ਭਾਜਪਾ ਸਰਕਾਰ ਨੇ ਜਾਣਬੁੱਝ ਕੇ ਇੰਟਰਪੋਲ ਨੂੰ ਸਬੂਤ ਨਹੀਂ ਸੌਂਪੇ, ਜਿਸ ਕਾਰਨ ਮੇਹੁਲ ਚੋਕਸੀ ਵਿਰੁੱਧ ਰੈੱਡ ਕਾਰਨਰ ਨੋਟਿਸ ਰੱਦ ਕੀਤਾ ਗਿਆ - ਰਾਘਵ ਚੱਢਾ
- ਭਾਜਪਾ ਸਰਕਾਰ ਨੇ ਭਗੌੜੇ ਮੇਹੁਲ ਚੋਕਸੀ ਨੂੰ ਐਂਟੀਗੁਆ ਦੀ ਨਾਗਰਿਕਤਾ ਦਿਵਾਉਣ 'ਚ ਕੀਤੀ ਮਦਦ - ਰਾਘਵ ਚੱਢਾ
- ਪ੍ਰਧਾਨ ਮੰਤਰੀ ਦਫ਼ਤਰ ਨੇ 2016 ਵਿੱਚ ਦੋਵਾਂ ਖ਼ਿਲਾਫ਼ ਚਿੱਠੀਆਂ ਮਿਲਣ ਦੇ ਬਾਵਜੂਦ ਜਾਂਚ ਕਿਉਂ ਨਹੀਂ ਕੀਤੀ? - ਰਾਘਵ ਚੱਢਾ
ED-CBI ਜਿਹੜੀ ਕਾਰਵਾਈ ਵਿਰੋਧੀ ਨੇਤਾਵਾਂ ਖਿਲਾਫ ਕਰਦੀ ਹੈ, ਉਹ ਹਜ਼ਾਰਾਂ ਕਰੋੜਾਂ ਦੀ ਠੱਗੀ ਮਾਰਨ ਵਾਲੇ ਅਪਰਾਧੀਆਂ ਖਿਲਾਫ ਕਿਉਂ ਨਹੀਂ ਹੁੰਦੀ? - ਰਾਘਵ ਚੱਢਾ
ਚੰਡੀਗੜ੍ਹ, 21 ਮਾਰਚ 2023 - ਆਮ ਆਦਮੀ ਪਾਰਟੀ ਨੇ ਭਗੌੜੇ ਮੇਹੁਲ ਚੋਕਸੀ ਵਿਰੁੱਧ ਰੈੱਡ ਕਾਰਨਰ ਨੋਟਿਸ ਰੱਦ ਕਰਨ ਲਈ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ। ‘ਆਪ’ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਸੀਬੀਆਈ-ਈਡੀ ਵਿਰੋਧੀ ਆਗੂਆਂ ਖ਼ਿਲਾਫ਼ ਸਖ਼ਤ ਰਹੀ ਹੈ। ਉਹ ਝੂਠੇ ਕੇਸ ਬਣਾ ਕੇ ਉਨ੍ਹਾਂ ਨੂੰ ਫਸਾਉਂਦੀ ਹੈ, ਪਰ ਹਜ਼ਾਰਾਂ ਕਰੋੜਾਂ ਦੀ ਠੱਗੀ ਮਾਰਨ ਵਾਲੇ ਭਾਜਪਾ ਦੇ ਦੋਸਤਾਂ ਨੂੰ ਕੁਝ ਨਹੀਂ ਕਰਦੀ।
ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਰਾਘਵ ਚੱਢਾ ਨੇ ਕਿਹਾ ਕਿ ਭਾਜਪਾ ਸਰਕਾਰ ਮੇਹੁਲ ਚੋਕਸੀ ਨੂੰ ਰੈੱਡ ਕਾਰਪੇਟ ਦੀ ਸੁਵਿਧਾ ਪ੍ਰਦਾਨ ਕਰ ਰਹੀ ਹੈ। ਪੂਰੀ ਭਾਜਪਾ ਉਸ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ।
'ਈਡੀ-ਸੀਬੀਆਈ' 'ਤੇ ਸਵਾਲ ਉਠਾਉਂਦੇ ਹੋਏ ਰਾਘਵ ਚੱਢਾ ਨੇ ਕਿਹਾ ਕਿ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਕੇਂਦਰ ਸਰਕਾਰ ਦੀ ਈਡੀ-ਸੀਬੀਆਈ ਇੰਟਰਪੋਲ ਨੂੰ ਮੇਹੁਲ ਚੋਕਸੀ ਦੇ ਖਿਲਾਫ ਸਬੂਤ ਮੁਹੱਈਆ ਕਰਵਾਉਣ 'ਚ ਅਸਫਲ ਰਹੀ, ਇਸ ਲਈ ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ ਨੂੰ ਰੱਦ ਕਰ ਦਿੱਤਾ। ਮੇਹੁਲ ਚੋਕਸੀ ਨੂੰ ਬਚਾਉਣ ਦੀ ਕੋਸ਼ਿਸ਼ ਕਿਉਂ ਕਰ ਰਹੀ ਹੈ CBI-ED?
