ਸੜਕ ਹਾਦਸੇ ਵਿੱਚ ਐਕਟਿਵਾ ਸਵਾਰ ਮਾਂ-ਪੁੱਤ ਅਤੇ ਧੀ ਜ਼ਖ਼ਮੀ
ਦੀਪਕ ਜੈਨ
ਜਗਰਾਉਂ, 21 ਮਾਰਚ 2023 - ਮੰਗਲਵਾਰ ਦੀ ਬਾਅਦ ਦੁਪਹਿਰ ਜਗਰਾਉਂ ਰਾਏਕੋਟ ਰੋਡ ਉਪਰ ਸਥਿਤ ਸੂਆ ਪੁੱਲ ਦੇ ਨੇੜੇ ਹੋਏ ਸੜਕ ਹਾਦਸੇ ਵਿਚ ਐਕਟਿਵਾ ਸਵਾਰ ਮਾਂ ,ਪੁੱਤ ਅਤੇ ਧੀ ਦੇ ਜਖਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਐਕਟਿਵਾ ਸਵਾਰ ਮਾਂ, ਪੁੱਤ ਅਤੇ ਧੀ ਜਗਰਾਓਂ ਨੇੜਲੇ ਪਿੰਡ ਅਖਾੜਾ ਵਿਖੇ ਲੱਗਿਆ ਹੋਇਆ ਮੇਲਾ ਵੇਖ ਕੇ ਵਾਪਸ ਆਪਣੇ ਘਰ ਜਗਰਾਉਂ ਪਰਤ ਰਹੇ ਸਨ ਤਾਂ ਜਿਵੇਂ ਹੀ ਉਹ ਜਗਰਾਉਂ ਰਾਏਕੋਟ ਰੋਡ ਸਥਿਤ ਸੂਆ ਪੁੱਲ ਦੇ ਨੇੜੇ ਪਹੁੰਚੇ ਤਾਂ ਇੱਕ ਟਰੱਕ ਦੀ ਲਪੇਟ ਵਿੱਚ ਆਉਣ ਕਾਰਨ ਗੰਭੀਰ ਜ਼ਖਮੀ ਹੋ ਗਏ।
ਜਖਮੀਆਂ ਨੂੰ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਜਗਰਾਉਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਡਾਕਟਰਾਂ ਵੱਲੋਂ ਉਨ੍ਹਾਂ ਦੀ ਹਾਲਤ ਗੰਭੀਰ ਦੇਖਦਿਆ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ ਅਤੇ ਮੌਕੇ ਤੇ ਮੌਜੂਦ ਰਾਹਗੀਰਾਂ ਵੱਲੋਂ ਟਰੱਕ ਡਰਾਈਵਰ ਨੂੰ ਕਾਬੂ ਕਰਕੇ ਥਾਣਾ ਸਿਟੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਸੜਕ ਹਾਦਸੇ ਦਾ ਸ਼ਿਕਾਰ ਹੋਏ ਮਾਂ ਪੁੱਤ ਤੇ ਧੀ ਦੀ ਪਹਿਚਾਣ ਹਰਜੀਤ ਕੌਰ ਪਤਨੀ ਹਰਸਿਮਰਨ ਸਿੰਘ, ਲੜਕੀ ਤਨਵੀਰ ਕੌਰ ਉਮਰ 10 ਸਾਲ ਅਤੇ ਲੜਕਾ ਗੁਰਵੀਰ ਸਿੰਘ ਉਮਰ ਕਰੀਬ ਪੰਜ ਸਾਲ ਦੇ ਤੌਰ ਤੇ ਹੋਈ ਹੈ ਜਦ ਕਿ ਡਰਾਈਵਰ ਦੀ ਪਹਿਚਾਣ ਗੁਰਤਾਜ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਢੋਲਨ ਉਮਰ 18 ਸਾਲ ਦੇ ਤੌਰ ਤੇ ਹੋਈ ਹੈ।
ਇਸ ਘਟਨਾ ਸਬੰਧੀ ਥਾਣਾ ਸਿਟੀ ਪੁਲੀਸ ਵੱਲੋਂ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐਸ ਐਸ ਪੀ ਨਵਨੀਤ ਸਿੰਘ ਦਾ ਕਹਿਣਾ ਹੈ ਕਿ ਪੁਲੀਸ ਵੱਲੋਂ ਜਾਂਚ ਕਰਨ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਅਧਾਰ ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।