ਸੋਮ ਪ੍ਰਕਾਸ਼ ਨੇ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ (ਏਕੇਏਐਮ) ਅਤੇ ਫਲੈਗਸ਼ਿਪ ਸਕੀਮਾਂ 'ਤੇ ਚਾਰ ਦਿਨਾਂ ਫੋਟੋ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ
ਕੰਢੀ ਖੇਤਰ ਵਿੱਚ 87 ਪਿੰਡਾਂ ਵਿੱਚ ਨੈੱਟਵਰਕ ਕਵਰੇਜ ਲਈ 31 ਮੋਬਾਈਲ ਟਾਵਰ ਲਗਾਉਣ ਦੀ ਪ੍ਰਵਾਨਗੀ
ਭਾਰਤ ਸਰਕਾਰ ਦੀਆਂ ਸਕੀਮਾਂ ਦੇ ਲਾਭਪਾਤਰੀਆਂ ਨੂੰ 57 ਲੱਖ ਰੁਪਏ ਤੋਂ ਵੱਧ ਦੇ ਕਰਜ਼ੇ ਮੁਹੱਈਆ ਕਰਵਾਏ ਗਏ
ਔਰਤਾਂ ਦੀ ਮੁਫ਼ਤ ਮੈਮੋਗ੍ਰਾਫੀ ਕੈਂਸਰ ਸਕਰੀਨਿੰਗ ਅੱਜ ਕਰਵਾਈ ਜਾਵੇਗੀ
ਹੁਸ਼ਿਆਰਪੁਰ, 20 ਮਾਰਚ 2023: ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਸਰਕਾਰੀ ਸਕੀਮਾਂ ਤਹਿਤ ਕਰੋੜਾਂ ਰੁਪਏ ਵੰਡੇ ਜਾ ਰਹੇ ਹਨ ਜਿਹੜੀਆਂ ਲਾਭਪਾਤਰੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਿੱਚ ਸਹਾਈ ਹੋ ਰਹੇ ਹਨ। ਉਨ੍ਹਾਂ ਵਿੱਚੋਂ ਕੁਝ - ਉੱਜਵਲਾ, ਮੁਦਰਾ, ਸਟ੍ਰੀਟ ਵੈਂਡਰ, ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ ਆਦਿ ਦੇ ਲਾਭਪਾਤਰੀਆਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ।
ਕੇਂਦਰੀ ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਅਤੇ ਕੇਂਦਰ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ 'ਤੇ ਚਾਰ ਰੋਜ਼ਾ ਫੋਟੋ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਤੋਂ ਬਾਅਦ ਇਹ ਗੱਲ ਆਖੀ। ਇਹ ਪ੍ਰਦਰਸ਼ਨੀ, ਏਕੀਕ੍ਰਿਤ ਸੰਚਾਰ ਅਤੇ ਆਊਟਰੀਚ ਪ੍ਰੋਗਰਾਮ ਦੇ ਤਹਿਤ, ਕੇਂਦਰੀ ਸੰਚਾਰ ਬਿਊਰੋ (ਸੀਬੀਸੀ), ਸੂਚਨਾ ਅਤੇ ਪ੍ਰਸਾਰਣ ਮੰਤਰਾਲੇ, ਭਾਰਤ ਸਰਕਾਰ ਵੱਲੋਂ ਲਗਾਈ ਗਈ ਹੈ। ਇਹ 23 ਮਾਰਚ 2023 ਤੱਕ ਆਮ ਲੋਕਾਂ ਲਈ ਖੁੱਲ੍ਹੀ ਰਹੇਗੀ।
