ਦੋ ਹਫ਼ਤੇ ਜਾਂ ਇਸ ਤੋਂ ਵੱਧ ਸਮੇਂ ਦੀ ਖਾਂਸੀ ਹੋਣ 'ਤੇ ਟੀ.ਬੀ. ਦੀ ਜਾਂਚ ਜਰੂਰੀ : ਡਾ. ਗੁਰਦਿਆਲ ਸਿੰਘ
ਬਲਵਿੰਦਰ ਸਿੰਘ ਧਾਲੀਵਾਲ
ਕਪੂਰਥਲਾ 24 ਮਾਰਚ 2023 - ਸਿਵਲ ਸਰਜਨ ਕਪੂਰਥਲਾ ਦੇ ਅਦੇਸ਼ਾਂ ਅਨੁਸਾਰ ਐਸ ਐਮ ਓ ਡਾ. ਗੁਰਦਿਆਲ ਸਿੰਘ ਪੀ ਐਚ ਸੀ ਢਿੱਲਵਾਂ ਦੀ ਅਗਵਾਈ ਵਿੱਚ ਵਿਸ਼ਵ ਤਪਦਿਕ ਦਿਵਸ ਸੰਬੰਧੀ ਜਾਗਰੁਕਤਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਐਸ. ਐਮ. ਓ ਡਾ. ਗੁਰਦਿਆਲ ਸਿੰਘ ਨੇ ਮਰੀਜਾਂ, ਆਸ਼ਾ ਵਰਕਰਾਂ ਅਤੇ ਆਏ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਨ 1882 ਵਿੱਚ ਡਾ. ਰਾਬਰਟ ਕੋਚ ਨੇ ਮਾਈਕੋਬੈਕਟੀਰੀਅਮ ਦੇ ਪ੍ਰਗਟਾਵੇ, ਜੋ ਕਿ ਤਪਦਿਕ ਦਾ ਕਾਰਨ ਬਣਦਾ ਹੈ, ਨੇ ਬਿਮਾਰੀ ਦੇ ਨਿਦਾਨ ਅਤੇ ਇਲਾਜ ਲਈ ਰਾਹ ਖੋਲ੍ਹਿਆ। ਤਪਦਿਕ (ਟੀ.ਬੀ.) ਅਜੇ ਵੀ ਦੁਨੀਆ ਦਾ ਸਭ ਤੋਂ ਵੱਡੀ ਛੂਤ ਦੀ ਬਿਮਾਰੀ ਹੈ ਜੋ ਕਿ ਜਾਨਾਂ ਵੀ ਲੈ ਰਹੀ ਹੈ ਤਪਦਿਕ ਇੱਕ ਅਜਿਹੀ ਬਿਮਾਰੀ ਹੈ ਜਿਸਦਾ ਇਲਾਜ ਕੀਤਾ ਜਾ ਸਕਦਾ ਹੈ ਅਤੇ ਇਸ ਤੋਂ ਬਚਿਆ ਜਾ ਸਕਦਾ ਹੈ।
ਹਵਾ ਰਾਹੀਂ, ਤਪਦਿਕ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦਾ ਹੈ। ਜਦੋਂ ਤਪਦਿਕ ਵਾਲੇ ਵਿਅਕਤੀ ਖੰਘਦੇ ਹਨ, ਛਿੱਕਦੇ ਹਨ ਤਾਂ ਬੈਕਟੀਰੀਆ ਹਵਾ ਵਿੱਚ ਛੱਡੇ ਜਾਂਦੇ ਹਨ। ਇੱਕ ਵਿਅਕਤੀ ਬਿਮਾਰ ਹੋ ਜਾਂਦਾ ਹੈ ਇਸ ਲਈ ਜਾਗਰੁਕ ਰਹਿ ਕੇ ਇਸ ਤੋਂ ਬਚਾਓ ਕਰਨਾ ਚਾਹੀਦਾ ਹੈ ਪਰ ਫਿਰ ਵੀ ਜੇ ਇਹ ਬਿਮਾਰੀ ਲੱਗਦੀ ਏ ਤਾਂ ਸਹੀ ਸਮੇਂ ਤੇ ਸਹੀ ਇਲਾਜ ਨਾਲ ਇਸ ਤੋ ਨਿਜਾਤ ਪਾਈ ਜਾ ਸਕਦੀ ਹੈ।