ਰਾਘਵ ਚੱਢਾ ਨੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਮੇਹੁਲ ਚੋਕਸੀ 2018 'ਦਾਵੋਸ' 'ਵਰਲਡ ਇਕਨਾਮਿਕ ਫੋਰਮ' 'ਚ ਵੀ ਪ੍ਰਧਾਨ ਮੰਤਰੀ ਦੇ ਨਾਲ ਖੜ੍ਹੇ ਸਨ। ਇਹ ਫੋਟੋ ਵੀ ਜਾਰੀ ਕੀਤੀ ਗਈ ਸੀ। ਦੋ ਦਿਨ ਬਾਅਦ ਪੰਜਾਬ ਨੈਸ਼ਨਲ ਬੈਂਕ ਨੇ ਦੱਸਿਆ ਕਿ ਉਸ ਨੇ 13500 ਕਰੋੜ ਦਾ ਗਬਨ ਕੀਤਾ ਹੈ। ਪਰ ਐਫਆਈਆਰ ਦਰਜ ਹੋਣ ਤੱਕ ਕੇਂਦਰ ਸਰਕਾਰ ਨੇ ਮੇਹੁਲ ਚੋਕਸੀ ਦੀ ਮਿਲੀਭੁਗਤ ਨਾਲ ਉਸ ਨੂੰ ਭਾਰਤ ਤੋਂ ਫਰਾਰ ਕਰਵਾ ਦਿੱਤਾ ਸੀ।
ਜਦੋਂ ਉਹ ਐਂਟੀਗੁਆ ਭੱਜ ਗਿਆ ਤਾਂ ਭਾਜਪਾ ਸਰਕਾਰ ਨੇ ਉਸ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਐਂਟੀਗੁਆ ਦੀ ਨਾਗਰਿਕਤਾ ਲੈਣ ਲਈ ਐਨਓਸੀ ਜਾਰੀ ਕਰ ਦਿੱਤਾ। ਇਸ ਸਰਟੀਫਿਕੇਟ ਦੇ ਆਧਾਰ 'ਤੇ ਉਸ ਨੂੰ ਐਂਟੀਗੁਆ ਦੀ ਨਾਗਰਿਕਤਾ ਮਿਲੀ।
ਉਨ੍ਹਾਂ ਦੋਸ਼ ਲਾਇਆ ਕਿ ਨੀਰਵ ਮੋਦੀ ਅਤੇ ਮੇਹੁਲ ਚੋਕਸੀ ਨੇ ਭਾਰਤੀ ਜਨਤਾ ਪਾਰਟੀ ਨੂੰ ਕਰੋੜਾਂ ਰੁਪਏ ਦਾ ਚੰਦਾ ਦਿੱਤਾ ਹੈ। ਭਾਜਪਾ ਦੇ ਕਈ ਵੱਡੇ ਨੇਤਾਵਾਂ ਨਾਲ ਉਨ੍ਹਾਂ ਦੇ ਚੰਗੇ ਸਬੰਧ ਹਨ।
