ਸੁਆਹ ਦੇ ਮਸਲੇ 'ਤੇ ਲੋਕ ਸੰਘਰਸ਼ ਮੰਚ ਫੂਕੇਗਾ ਜ਼ਿਲ੍ਹਾ ਪ੍ਰਸ਼ਾਸਨ, ਪਾਵਰ ਪਲਾਂਟ ਅਤੇ ਖੰਡ ਮਿੱਲ ਦੇ ਪਬੰਧਕਾਂ ਦੇ ਪੁਤਲੇ
ਪ੍ਰਮੋਦ ਭਾਰਤੀ
ਨਵਾਂਸ਼ਹਿਰ 25 ਮਾਰਚ ,2023 - ਸਹਿਕਾਰੀ ਖੰਡ ਮਿੱਲ ਨਵਾਂਸ਼ਹਿਰ ਵਿੱਚ ਚੱਲ ਰਹੇ ਕੋਜੈਨਰੇਸ਼ਨ ਪਾਵਰ ਪਲਾਂਟ ਚੋਂ ਨਿਕਲਕੇ ਸ਼ਹਿਰ ਵਾਸੀਆਂ ਉੱਤੇ ਡਿੱਗਦੀ ਖਤਰਨਾਕ ਸੁਆਹ ਬੰਦ ਕਰਾਉਣ ਦੀ ਮੰਗ ਨੂੰ ਲੈਕੇ ਲੋਕ ਸੰਘਰਸ਼ ਮੰਚ ਨਵਾਂਸ਼ਹਿਰ ਸ਼ਹਿਰ ਦੇ ਵਾਰਡਾਂ ਅਤੇ ਮੁਹੱਲਿਆਂ ਵਿੱਚ ਜਿਲਾ ਪ੍ਰਸ਼ਾਸਨ, ਪਲਿਊਸ਼ਨ ਕੰਟਰੋਲ ਬੋਰਡ, ਪਾਵਰ ਪਲਾਂਟ ਅਤੇ ਖੰਡ ਮਿੱਲ ਦੇ ਪ੍ਰਬੰਧਕਾਂ ਦੀਆਂ ਅਰਥੀਆਂ ਫੂਕੇਗਾ।ਇਹ ਫੈਸਲਾ ਅੱਜ ਗੁਰਦੁਆਰਾ ਮੰਜੀ ਸਾਹਿਬ ਨਵਾਂਸ਼ਹਿਰ ਵਿਖੇ ਹੋਈ ਮੰਚ ਦੀ ਮੀਟਿੰਗ ਵਿੱਚ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੰਚ ਦੇ ਕਨਵੀਨਰ ਜਸਬੀਰ ਦੀਪ ਨੇ ਦੱਸਿਆ ਕਿ ਨਵਾਂਸ਼ਹਿਰ ਵਾਸੀ ਪਿਛਲੇ ਚਾਰ ਮਹੀਨਿਆਂ ਤੋਂ ਇਸ ਸੁਆਹ ਦਾ ਸੰਤਾਪ ਭੋਗ ਰਹੇ ਹਨ।ਵਾਰ ਵਾਰ ਪਹੁੰਚ ਕਰਨ ਦੇ ਬਾਵਜੂਦ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨਵਜੋਤ ਪਾਲ ਸਿੰਘ ਰੰਧਾਵਾ, ਖੰਡ ਮਿੱਲ ਦਾ ਜਨਰਲ ਮੈਨੇਜਰ ਸੁਰਿੰਦਰ ਕੁਮਾਰ ਅਤੇ ਪਾਵਰ ਪਲਾਂਟ ਦਾ ਪ੍ਰਧਾਨ ਐਸ. ਬੰਧੋਉਪਾਧਿਆਏ ਲਾਰੇ ਲਾਉਣ ਤੋਂ ਸਿਵਾਏ ਹੋਰ ਕੁਝ ਨਹੀਂ ਕਰ ਰਹੇ।
