ਟਾਇਰ ਫਟਣ ਕਾਰਨ ਗੱਡੀ ਡਿਵਾਈਡਰ ਨਾਲ ਟਕਰਾਈ ਦੋ ਦੀ ਹਾਲਤ ਗੰਭੀਰ
ਰਾਜਿੰਦਰ ਕੁਮਾਰ
ਨਵਾਂਸ਼ਹਿਰ 20 ਮਾਰਚ 2023: ਪਿੰਡ ਕਾਹਾਮਾ ਲਾਗੇ ਹੋਏ ਹਾਦਸੇ ਵਿਚ ਤਿੰਨ ਵਿਅਕਤੀ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਨਵਾਂਸ਼ਹਿਰ ਤੋਂ ਬੰਗਾ ਵੱਲ ਜਾ ਰਹੀ ਹੁੰਡਈ ਆਈ-10 ਕਾਰ ਕਲੀਨਰ ਸਾਈਡ ਦਾ ਟਾਇਰ ਫਟਣ ਕਾਰਨ ਡਿਵਾਈਡਰ ਨਾਲ ਟਕਰਾ ਗਈ। ਇਸ ਹਾਦਸੇ 'ਚ ਕਾਰ 'ਚ ਸਵਾਰ ਤਿੰਨ ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਨੂੰ ਪਿੰਡ ਢਾਹਾਂ ਕਲੇਰਾਂ ਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਸਦਰ ਬੰਗਾ ਦੇ ਏ.ਐਸ.ਆਈ ਸੁਭਾਸ਼ ਚੰਦਰ ਨੇ ਦੱਸਿਆ ਕਿ ਜਦੋਂ ਕਾਰ ਉਕਤ ਸਥਾਨ 'ਤੇ ਪਹੁੰਚੀ ਤਾਂ ਕਲੀਨਰ ਸਾਈਡ ਦਾ
ਟਾਇਰ ਫਟ ਗਿਆ ਅਤੇ ਗੱਡੀ ਪਲਟਣ ਤੋਂ ਬਾਅਦ ਡਿਵਾਈਡਰ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਡਿਵਾਈਡਰ ਪੂਰੀ ਤਰ੍ਹਾਂ ਟੁੱਟ ਗਿਆ ਅਤੇ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਹਾਦਸੇ ਵਿੱਚ ਕਾਰ ਦੇ ਪਿੱਛੇ ਬੈਠੇ ਛੱਤੀਸਗੜ੍ਹ ਦੇ ਹਲਦੀਬਾਦੀ ਦੇ ਵਸਨੀਕ ਅਨਿਲ ਕੁਮਾਰ ਅਤੇ ਨਰਿੰਦਰ ਥਾਪਾ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਦਕਿ ਕਾਰ ਚਾਲਕ ਜਸਪ੍ਰੀਤ ਨੂੰ ਮਾਮੂਲੀ ਸੱਟਾਂ ਲੱਗੀਆਂ। ਉਨ੍ਹਾਂ ਦੱਸਿਆ ਕਿ ਅਨਿਲ ਕੁਮਾਰ ਅਤੇ ਨਰਿੰਦਰ ਥਾਪਾ ਕਾਂਗਰਸ ਪਾਰਟੀ ਨਾਲ ਸਬੰਧਤ ਹਨ ਅਤੇ ਇਲਾਕੇ ਵਿੱਚ ਕੀਤੀ ਜਾ ਰਹੀ ਡੈਲੀਗੇਟ ਮੀਟਿੰਗ ਵਿੱਚ ਹਿੱਸਾ ਲੈਣ ਆਏ ਸਨ। ਇਨ੍ਹਾਂ ਜ਼ਖ਼ਮੀਆਂ ਨੂੰ ਪਿੰਡ ਢਾਹਾਂ ਕਲੇਰਾਂ ਦੇ ਗੁਰੂ ਨਾਨਕ ਮਿਸ਼ਨ ਵਿਖੇ ਦਾਖ਼ਲ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ ਨਰਿੰਦਰ ਥਾਪਾ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ, ਜਿਸ ਦਾ ਆਈਸੀਯੂ ਵਿੱਚ ਇਲਾਜ ਚੱਲ ਰਿਹਾ ਹੈ। ਏਐਸਆਈ ਸੁਭਾਸ਼ ਚੰਦਰ ਨੇ ਦੱਸਿਆ ਕਿ ਹਾਦਸੇ ਸਬੰਧੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।