ਸੁਖਬੀਰ ਬਾਦਲ ਨੇ ਦਮਨਕਾਰੀ ਨੀਤੀ ਵਾਲੇ ਕਦਮ ਚੁੱਕਣ ਦੀ ਕੀਤੀ ਨਿਖੇਧੀ, ਬੇਕਸੂਰ ਸਿੱਖ ਨੌਜਵਾਨਾਂ ਦੀ ਰਿਹਾਈ ਦੀ ਕੀਤੀ ਮੰਗ
ਸਿੱਖਾਂ ਨੂੰ ਕਿਸੇ ਤੋਂ ਦੇਸ਼ਭਗਤੀ ਦੇ ਸਰਟੀਫਿਕੇਟ ਦੀ ਲੋੜ ਨਹੀਂ, ਸਰਕਾਰ ਫਿਰਕਾਪ੍ਰਸਤੀ ਨੂੰ ਉਤਸ਼ਾਹਿਤ ਕਰਨ ਵਾਸਤੇ ਸਾਨੂੰ ਨਿਸ਼ਾਨਾ ਬਣਾ ਰਹੀ ਹੈ
ਕਠਪੁਤਲੀ ਆਪ ਸਰਕਾਰ ਪੰਜਾਬ ਵਿਚ ਦਮਨਕਾਰੀ ਦਹਿਸ਼ਤ ਫੈਲਾਉਣ ਵਾਸਤੇ ਸਾਜ਼ਿਸ਼ਾਂ ਰਚ ਰਹੀ ਹੈ
ਚੰਡੀਗੜ੍ਹ, 20 ਮਾਰਚ 2023: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਵਿਚ ਕਠਪੁਤਲੀ ਆਪ ਸਰਕਾਰ ਵੱਲੋਂ ਅਣਐਲਾਨੀ ਐਮਰਜੰਸੀ ਲਾਉਣ ਤੇ ਦਮਨਕਾਰੀ ਨੀਤੀਆਂ ਵਾਲੇ ਕਦਮ ਚੁੱਕ ਕੇ ਦਹਿਸ਼ਤ ਫੈਲਾਉਣ ਦੀ ਜ਼ੋਰਦਾਰ ਨਿਖੇਧੀ ਕੀਤੀ।
ਅਕਾਲੀ ਦਲ ਦੇ ਪ੍ਰਧਾਨ ਨੇ ਚੇਤਾਵਨੀ ਦਿੱਤੀ ਕਿ ਸਿਰਫ ਫਿਰਕਾਪ੍ਰਸਤੀ ਨੂੰ ਉਤਸ਼ਾਹਿਤ ਕਰਨ ਤੇ ਚੋਣ ਲਾਹੇ ਵਾਸਤੇ ਸਭ ਤੋਂ ਦੇਸ਼ਭਗਤ ਸਿੱਖ ਕੌਮ ਨੂੰ ਬਦਨਾਮ ਕਰਨ ਵਾਸਤੇ ਖਤਰਨਾਕ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਬੀਤੇ ਸਮੇਂ ਵਿਚ ਇਹੀ ਸਾਜ਼ਿਸ਼ਾਂ ਕਾਂਗਰਸ ਰਚਦੀ ਤੇ ਲਾਗੂ ਕਰਦੀ ਰਹੀ ਹੈ ਤੇ ਹੁਣ ਮੌਜੂਦਾ ਸਰਕਾਰ ਉਸਦੇ ਨਕਸ਼ੇ ਕਦਮ ’ਤੇ ਤੁਰਦਿਆਂ ਪੰਜਾਬ ਨੂੰ ਅੱਗ ਦੀ ਭੱਠੀ ਵਿਚ ਝੋਕ ਰਹੀ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਨੂੰ ਦਮਨਕਾਰੀ ਨੀਤੀਆਂ ਤੇ ਦਹਿਸ਼ਤ ਦੇ ਮਾਹੌਲ ਵਿਚੋਂ ਕੱਢ ਕੇ ਸ਼ਾਂਤੀ ਤੇ ਤਰੱਕੀ ਦੇ ਯੁੱਗ ਵਿਚ ਲਿਆਂਦਾ ਸੀ। ਉਹਨਾਂ ਕਿਹਾ ਕਿ ਸਰਕਾਰਾਂ ਨੇ ਸੂਬੇ ਨੂੰ ਮੁੜ ਤੋਂ 1980ਵਿਆਂ ਦੇਦੌਰ ਦੀ ਅਸੁਰੱਖਿਆ, ਦਮਨਕਾਰੀ ਨੀਤੀਆਂ ਤੇ ਤ੍ਰਾਸਦੀ ਦੇ ਦੌਰ ਵੱਲ ਧੱਕਣਾ ਸ਼ੁਰੂ ਕਰ ਦਿੱਤਾ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਿੱਖ ਕੌਮ ਦੇਸ਼ ਦੀ ਸਭ ਤੋਂ ਵੱਧ ਦੇਸ਼ਭਗਤ ਕੌਮ ਹੈ ਜਿਸਦੇ ਲੋਕਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਤੇ ਭਾਰਤ ਦੀ ਏਕਤਾ ਤੇ ਅਖੰਡਤਾ ਵਾਸਤੇ ਸਭ ਤੋਂ ਵੱਡਾ ਯੋਗਦਾਨ ਪਾਇਆ ਹੈ ਤੇ ਜੇਕਰ ਦੇਸ਼ ਨੂੰ ਲੋੜ ਪਈ ਤਾਂ ਫਿਰ ਵੀ ਯੋਗਦਾਨ ਪਾਉਣ ਵਾਸਤੇ ਤਿਆਰ ਹੈ। ਉਹਨਾਂ ਕਿਹਾ ਕਿ ਇਹ ਸਾਡਾ ਮੁਲਕ ਹੈ ਤੇ ਸਿੱਖਾਂ ਨੂੰ ਦੇਸ਼ਭਗਤੀ ਦੇ ਮਾਮਲੇ ਵਿਚ ਕਿਸੇ ਤੋਂ ਸਰਟੀਫਿਕੇਟ ਦੀ ਲੋੜ ਨਹੀਂ ਹੈ।
ਪਾਰਟੀ ਦੇ ਸੀਨੀਅਰ ਆਗੂਆਂ ਦੀ ਐਮਰਜੰਸੀ ਮੀਟਿੰਗ ਤੋਂ ਬਾਅਦ ਪਾਰਟੀ ਪ੍ਰਧਾਨ ਨੇ ਇਹ ਬਿਆਨ ਜਾਰੀ ਕੀਤਾ। ਉਹਨਾਂ ਪੰਜਾਬ ਦੇ ਲੋਕਾਂ ਨੂੰ ਭਰੋਸਾ ਦੁਆਇਆ ਕਿ ਸ਼੍ਰੋਮਦੀ ਅਕਾਲੀ ਦਲ ਉਹਨਾਂ ਸਾਰੀਆਂ ਤਾਕਤਾਂ ਨਾਲ ਲੜੇਗਾ ਜੋ ਇਥੇ ਸ਼ਾਂਤੀ ਤੇ ਸਦਭਾਵਨਾ ਭੰਗ ਕਰਨਗੀਆਂ। ਉਹਨਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਸ਼ਾਂਤੀ ਤੇ ਸਰਬੱਤ ਦੇ ਭਲੇ ਦੇ ਹੱਕਾਂ ਦਾ ਮੁਦੱਈ ਤੇ ਗਰੰਟਰ ਰਿਹਾ ਹੈ।
ਆਪ ਸਰਕਾਰ ’ਤੇ ਵਰ੍ਹਦਿਆਂ ਸਰਦਾਰ ਬਾਦਲ ਨੇ ਬੇਕਸੂਰ ਸਿੱਖ ਨੌਜਵਾਨਾਂ ਖਾਸ ਤੌਰ ’ਤੇ ਅੰਮ੍ਰਿਤਧਾਰੀ ਨੋਜਵਾਨਾਂ ਖਿਲਾਫ ਸਿਰਫ ਸ਼ੱਕ ਦੇ ਆਧਾਰ ’ਤੇ ਗੈਰ ਸੰਵਿਧਾਨਕ ਤਰੀਕੇ ਵਰਤਣ ਤੇ ਉਹਨਾਂ ਦੀ ਅੰਨ੍ਹੇਵਾਹ ਗ੍ਰਿਫਤਾਰੀ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ। ਉਹਨਾਂ ਮੰਗ ਕੀਤੀ ਕਿ ਚਲ ਰਹੇ ਦੌਰ ਵਿਚ ਗ੍ਰਿਫਤਾਰ ਕੀਤੇ ਸਾਰੇ ਬੇਕਸੂਰ ਸਿੱਖ ਨੌਜਵਾਨ ਤੁਰੰਤ ਰਿਹਾਅ ਕੀਤੇ ਜਾਣ।
ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਸੰਘੀ ਢਾਂਚੇ ਦੇ ਦਾਇਰੇ ਵਿਚ ਰਹਿ ਕੇ ਪੰਜਾਬੀਆਂ ਖਾਸ ਤੌਰ ’ਤੇ ਸਿੱਖਾਂ ਦੇ ਹੱਕਾਂ ਵਾਸਤੇ ਡਟਦਾ ਰਿਹਾ ਹੈ ਤੇ ਅੱਗੇ ਵੀ ਡੱਟਦਾ ਰਹੇਗਾ ਤੇ ਹਮੇਸ਼ਾ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਵਕਾਲਤ ਕਰਦਾ ਰਹੇਗਾ ਜਿਸਦੀ ਮੰਗ ਹੋਰ ਪਾਰਟੀਆਂ ਨੇ ਵੀ ਕੀਤੀ ਹੈ।