ਇਹ ਅਧਿਕਾਰੀ ਸ਼ਹਿਰ ਵਾਸੀਆਂ ਨਾਲ ਨਿੱਤ ਨਵਾਂ ਝੂਠ ਮਾਰ ਰਹੇ ਹਨ ਜਦਕਿ ਇਹ ਸੁਆਹ ਸ਼ਹਿਰ ਵਾਸੀਆਂ ਦੀ ਸਿਹਤ ਲਈ ਮੁਸੀਬਤ ਬਣੀ ਹੋਈ ਹੈ।ਖੰਡ ਮਿੱਲ ਦਾ ਜਨਰਲ ਮੈਨੇਜਰ ਬੈੱਟ ਸਕਰੱਬਰ ਨੂੰ ਚਾਲੂ ਕਰਨ ਲਈ ਸਮਾਂ ਦੇਣ ਲਈ ਤਿਆਰ ਨਹੀਂ ਹੋ ਰਿਹਾ, ਬਹਾਨੇ ਘੜ੍ਹ ਰਿਹਾ ਹੈ।ਡਿਪਟੀ ਕਮਿਸ਼ਨਰ ਇਹ ਕੰਮ ਕਰਾਉਣ ਲਈ ਆਪਣੀ ਜਿੰਮੇਵਾਰੀ ਨਹੀਂ ਨਿਭਾ ਰਿਹਾ।ਕੋਜੈਨਰੇਸ਼ਨ ਪਾਵਰ ਪਲਾਂਟ ਦੇ ਪ੍ਰਬੰਧਕ ਨਿੱਤ ਨਵੇਂ ਛੋਛੇ ਛੱਡ ਰਹੇ ਹਨ।ਪੋਲੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਜਾਣਬੁੱਝ ਕੇ ਅੱਖਾਂ ਮੀਟੀਆਂ ਹੋਈਆਂ ਹਨ।
ਪੰਜਾਬ ਵਿਧਾਨ ਸਭਾ ਵਿੱਚ ਇਹ ਮੁੱਦਾ ਉੱਠਣ ਉੱਤੇ ਵੀ ਭਗਵੰਤ ਮਾਨ ਦੀ ਸਰਕਾਰ ਦੇ ਸਿਰ ਉੱਤੇ ਜੂੰ ਨਹੀਂ ਸਰਕੀ।ਉਹਨਾਂ ਦੱਸਿਆ ਕਿ 26 ਮਾਰਚ ਨੂੰ ਸ਼ਾਮ 5 ਵਜੇ ਗੁਰੂ ਤੇਗਬਹਾਦਰ ਨਗਰ,27 ਮਾਰਚ ਨੂੰ ਸੈਣੀ ਟਾਵਰ ਵਾਲੀ ਗਲੀ ਵਿੱਚ ਅਤੇ 28 ਮਾਰਚ ਨੂੰ ਡਾਕਟਰ ਅੰਬੇਡਕਰ ਭਵਨ ਕੋਲ ਉਕਤ ਅਧਿਕਾਰੀਆਂ ਦੇ ਪੁਤਲੇ ਫੂਕੇ ਜਾਣਗੇ।ਅੱਜ ਦੀ ਮੀਟਿੰਗ ਵਿੱਚ ਸਤੀਸ਼ ਕੁਮਾਰ, ਸੋਹਨ ਸਿੰਘ ਸਲੇਮਪੁਰੀ, ਹਰੇ ਰਾਮ ਸਿੰਘ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਜਰਨੈਲ ਸਿੰਘ ਖਾਲਸਾ, ਰਣਜੀਤ ਸਿੰਘ, ਸੁਭਾਸ਼ ਚੰਦਰ ਅਰੋੜਾ, ਸਤਨਾਮ ਸਿੰਘ ਗੁਲਾਟੀ, ਵਿਦਿਆਰਥੀ ਆਗੂ ਬਲਜੀਤ ਸਿੰਘ ਧਰਮਕੋਟ, ਪਰਵੀਨ ਕੁਮਾਰ ਨਿਰਾਲਾ, ਸੁਤੰਤਰ ਕੁਮਾਰ, ਬਲਵੀਰ ਕੁਮਾਰ, ਮੁਕੰਦ ਲਾਲ, ਅਮਰੀਕ ਸਿੰਘ, ਹਰਬੰਸ ਕੌਰ ਅਤੇ ਹਰਪਾਲ ਕੌਰ ਨੇ ਵਿਚਾਰ ਪੇਸ਼ ਕੀਤੇ।