ਅਜਿਹੀਆਂ ਪ੍ਰਦਰਸ਼ਨੀਆਂ ਰਾਹੀਂ ਵੱਖ-ਵੱਖ ਸਕੀਮਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਸੀ.ਬੀ.ਸੀ. ਦੇ ਯਤਨਾਂ ਦੀ ਸ਼ਲਾਘਾ ਕਰਦਿਆਂ, ਸ਼੍ਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਵੱਧ ਤੋਂ ਵੱਧ ਲੋਕਾਂ ਨੂੰ ਇੱਥੇ ਆਉਣਾ ਚਾਹੀਦਾ ਹੈ ਤਾਂ ਜੋ ਉਹ ਜਾਣ ਸਕਣ ਕਿ ਕਿਹੜੀ ਸਕੀਮ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਲਾਹੇਵੰਦ ਹੈ। ਉਨ੍ਹਾਂ ਨੇ ਰਾਜੇਸ਼ ਬਾਲੀ, ਖੇਤਰੀ ਪਬਲੀਸਿਟੀ ਅਫਸਰ, (ਸੀਬੀਸੀ) ਕਮ-ਨੋਡਲ ਅਫਸਰ ਪ੍ਰਦਰਸ਼ਨੀ ਨੂੰ ਅਜਿਹੀਆਂ ਜਾਣਕਾਰੀ ਭਰਪੂਰ ਪ੍ਰਦਰਸ਼ਨੀਆਂ ਲਗਾਉਣ ਲਈ ਵਧਾਈ ਦਿੱਤੀ। ਉਨ੍ਹਾਂ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵੱਲੋਂ ਭਾਰਤੀ ਆਜ਼ਾਦੀ ਦੀ ਲੜਾਈ ਵਿੱਚ ਇਨ੍ਹਾਂ ਤਿੰਨ ਮਹਾਨ ਸ਼ਹੀਦਾਂ ਦੀਆਂ ਮਹਾਨ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਰਾਸ਼ਟਰ ਵੱਲੋਂ ਸ਼ਰਧਾਂਜਲੀ ਭੇਟ ਕੀਤੀ। ਵਰਨਣਯੋਗ ਹੈ ਕਿ ਤਿੰਨੋਂ ਦਾ ਸ਼ਹੀਦੀ ਦਿਵਸ 23 ਮਾਰਚ ਨੂੰ ਹੈ। ਕੇਂਦਰੀ ਰਾਜ ਮੰਤਰੀ ਪ੍ਰਦਰਸ਼ਨੀ ਦੇ ਮੁੱਖ ਮਹਿਮਾਨ ਸਨ ਅਤੇ ਭਾਰੀ ਮੀਂਹ ਦੇ ਬਾਵਜੂਦ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਲਈ ਆਏ ਹੋਏ ਸਨ। ਜਦੋਂ ਕਿ ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ੍ਰੀ ਤੀਕਸ਼ਨ ਸੂਦ, ਐਸ.ਡੀ.ਐਮ ਹੁਸ਼ਿਆਰਪੁਰਪ੍ਰੀਤਇੰਦਰ ਸਿੰਘ ਬੈਂਸ ਅਤੇ ਸਹਾਇਕ ਕਮਿਸ਼ਨਰ ਵਿਓਮ ਭਾਰਦਵਾਜ ਵੀ ਹਾਜ਼ਰ ਸਨ।
