ-ਵੱਖ ਹੋ ਗਏ। ਉਸਨੇ ਕਿਹਾ ਕਿ ਉਸਨੂੰ ਲੱਗਦਾ ਹੈ ਕਿ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਉਸਨੇ ਦੰਸਿਆ ਕਿ ਜਦੋਂ ਸਵੇਰੇ ਉਹ ਘਰ ਤੋਂ ਰਵਾਨਾ ਹੋਏ ਸਨਤਾਂ ਉਹਨਾਂ ਨਾਲ ਦੋ ਫੋਰਡ ਐਂਡਵਰ, ਇਕ ਮਰਸਿਡੀਜ਼ ਤੇ ਇਕ ਐਸ ਯੂ ਪੀ ਤੇ ਬਾਅਦ ਵਿਚ ਇਕ ਹੋਰ ਐਂਡਵਰ ਗੱਡੀ ਰਸਤੇ ਵਿਚ ਸਾਡੇ ਕਾਫਲੇ ਵਿਚ ਸ਼ਾਮਲ ਹੋਏ ਤੇ ਬਾਅਦ ਵਿਚ ਇਸੁਜ਼ੂ ਤੇ ਹੋਰ ਗੱਡੀਆਂ ਕਾਫਲੇ ਵਿਚ ਰਲੀਆਂ। ਉਸਨੇ ਕਿਹਾ ਕਿ ਅਸੀਂ ਮਰਸਿਡੀਜ਼ ਚਲਾ ਰਹੇ ਸੀ ਤੇ ਸਾਨੂੰ ਲੱਗਿਆ ਕਿ ਪੁਲਿਸ ਸਾਨੂੰ ਗ੍ਰਿਫਤਾਰ ਕਰ ਸਕਦੀ ਹੈ। ਅੰਮ੍ਰਿਤਪਾਲ ਸਿੰਘ ਜਦੋਂ ਦੂਜੀ ਗੱਡੀ ਵਿਚ ਸਵਾਰ ਹੋਇਆ ਤਾਂ ਅਸੀਂ ਵੱਖ-ਵੱਖ ਹੋ ਗਏ।
ਹਰਜੀਤ ਸਿੰਘ ਨੇ ਪੁਲਿਸ ਦਾ ਇਹਦਾਅਵਾ ਰੱਦ ਕਰ ਦਿੱਤਾ ਕਿ ਪੁਲਿਸ 25 ਕਿਲੋਮੀਟਰ ਤੱਕ ਉਹਨਾਂ ਦੇ ਪਿੱਛੇ ਆਈ ਜਾਂ ਅੰਮ੍ਰਿਤਪਾਲ ਸਿੰਘ ਦੇ ਕਾਫਲੇ ਨੇ ਕਿਸੇ ਨੂੰ ਟੱਕਰ ਮਾਰੀ। ਉਸਨੇ ਕਿਹਾ ਕਿ ਕਿਸੇ ਵੀ ਪੁਲਿਸ ਦੀ ਗੱਡੀ ਨੇ ਸਾਡਾ ਪਿੱਛਾ ਨਹੀਂ ਕੀਤਾ। ਜਿਸ ਵੇਲੇ ਅਸੀਂ ਵੱਖੋ-ਵੱਖ ਹੋਏ ਸਾਡੇ ਪਿੱਛੇ ਕੋਈ ਨਹੀਂ ਸੀ। ਸਾਨੂੰ ਇਹੀ ਸੂਚਨਾ ਮਿਲੀ ਸੀ ਕਿ ਪੁਲਿਸ ਮੋਗਾ ਦੇ ਰਸਤੇ ਵਿਚ ਸਾਡੀ ਉਡੀਕ ਕਰ ਰਹੀ ਹੈ ਤੇ ਇਸੇ ਕਾਰਨ ਅਸੀਂ ਗੱਡੀਆਂ ਵਾਪਸ ਮੋੜ ਲਈਆਂ। ਮੈਂ ਸ਼ਾਹਕੋਟ ਪਹੁੰਚ ਕੇ ਡੀ ਆਈ ਜੀ ਸਾਹਿਬ ਨੂੰ ਫੋਨ ਕੀਤਾ ਤੇ ਆਪਣੇ ਲੋਕੇਸ਼ਨ ਦੀ ਜਾਣਕਾਰੀ ਦਿੱਤੀ। ਡੀ ਆਈ ਜੀ ਸਾਹਿਬ ਮੇਰੇ ਕੋਲ ਆ ਰਹੇ ਹਨ। ਹਰਜੀਤ ਸਿੰਘ ਨੇ ਕਿਹਾ ਕਿ ਅਸੀਂ ਭਗੌੜੇ ਨਹੀਂ ਹਾਂ।