MLA ਸਵਨਾ ਨੇ ਪਿੰਡ ਪੱਕਾ ਚਿਸ਼ਤੀ ਦੇ ਕੱਚੇ ਖਰੀਦ ਖੇਂਦਰ ਨੂੰ ਪੱਕਾ ਕਰਨ ਦਾ ਰੱਖਿਆ ਨੀਹ ਪੱਥਰ
- ਪੰਜਾਬ ਸਰਕਾਰ ਕਿਸਾਨਾਂ ਦੇ ਹਿਤਾਂ ਦੀ ਮਜਬੂਤੀ ਲਈ ਹਮੇਸ਼ਾ ਤਿਆਰ ਬਰ ਤਿਆਰ— ਨਰਿੰਦਰਪਾਲ ਸਿੰਘ ਸਵਨਾ
ਫਾਜ਼ਿਲਕਾ, 25 ਮਾਰਚ 2023 - ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜ਼ੋ ਕਿ ਕਿਸਾਨਾਂ ਦੀ ਭਲਾਈ ਤੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਲਈ ਯਤਨਸ਼ੀਲ ਹੈ। ਕਿਸਾਨਾਂ ਨੂੰ ਜਿਥੇ ਫਸਲਾਂ ਦਾ ਸਹੀ ਮੁੱਲ ਦੇਣ ਲਈ ਵੀ ਵਚਨਬਧ ਹੈ ਉਥੇ ਕਿਸਾਨਾਂ ਨੂੰ ਫਸਲ ਵੇਚਣ ਨੂੰ ਲੈ ਕੇ ਕਿਸੇ ਕਿਸਮ ਦੀ ਮੁਸ਼ਕਲ ਨਾ ਪੇਸ਼ ਆਵੇ ਇਸ ਲਈ ਵੀ ਪੂਰਜੋਰ ਉਪਰਾਲੇ ਕਰ ਰਹੀ ਹੈ। ਇਸੇ ਲੜੀ ਤਹਿਤ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਵੱਲੋਂ 80 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਪੱਕਾ ਚਿਸ਼ਤੀ ਦੇ ਕੱਚੇ ਖਰੀਦ ਖੇਂਦਰ ਨੂੰ ਪੱਕਾ ਕਰਨ ਦਾ ਨੀਹ ਪੱਥਰ ਰੱਖਿਆ ਗਿਆ।
ਵਿਧਾਇਕ ਫਾਜ਼ਿਲਕਾ ਸ੍ਰੀ ਸਵਨਾ ਨੇ ਦੱਸਿਆ ਕਿ ਪਿੰਡ ਪੱਕਾ ਚਿਸ਼ਤੀ ਵਿਖੇ 4 ਏਕੜ ਵਿਚ ਬਣਿਆ ਖਰੀਦ ਕੇਂਦਰ ਜ਼ੋ ਕਿ ਕੱਚਾ ਸੀ ਜਿਸ ਨਾਲ ਕਿਸਾਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਪੁਰਾਣੀ ਮੰਗ ਨੂੰ ਪੂਰਾ ਕਰਦਿਆਂ ਖਰੀਦ ਕੇਂਦਰ ਨੁੰ ਪੱਕਾ ਕਰਨ ਦਾ ਨੀਹ ਪੱਥਰ ਰੱਖਿਆ ਗਿਆ ਜਿਸ ਵਿਚ 2 ਫੜ ਅਤੇ 1 ਸਟੀਲ ਕਵਰ ਸ਼ੈਡ ਬਣਾਇਆ ਜਾਵੇਗਾ ਜਿਸ ਨਾਲ ਕਿਸਾਨਾਂ ਨੂੰ ਖਰੀਦ ਕੇਂਦਰ ਵਿਖੇ ਆਉਣ *ਤੇ ਫਸਲ ਦੀ ਵੇਚ ਸਮੇਂ ਮੁਸ਼ਕਲਾਂ ਤੋਂ ਨਿਜਾਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਪਿੰਡ ਦੇ ਨਾਲ—ਨਾਲ ਆਲੇ—ਦੁਆਲੇ ਪਿੰਡਾਂ ਦੇ ਕਿਸਾਨਾਂ ਨੂੰ ਵੀ ਅਸਾਨੀ ਹੋਵੇਗੀ।
ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਫਸਲ ਦਾ ਦਾਣਾ—ਦਾਣਾ ਚੁਕਣ ਲਈ ਵਚਨਬਧ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਣਕ ਸੀਜਨ ਦੌਰਾਨ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹਿਤਾਂ ਲਈ ਹਮੇਸ਼ਾ ਤਿਆਰ ਬਰ ਤਿਆਰ ਹੈ। ਉਨ੍ਹਾਂ ਕਿਹਾ ਕਿ ਸਾਡਾ ਸੂਬਾ ਖੇਤੀ ਪ੍ਰਧਾਨ ਸੂਬਾ ਹੈ ਇਸ ਕਰਕੇ ਕਿਸਾਨਾਂ ਦੀ ਭਲਾਈ ਅਤੇ ਕਿਸਾਨਾਂ ਨੂੰ ਆਰਥਿਕ ਪੱਖੋਂ ਮਜਬੂਤੀ ਪ੍ਰਦਾਨ ਕਰਨ ਲਈ ਸਾਡੀ ਸਰਕਾਰ ਪੁਰਜੋਰ ਯਤਨ ਕਰ ਰਹੀ ਹੈ।
ਇਸ ਮੌਕੇ ਸੀਨੀਅਰ ਲੀਡਰਸ਼ਿਪ, ਵੱਖ—ਵੱਖ ਵਿਭਾਗਾਂ ਦੇ ਅਧਿਕਾਰੀ ਤੇ ਪਿੰਡ ਦੇ ਵਸਨੀਕ ਮੌਜੂਦ ਸਨ।