ਸੋਮ ਪ੍ਰਕਾਸ਼ ਨੇ ਦੱਸਿਆ ਕਿ ਹੁਸ਼ਿਆਰਪੁਰ ਕੰਢੀ ਖੇਤਰ ਵਿੱਚ ਸਰਵੇ ਕਰਨ ਤੋਂ ਬਾਅਦ ਸਬੰਧਤ ਮੰਤਰਾਲੇ ਨੇ 31 ਮੋਬਾਈਲ ਟਾਵਰ ਲਗਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਨੇ ਅੱਗੇ ਕਿਹਾ,"ਇਹ ਖੇਤਰ ਦੇ 87 ਪਿੰਡਾਂ ਵਿੱਚ ਵਧੀਆ ਨੈਟਵਰਕ ਕਵਰੇਜ ਪ੍ਰਦਾਨ ਕਰਕੇ ਕਨੈਕਟੀਵਿਟੀ ਵਿੱਚ ਸੁਧਾਰ ਕਰਨਗੇ।"
ਹੁਸ਼ਿਆਰਪੁਰ ਦੇ ਖੂਨਦਾਨੀ ਜੋੜੇ ਬਹਾਦਰ ਸਿੰਘ ਸਿੱਧੂ ਅਤੇ ਉਹਨਾਂ ਦੀ ਪਤਨੀ ਜਤਿੰਦਰ ਕੌਰ ਸਿੱਧੂ ਨੂੰ ਸੀ.ਬੀ.ਸੀ. ਵੱਲੋਂ ਵਿਸ਼ੇਸ਼ ਤੌਰ 'ਤੇ ਮਾਨਯੋਗ ਮੰਤਰੀ ਦੇ ਮਾਧਿਅਮ ਨਾਲ ਹੁਸ਼ਿਆਰਪੁਰ ਦੇ ਆਈਕਨ ਵਜੋਂ ਸਨਮਾਨਿਤ ਕੀਤਾ ਗਿਆ ਹੈ, ਜਿਹੜਾ ਉਹਨਾਂ ਵੱਲੋਂ ਲਗਾਤਾਰ ਖੂਨਦਾਨ ਕਰਨ ਦੇ ਨਾਲ-ਨਾਲ ਹੋਰ ਬਹੁਤ ਸਾਰੀਆਂ ਸਮਾਜਕ ਸੇਵਾਵਾਂ ਦੇ ਨਾਲ-ਨਾਲ ਸਮਾਜ ਸੇਵੀ ਕੰਮਾਂ ਲਈ ਵੀ ਕੀਤੇ ਜਾ ਰਹੇ ਯੋਗਦਾਨ ਲਈ ਦਿੱਤਾ ਗਿਆ ਹੈ । ਉਨ੍ਹਾਂ ਨੇ ਮਿਲ ਕੇ ਹੁਣ ਤੱਕ 19 ਲੀਟਰ ਖੂਨਦਾਨ ਕੀਤਾ ਹੈ।ਜਦਕਿ,ਉਨ੍ਹਾਂ ਨੇ ਵਿਅਕਤੀਗਤ ਤੌਰ 'ਤੇ ਕ੍ਰਮਵਾਰ 23 ਲੀਟਰ ਅਤੇ 9 ਲੀਟਰ ਖੂਨ ਦਾਨ ਕੀਤਾ ਹੈ।
ਇਸ ਦੌਰਾਨ ਸੀਡੀਪੀਓ ਦਫ਼ਤਰ ਵੱਲੋਂ ਕਰਵਾਏ ਗਏ ਰੰਗੋਲੀ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੀ ਦਿੱਤੇ ਗਏ।
ਡਿਪਟੀ ਕਮਿਸ਼ਨਰ ਮਿੱਤਲ ਨੇ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਅਜਿਹੀਆਂ ਜਾਗਰੂਕਤਾ ਪ੍ਰਦਰਸ਼ਨੀਆਂ ਅਤੇ ਮੁਹਿੰਮਾਂ ਦੀ ਲੋੜ ਹੈ ਤਾਂ ਜੋ ਉਹ ਕੇਂਦਰ ਅਤੇ ਰਾਜ ਸਰਕਾਰ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈ ਸਕਣ।