ਇਸ ਮੌਕੇ ਬੀ ਈ ਈ ਬਿਕਰਮਜੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਜੇਕਰ ਅਸੀਂ ਪਿਛਲੇ ਦਹਾਕੇ ਦੇ ਤੱਥਾਂ ‘ਤੇ ਨਜ਼ਰ ਮਾਰੀਏ ਤਾਂ ਸਰਕਾਰ ਦੁਆਰਾ RNTCP ਦੇ ਯਤਨ ਇਸਦੀ ਸ਼ੁਰੂਆਤ ਤੋਂ ਬਾਅਦ ਲਗਭਗ 1.1 ਬਿਲੀਅਨ ਤੋਂ ਵੱਧ ਲੋਕਾਂ ਤੱਕ ਪਹੁੰਚ ਚੁੱਕੇ ਹਨ। ਜਿੱਥੋਂ ਤੱਕ ਕੇਸਾਂ ਦਾ ਪਤਾ ਲਗਾਉਣ ਅਤੇ ਇਲਾਜ ਦੀ ਸਫਲਤਾ ਦਾ ਸਬੰਧ ਹੈ, ਭਾਰਤ ਨੇ WHO ਦੇ ਦਿਸ਼ਾ-ਨਿਰਦੇਸ਼ਾਂ ਨੂੰ ਵੀ ਪੂਰਾ ਕੀਤਾ ਹੈ। ਉਨਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕੀ ਟੀ.ਬੀ. ਦਾ ਰੋਗ ਛਿਪਾਉਣ ਨਾਲ, ਇਲਾਜ (ਦਵਾਈ) ਅੱਧ ਵਿਚਾਲੇ ਬੰਦ ਕਰਨ ਲਾਲ ਇਹ ਰੋਗ ਘਾਤਕ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਟੀ.ਬੀ. ਕੰਟਰੋਲ ਪ੍ਰੋਗਰਾਮ ਦੇ ਤਹਿਤ ਜਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਟੀ.ਬੀ. ਰੋਗ ਦੀ ਮੁਫ਼ਤ ਜਾਂਚ ਅਤੇ ਇਲਾਜ ਕੀਤਾ ਜਾਂਦਾ ਹੈ।
ਉਹਨਾਂ ਕਿਹਾ ਕਿ ਟੀ.ਬੀ. ਦਾ ਇੱਕ ਮਰੀਜ ਜੋ ਕਿ ਆਪਣਾ ਇਲਾਜ ਨਹੀਂ ਕਰਵਾਉਂਦਾ, 15 ਤੰਦਰੁਸਤ ਵਿਅਕਤੀਆਂ ਨੂੰ ਇੱਕ ਸਾਲ ਦੋਰਾਨ ਟੀ.ਬੀ. ਦਾ ਰੋਗੀ ਬਣਾ ਸਕਦਾ ਹੈ। ਉਹਨਾਂ ਲੋਂਕਾਂ ਨੂੰ ਅਪੀਲ ਕੀਤੀ ਕਿ ਦੋ ਹਫਤੇ ਜਾਂ ਇਸ ਤੋਂ ਵੱਧ ਸਮੇਂ ਦੀ ਖਾਂਸੀ ਹੋਣ 'ਤੇ ਟੀ.ਬੀ. ਦੀ ਜਾਂਚ ਕਰਵਾਈ ਜਾਵੇ ਅਤੇ ਟੀ.ਬੀ. ਹੋਣ 'ਤੇ ਡਾਕਟਰ ਦੀ ਸਲਾਹ ਨਾਲ ਦਵਾਈ ਦਾ ਪੂਰਾ ਕੋਰਸ ਕੀਤਾ ਜਾਵੇ।
ਉਨਾਂ ਦੱਸਿਆ ਗਿਆ ਕਿ ਸਰੀਰ ਵਿੱਚ ਕਮਜੋਰੀ ਆਉਣਾ, ਭਾਰ ਘੱਟਣਾ, ਖਾਂਸੀ, ਬੁਖਾਰ, ਭੁੱਖ ਨਾ ਲੱਗਣਾ ਰਾਤ ਨੂੰ ਪਸੀਨਾ ਆਉਣਾ ਅਤੇ ਛਾਤੀ ਵਿੱਚ ਦਰਦ ਆਦਿ ਟੀ.ਬੀ. ਰੋਗ ਹੋਣ ਦੇ ਲੱਛਣ ਹੋ ਸਕਦੇ ਹਨ। ਇਸ ਲਈ ਅਜਿਹੇ ਲੱਛਣ ਦਿੱਸਣ ਤੇ ਨਜ਼ਦੀਕੀ ਸਿਹਤ ਕੇਂਦਰ ਵਿੱਚ ਜਾ ਕੇ ਬਲਗਮ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਦੌਰਾਨ ਡੈਂਟਲ ਡਾ. ਪ੍ਰੀਤਮ ਦਾਸ, ਸੀ.ਐਚ.ਓ ਮੀਲਨ ਅਤੇ ਸਮੂਹ ਸਟਾਫ ਹਾਜਰ ਸੀ।