ਇਸੇ ਲਈ ਜਦੋਂ ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ ਜਾਰੀ ਕਰਕੇ ਭਾਰਤ ਸਰਕਾਰ ਤੋਂ ਉਸਦੇ ਖਿਲਾਫ ਸਬੂਤ ਮੰਗੇ ਤਾਂ ਭਾਜਪਾ ਸਰਕਾਰ ਨੇ ਜਾਣਬੁੱਝ ਕੇ ਇੰਟਰਪੋਲ ਨੂੰ ਕੋਈ ਸਬੂਤ ਨਹੀਂ ਦਿੱਤਾ, ਜਿਸ ਕਾਰਨ ਉਹ ਅੱਜ ਵਿਦੇਸ਼ਾਂ ਵਿੱਚ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰ ਰਿਹਾ ਹੈ।
ਚੱਢਾ ਨੇ ਭਾਜਪਾ ਨੂੰ ਕਈ ਸਵਾਲ ਪੁੱਛੇ। ਉਸ ਨੇ ਪੁੱਛਿਆ ਕਿ ਮੇਹੁਲ ਚੋਕਸੀ ਨੂੰ ਕਿਸ ਨੇ ਕਿਹਾ ਕਿ ਉਸ ਦੇ ਖਿਲਾਫ ਜਾਂਚ ਹੋਵੇਗੀ, ਤਾਂ ਜੋ ਉਹ ਬਚ ਸਕੇ? ਮੇਹੁਲ ਚੋਕਸੀ ਨੇ ਭਾਜਪਾ ਨੂੰ ਕਿੰਨੇ ਕਰੋੜ ਰੁਪਏ ਦਾਨ ਕੀਤੇ? ਭਾਜਪਾ ਸਰਕਾਰ ਨੇ ਮੇਹੁਲ ਚੋਕਸੀ ਨੂੰ ਦੂਜੇ ਦੇਸ਼ ਦੀ ਨਾਗਰਿਕਤਾ ਲੈਣ ਲਈ NOC ਸਰਟੀਫਿਕੇਟ ਕਿਉਂ ਜਾਰੀ ਕੀਤਾ?
ਮੇਹੁਲ ਚੋਕਸੀ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀ ਸਬੰਧ ਹੈ? 2016 ਵਿੱਚ, ਮੇਹੁਲ ਚੋਕਸੀ ਦੇ ਖਿਲਾਫ ਜਾਂਚ ਲਈ ਪ੍ਰਧਾਨ ਮੰਤਰੀ ਦਫਤਰ ਨੂੰ ਇੱਕ ਪੱਤਰ ਸੌਂਪਿਆ ਗਿਆ ਸੀ, ਤਾਂ ਫਿਰ ਜਾਂਚ ਅਜੇ ਤੱਕ ਕਿਉਂ ਨਹੀਂ ਹੋਈ? ਕੀ ਮੇਹੁਲ ਚੋਕਸੀ, ਨੀਰਵ ਮੋਦੀ, ਵਿਜੇ ਮਾਲਿਆ ਅਤੇ ਲਲਿਤ ਮੋਦੀ ਵਰਗੇ ਭਗੌੜੇ ਭਾਜਪਾ 'ਚ ਸ਼ਾਮਲ ਹੋਣ ਜਾ ਰਹੇ ਹਨ? ਕਿਉਂਕਿ ਪਿਛਲੇ ਸਮੇਂ ਵਿੱਚ ਵੀ ਅਜਿਹਾ ਕਰਕੇ ਭਾਜਪਾ ਸਰਕਾਰ ਨੇ ਕਈ ਭ੍ਰਿਸ਼ਟ ਲੋਕਾਂ ਦੇ ਕੇਸ ਖਤਮ ਕੀਤੇ ਹਨ।