ਫੀਲਡ ਪਬਲੀਸਿਟੀ ਅਫਸਰ ਰਾਜੇਸ਼ ਬਾਲੀ ਨੇ ਪ੍ਰਦਰਸ਼ਨੀ ਦੌਰਾਨ ਅਗਲੇ ਤਿੰਨ ਦਿਨਾਂ ਵਿੱਚ ਸ਼ੁਰੂ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਦਾ ਵੇਰਵਾ ਦਿੰਦੇ ਹੋਏ ਦੱਸਿਆ ਕਿ ਰੋਟਰੀ ਕਲੱਬ, ਜਲੰਧਰ ਤੋਂ ਇੱਕ ਵਿਸ਼ੇਸ਼ ਕੈਂਸਰ ਡਿਟੈਕਸ਼ਨ ਵੈਨ ਇੱਕ ਰੋਜ਼ਾ ਮੁਫਤ ਮੈਮੋਗ੍ਰਾਫੀ ਚੈਕਅੱਪ ਅਤੇ ਔਰਤਾਂ ਦੇ ਸਰਵਾਈਕਲ ਚੈਕਅੱਪ ਲਈ ਭਲਕੇ ਪਹੁੰਚ ਰਹੀ ਹੈ। ਸਿਵਲ ਹਸਪਤਾਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਨਾਖਤ ਕੀਤੀਆਂ ਗਈਆਂ ਕੁਝ ਲੜਕੀਆਂ ਨੂੰ ਕੈਂਸਰ ਤੋਂ ਬਚਾਅ ਦਾ ਟੀਕਾਕਰਨ ਵੀ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ 23 ਮਾਰਚ ਨੂੰ ਜ਼ਿਲ੍ਹਾ ਪ੍ਰਸ਼ਾਸਨ, ਜੀਐਨਏ ਯੂਨੀਵਰਸਿਟੀ ਅਤੇ ਫਿਟ ਬਾਈਕਰਜ਼ ਕਲੱਬ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਨਸ਼ਿਆਂ ਤੋਂ ਦੂਰ ਰਹਿਣ ਦਾ ਸੁਨੇਹਾ ਦੇਣ ਲਈ ਸਵੇਰੇ ਨਸ਼ਾ ਵਿਰੋਧੀ ਸਾਈਕਲ ਰੈਲੀ ਕੱਢੀ ਜਾਵੇਗੀ। ਇਹ ਸਾਈਕਲ ਰੈਲੀ ਸ਼ਹੀਦੀ ਦਿਵਸ ਨੂੰ ਸਮਰਪਿਤ ਹੋਵੇਗੀ। ਵੱਖ-ਵੱਖ ਵਿੱਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਵਿਚਕਾਰ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਵਿਸ਼ੇ 'ਤੇ ਭਾਸ਼ਣ ਮੁਕਾਬਲੇ ਵੀ ਕਰਵਾਏ ਜਾਣਗੇ।
ਇਸ ਤੋਂ ਇਲਾਵਾ ਚਾਰ ਰੋਜ਼ਾ ਮੁਫਤ ਜਨਰਲ ਸਿਹਤ ਜਾਂਚ ਕੈਂਪ, ਆਧਾਰ ਅੱਪਡੇਟ ਕਰਨ ਅਤੇ ਇਸ ਨੂੰ ਵੋਟਰ ਕਾਰਡ ਨਾਲ ਲਿੰਕ ਕਰਨ ਲਈ ਸਟਾਲ, ਆਮ ਲੋਕਾਂ ਦੀ ਮਦਦ ਲਈ ਵਿਲੱਖਣ ਤੌਰ 'ਤੇ ਦਿਵਿਆਂਗ ਪਛਾਣ ਪੱਤਰ ਬਣਾਉਣ ਲਈ ਸਟਾਲ ਵੀ ਲਗਾਏ ਗਏ ਹਨ। ਕਿਸਾਨ ਕ੍ਰੈਡਿਟ ਕਾਰਡ, ਪ੍ਰਧਾਨ ਮੰਤਰੀ ਆਵਾਸ ਯੋਜਨਾ ਆਦਿ ਬਾਰੇ ਜਾਣਕਾਰੀ ਦੇਣ ਲਈ ਸਟਾਲ ਵੀ ਲਗਾਏ ਗਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਲ.ਡੀ.ਐਮ ਤਰਸੇਮ ਸਿੰਘ, ਸੀ.ਡੀ.ਪੀ.ਓ ਮੰਜੂ ਅਤੇ ਮੁੱਖ ਖੇਤੀਬਾੜੀ ਅਫ਼ਸਰ ਵੀ ਹਾਜ਼ਰ ਸਨ.।