ਸ਼ੈਰੀ ਕਲਸੀ ਦੀਆਂ ਹਦਾਇਤਾਂ ਤਹਿਤ ਸੀਵਰੇਜ਼ ਅਤੇ ਗੰਦੇ ਪਾਣੀ ਦੀ ਨਿਕਾਸੀ ਦਾ ਕੀਤਾ ਗਿਆ ਹੱਲ
ਸ਼ਹਿਰ ਵਾਸੀ ਧਾਰਮਿਕ ਤੇ ਇਤਿਹਾਸਕ ਸ਼ਹਿਰ ਬਟਾਲਾ ਨੂੰ ਸੁੰਦਰ ਤੇ ਸਾਫ਼-ਸੁਥਰਾ ਰੱਖਣ ਲਈ ਪੂਰਨ ਸਹਿਯੋਗ ਕਰਨ-ਵਿਧਾਇਕ ਸ਼ੈਰੀ ਕਲਸੀ
ਰੋਹਿਤ ਗੁਪਤਾ
ਗੁਰਦਾਸਪੁਰ , 22 ਮਾਰਚ 2023 : ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਹਲਕਾ ਵਿਧਾਇਕ ਬਟਾਲਾ ਵਲੋਂ ਧਾਰਮਿਕ ਤੇ ਇਤਿਹਾਸਕ ਸ਼ਹਿਰ ਬਟਾਲਾ ਅੰਦਰ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੇ ਲੋਕਾਂ ਦੀ ਮੁਸ਼ਕਿਲਾਂ ਹੱਲ ਕਰਨ ਦੇ ਮੰਤਵ ਨਾਲ ਸਫਲ ਯਤਨ ਕੀਤੇ ਜਾ ਰਹੇ ਹਨ। ਨਹਿਰੂ ਗੇਟ (ਚੱਕਰੀ ਬਾਜ਼ਾਰ) ਵਿੱਚ ਪਿਛਲੇ ਲੰਮੇ ਸਮੇਂ ਤੋਂ ਸੀਵਰੇਜ ਅਤੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਦੁਕਾਨਦਾਰ ਤੇ ਲੋਕ ਭਾਰੀ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹਨ।
ਇਸ ਸਮੱਸਿਆ ਦੇ ਹੱਲ ਲਈ ਵਿਧਾਇਕ ਸ਼ੈਰੀ ਕਲਸੀ ਵਲੋਂ ਚੰਡੀਗੜ੍ਹ ਤੋਂ ਸਪੈਸ਼ਲ ਸੀਵਰੇਜ ਸਾਫ਼ ਕਰਨ ਲਈ ਬਟਾਲਾ ਵਿੱਚ ਪਹਿਲੀ ਵਾਰ ‘ਸੁਪਰ ਸੱਕਰ ਮਸ਼ੀਨਾਂ’ ਮੰਗਵਾਈਆਂ ਗਈਆਂ ਤੇ ਸੀਵਰੇਜ਼ ਵਿਭਾਗ ਦੇ ਐਸ.ਡੀ.ਓ ਗੁਰਜਿੰਦਰ ਸਿੰਘ ਤੇ ਪੂਰੀ ਟੀਮ ਵਲੋਂ ਰਾਤ 2 ਵਜੇ ਤੱਕ ਇਸ ਸਮੱਸਿਆ ਨੂੰ ਹੱਲ ਕਰਨ ਲਈ ਯਤਨ ਕੀਤੇ ਗਏ।
ਇਸ ਮੌਕੇ ਗੱਲ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਨਹਿਰੂ ਗੇਟ ਵਿਚਲੇ ਬਾਜ਼ਾਰ ਵਿੱਚ ਦੂਰੋ-ਨੇੜਿਓ ਵੱਡੀ ਗਿਣਤੀ ਵਿੱਚ ਲੋਕ ਖਰੀਦਦਾਰੀ ਲਈ ਆਉਂਦੇ ਹਨ ਅਤੇ ਇਸ ਰਸਤੇ ਰਾਹੀਂ ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਹੋਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਲਈ ਜਾਂਦੇ ਹਨ। ਪਰ ਨਹਿਰੂ ਗੇਟ ਦੇ ਐਂਟਰੀ ਪੁਆਇੰਟ ਤੇ ਸੀਵਰੇਜ਼ ਤੇ ਗੰਦੇ ਪਾਣੀ ਦਾ ਖੜ੍ਹਾ ਹੋਣ ਨਾਲ ਲੋਕਾਂ ਤੇ ਦੁਕਾਨਦਾਰਾਂ ਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨਾਂ ਕਿਹਾ ਕਿ ਇਸ ਸਬੰਧੀ ਸੀਵਰੇਜ਼ ਵਿਭਾਗ ਨੂੰ ਹਦਾਇਤਾਂ ਦਿੱਤੀਆਂ ਗਈਆਂ ਸਨ। ਜਿਸ ਤਹਿਤ ਸੀਵਰੇਜ਼ ਵਿਭਾਗ ਦੀ ਟੀਮ ਵਲੋਂ ‘ਸੁਪਰ ਸੱਕਰ ਮਸ਼ੀਨਾਂ’ ਰਾਹੀਂ ਸੀਵਰੇਜ਼ ਦੀ ਸਫਾਈ ਕਰਵਾਈ ਗਈ। ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੀਵਰੇਜ਼ ਦੇ ਗੰਦੇ ਪਾਣੀ ਦੀ ਨਿਕਾਸੀ ਨੂੰ ਲਗਾਤਾਰ ਯਕੀਨੀ ਬਣਾਇਆ ਜਾਵੇ।
ਵਿਧਾਇਕ ਸ਼ੈਰੀ ਕਲਸੀ ਨੇ ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ਤੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਵੇਸਟੇਜ ਸਮਾਨ ਨਾਲੀਆਂ ਵਿੱਚ ਨਾ ਸੁੱਟਣ। ਫਾਲਤੂ ਸਮਾਨ ਆਦਿ ਡਸਟਬਿਨਾਂ ਵਿੱਚ ਸੁੱਟਣ। ਉਨਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਧਾਰਮਿਕ ਤੇ ਇਤਿਹਾਸਕ ਸ਼ਹਿਰ ਬਟਾਲਾ ਨੂੰ ਸੁੰਦਰ ਤੇ ਸਾਫ ਸੁਥਰਾ ਰੱਖਣ ਲਈ ਪੂਰਨ ਸਹਿਯੋਗ ਕਰੀਏ।