ਅਵਾਰਾ ਬਾਂਦਰਾਂ ਨੂੰ ਕਾਬੂ ਕਰਨ ਲਈ ਜੰਗਲਾਤ ਵਿਭਾਗ ਨੂੰ ਹਦਾਇਤ
- ਵਿਭਾਗ ਅਨੁਸਾਰ ਸ਼ਹਿਰ ਮੋਗਾ ਵਿੱਚ ਘੁੰਮ ਰਹੇ 30 ਤੋਂ ਵਧੇਰੇ ਬਾਂਦਰ, ਕਿੱਥੋਂ ਅਤੇ ਕਿਵੇਂ ਆਏ ? ਵੇਰਵਾ ਇਕੱਤਰ ਕੀਤਾ ਜਾ ਰਿਹਾ
- ਪਿੰਜਰਾ ਲਗਾਇਆ, ਮਾਹਿਰਾਂ ਦੀ ਟੀਮ ਆਪਰੇਸ਼ਨ ਉੱਤੇ ਜੁਟੀ
- ਲੋਕ ਬਾਂਦਰਾਂ ਨੂੰ ਖਾਣ ਪੀਣ ਦੀਆਂ ਵਸਤਾਂ ਨਾ ਪਾਉਣ - ਡਿਪਟੀ ਕਮਿਸ਼ਨਰ
ਗੁਰਪ੍ਰੀਤ ਸਿੰਘ ਮੰਡਿਆਣੀ
ਮੋਗਾ, 22 ਮਾਰਚ 2023 - ਸ਼ਹਿਰ ਮੋਗਾ ਵਿੱਚ ਆਵਾਰਾ ਬਾਂਦਰਾਂ ਵੱਲੋਂ ਦਹਿਸ਼ਤ ਦੀਆਂ ਸ਼ਿਕਾਇਤਾਂ ਅਤੇ ਖਬਰਾਂ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਜੰਗਲਾਤ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਇਹਨਾਂ ਬਾਂਦਰਾਂ ਨੂੰ ਕਾਬੂ ਕਰਨ ਲਈ ਤੁਰੰਤ ਕਰਵਾਈ ਕੀਤੀ ਜਾਵੇ ਤਾਂ ਜੋ ਸ਼ਹਿਰ ਵਾਸੀ ਭੈਅ - ਮੁਕਤ ਹੋ ਕੇ ਰਹਿ ਸਕਣ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੰਗਲਾਤ ਵਿਭਾਗ ਵੱਲੋਂ ਸ਼ਹਿਰ ਦੇ ਸ਼ੱਕੀ ਖੇਤਰਾਂ ਵਿੱਚ ਪਿੰਜਰਾ ਲਗਾਇਆ ਜਾ ਰਿਹਾ ਹੈ। ਮੌਜੂਦਾ ਸਮੇਂ ਇਹ ਪਿੰਜਰਾ ਐੱਸ ਡੀ ਕਾਲਜ (ਲੜਕੀਆਂ) ਵਿਖੇ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਜ਼ੀਰਾ ਰੋਡ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਰੋਡ ਉੱਤੇ ਵੀ ਪਿੰਜਰਾ ਲਗਾਉਣ ਲਈ ਕਿਹਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਭਾਗ ਨੂੰ ਕਿਹਾ ਗਿਆ ਹੈ ਕਿ ਬਾਂਦਰਾਂ ਨੂੰ ਬੇਹੋਸ਼ ਕਰਕੇ ਕਾਬੂ ਕਰਨ ਵਾਲੇ ਮਾਹਿਰਾਂ ਦੀ ਭਾਲ ਕੀਤੀ ਜਾਵੇ। ਇਸ ਸਬੰਧੀ ਬਠਿੰਡਾ ਵਿੱਚ ਬੈਠੀ ਮਾਹਿਰ ਟੀਮ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਹੈ। ਇਹ ਬਾਂਦਰ ਕਿੱਥੋਂ ਅਤੇ ਕਿਵੇਂ ਆਏ ? ਇਸ ਬਾਰੇ ਵੀ ਵੇਰਵਾ ਇਕੱਤਰ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜੰਗਲਾਤ ਅਫ਼ਸਰ ਮੋਗਾ ਸ਼੍ਰੀ ਅਰੁਣ ਕੁਮਾਰ ਨੇ ਦੱਸਿਆ ਕਿ ਵਿਭਾਗ ਦੇ ਅੰਦਾਜ਼ੇ ਅਨੁਸਾਰ ਇਹਨਾਂ ਬਾਂਦਰਾਂ ਦੀ ਗਿਣਤੀ 30-35 ਹੋ ਸਕਦੀ ਹੈ। ਜਿੰਨਾ ਨੂੰ ਕਾਬੂ ਕਰਨ ਲਈ ਪਿੰਜਰਾ ਲਾਉਣ ਦੇ ਨਾਲ ਨਾਲ ਵੱਖ ਵੱਖ ਟੀਮਾਂ ਦਾ ਗਠਨ ਕਰਕੇ ਭਾਲ ਕੀਤੀ ਜਾ ਰਹੀ ਹੈ। ਇਹਨਾਂ ਦੀ ਪੱਕੀ ਲੋਕੇਸ਼ਨ ਪਤਾ ਲੱਗਣ ਉੱਤੇ ਘਾਤ ਲਗਾ ਕੇ ਇਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਨਾ ਅਤੇ ਵਿਭਾਗ ਦੀ ਸਹਾਇਤਾ ਕਰਨ। ਜਦੋਂ ਵੀ ਇਹਨਾਂ ਬਾਂਦਰਾਂ ਦੀ ਕੋਈ ਪੱਕੀ ਲੋਕੇਸ਼ਨ ਪਤਾ ਲੱਗਦੀ ਹੈ ਤਾਂ ਤੁਰੰਤ ਹੈਲਪ ਲਾਈਨ ਨੰਬਰ 8847535365 ਉੱਤੇ ਜਾਣਕਾਰੀ ਦੇਣ। ਉਹਨਾਂ ਕਿਹਾ ਕਿ ਇਹਨਾਂ ਬਾਂਦਰਾਂ ਨੂੰ ਖਾਣ ਲਈ ਫ਼ਲ੍ਹ ਜਾਂ ਕੋਈ ਹੋਰ ਵਸਤ ਨਾ ਪਾਈ ਜਾਵੇ। ਅਜਿਹੀ ਸਥਿਤੀ ਵਿੱਚ ਇਹ ਖੁਦ ਹੀ ਕਿਸੇ ਹੋਰ ਜਗ੍ਹਾ ਚਲੇ ਜਾਣਗੇ। ਜੇਕਰ ਇਹ ਬਾਂਦਰ ਕਿਸੇ ਉੱਤੇ ਹਮਲਾ ਕਰਦੇ ਹਨ ਤਾਂ ਤੁਰੰਤ ਸਰਕਾਰੀ ਸਿਹਤ ਸੰਸਥਾ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ।