ਹਰ ਸੰਕਟ ਦੀ ਘੜੀ ਤੋਂ ਬਾਅਦ ਅਕਾਲੀ ਦਲ ਹਮੇਸ਼ਾ ਮਜ਼ਬੂਤ ਹੋ ਕੇ ਨਿਕਲਿਆ : ਜ਼ਾਹਿਦਾ ਸੁਲੇਮਾਨ
ਸੁਖਬੀਰ ਸਿੰਘ ਬਾਦਲ ਨੂੰ ਜ਼ਮਾਨਤ ਮਿਲਣ ਦੀ ਖ਼ੁਸ਼ੀ ਵਿਚ ਲੱਡੂ ਵੰਡੇ ਤੇ ਮਿੱਠੇ ਚਾਵਲਾਂ ਦਾ ਲੰਗਰ ਲਾਇਆ
ਪਾਰਟੀ ਪ੍ਰਧਾਨ ਨੂੰ ਜ਼ਮਾਨਤ ਮਿਲਣ ਤੇ ਵਰਕਰ, ਦਫ਼ਤਰ ਵਿਚ ਇਕੱਠੇ ਹੋਏ ਤੇ ਉਨ੍ਹਾਂ ਨੇ ਲੱਡੂ ਵੰਡ ਕੇ ਅਤੇ ਮਿੱਠੇ ਚਾਵਲਾਂ ਦਾ ਲੰਗਰ ਲਗਾ ਕੇ ਕੀਤੀ ਖ਼ੁਸ਼ੀ ਸਾਂਝੀ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 22 ਮਾਰਚ 2023 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਕੋਟਕਪੁਰਾ ਗੋਲੀ ਕਾਂਡ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਅਗਾਊਾ ਜ਼ਮਾਨਤ ਦਿਤੇ ਜਾਣ ਦੀ ਖ਼ੁਸ਼ੀ ਵਿਚ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਵਿਖੇ ਸਥਿਤ ਅਕਾਲੀ ਦਲ ਦੇ ਦਫ਼ਤਰ ਵਿਚ ਲੱਡੂ ਵੰਡੇ ਗਏ ਜਦਕਿ ਉਸ ਤੋਂ ਪਹਿਲਾਂ ਸਬਜ਼ੀ ਮੰਡੀ ਵਿਖੇ ਮਿੱਠੇ ਚਾਵਲਾਂ ਦਾ ਲੰਗਰ ਲਗਾਇਆ ਗਿਆ | ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਗਿਣੀ-ਮਿੱਥੀ ਸਾਜ਼ਿਸ਼ ਤਹਿਤ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਨੂੰ ਝੂਠੇ ਮਾਮਲਿਆਂ ਵਿਚ ਫਸਾ ਕੇ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਪਰ ਨਿਆਪਾਲਿਕਾ ਨੇ ਇਨਸਾਫ਼ ਕੀਤਾ ਹੈ | ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਹਰ ਸੰਕਟ ਦੀ ਘੜੀ ਤੋਂ ਬਾਅਦ ਅਕਾਲੀ ਦਲ ਹਮੇਸ਼ਾ ਮਜ਼ਬੂਤ ਹੋ ਕੇ ਨਿਕਲਿਆ ਹੈ, ਹੁਣ ਵੀ ਅਜਿਹਾ ਹੀ ਹੋਵੇਗਾ | ਲੋਕ ਆਮ ਆਦਮੀ ਪਾਰਟੀ ਦਾ ਦੋ-ਗਲਾ ਚਿਹਰਾ ਪਛਾਣ ਚੁੱਕੇ ਹਨ | ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਪੰਜਾਬੀਆਂ ਨਾਲ ਪੰਜਾਬੀਅਤ ਦੇ ਵਾਅਦੇ ਕਰਕੇ ਵੋਟਾਂ ਲਈਆਂ ਪਰ ਹੁਣ ਕੇਂਦਰ ਦੀ ਬੀਜੇਪੀ ਦੀ ਸਰਕਾਰ ਦੀ ਝੋਲੀ ਵਿਚ ਜਾ ਡਿਗੇ ਹਨ | ਅਸਿੱਧੇ ਤਰੀਕੇ ਨਾਲ ਬੀਜੇਪੀ ਹੀ ਪੰਜਾਬ ਵਿਚ ਰਾਜ ਕਰ ਰਹੀ ਹੈ | ਪੰਜਾਬ ਵਿਚ ਦਹਿਸ਼ਤ ਫੈਲਾਈ ਜਾ ਰਹੀ ਹੈ ਅਤੇ ਘੱਟਗਿਣਤੀਆਂ ਦੇ ਅਧਿਕਾਰਾਂ ਉਪਰ ਡਾਕਾ ਮਾਰਿਆ ਜਾ ਰਿਹਾ ਹੈ | ਬੀਬਾ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਵਿਚ ਅਕਾਲੀ ਵਰਕਰਾਂ ਵਿਚ ਜੋਸ਼ ਪੈਦਾ ਹੋ ਰਿਹਾ ਹੈ ਅਤੇ ਉਹ ਇਕ ਬਾਰ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਉਤਾਵਲੇ ਹੋ ਰਹੇ ਹਨ | ਲੋਕਾਂ ਵਿਚ ਉਤਸ਼ਾਹ ਹੈ, ਇਸੇ ਲਈ ਅੱਜ ਜਿਵੇਂ ਹੀ ਪਾਰਟੀ ਪ੍ਰਧਾਨ ਨੂੰ ਜ਼ਮਾਨਤ ਮਿਲਣ ਦੀ ਖ਼ਬਰ ਆਈ ਤਾਂ ਅਕਾਲੀ ਨੇਤਾ ਅਤੇ ਵਰਕਰ, ਦਫ਼ਤਰ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਉਨ੍ਹਾਂ ਨੇ ਲੱਡੂ ਵੰਡ ਕੇ ਅਤੇ ਮਿੱਠੇ ਚਾਵਲਾਂ ਦਾ ਲੰਗਰ ਲਗਾ ਕੇ ਖ਼ੁਸ਼ੀ ਸਾਂਝੀ ਕੀਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਚੌਧਰੀ ਖ਼ੁਸ਼ੀ ਮੁਹੰਮਦ ਪੋਪਾ, ਚੌਧਰੀ ਸੁਲੇਮਾਨ ਨੋਨਾ, ਸਫ਼ੀਕ ਚੌਹਾਨ, ਮੁਹੰਮਦ ਸ਼ਮਸ਼ਾਦ, ਖਿਜਰ ਖ਼ਾਨ, ਹਾਤਿਮ ਖ਼ਾਨ, ਨਾਦਿਸ਼ ਨਿਜ਼ਾਮ, ਹਾਜੀ ਸ਼ੌਕਤ ਅਲੀ, ਹਾਜੀ ਮੁਹੰਮਦ ਜਮੀਲ, ਹਾਜੀ ਲਿਆਕਤ ਅਲੀ, ਉਦਯੋਗਪਤੀ ਅਮਜਦ ਅਲੀ, ਮੁਹੰਮਦ ਨਈਮ ਰਾਣਾ, ਸਾਬਕਾ ਸਰਪੰਚ ਮਾਨਮਾਜਰਾ ਸ. ਅਵਤਾਰ ਸਿੰਘ, ਸਿਮਰ ਮਾਨ, ਸੰਦੀਪ ਸਿੰਘ ਹਕੀਮਪੁਰਾ, ਮੁਹੰਮਦ ਅਸਲਮ ਰਾਜਾ ਕਿਲ੍ਹਾ ਰਹਿਮਤਗੜ੍ਹ, ਮਤੀਨ ਸ਼ੇਖ਼ ਅਤੇ ਹੋਰਨਾਂ ਨੇ ਲੱਡੂ ਵੰਡ ਸਮਾਗਮਾਂ ਵਿਚ ਹਿੱਸਾ ਲਿਆ |