ਇੰਗਲੈਂਡ ਤੋਂ ਵਾਪਿਸ ਭਾਰਤ ਪਰਤੀ ਐਨਆਰਆਈ ਔਰਤ ਹੋਈ ਲੁੱਟ ਦਾ ਸ਼ਿਕਾਰ
ਦੀਪਕ ਜੈਨ
- ਲੁਟੇਰਿਆਂ ਨੇ ਐਨਆਰਆਈਂ ਔਰਤ ਤੇ ਉਸਦੀ ਭੈਣ ਨੂੰ ਕੀਤਾ ਗੰਭੀਰ ਜ਼ਖਮੀ
ਜਗਰਾਉਂ, 25 ਮਾਰਚ 2023 - ਦੋ ਦਿਨ ਪਹਿਲਾਂ ਇੰਗਲੈਂਡ ਤੋਂ ਆਈ ਐਨ. ਆਰ. ਆਈ. ਔਰਤ ਅਤੇ ਉਸ ਦੀ ਭੈਣ ਨੂੰ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਲੁਟੇਰਿਆਂ ਵੱਲੋਂ ਗੰਭੀਰ ਜ਼ਖ਼ਮੀ ਕਰ ਲੁੱਟ ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੁੱਟ-ਖੋਹ ਦੀ ਘਟਨਾ ਦੌਰਾਨ ਜ਼ਖ਼ਮੀ ਹੋਈ ਔਰਤਾਂ ਦੀ ਪਹਿਚਾਣ ਰਾਜਵੀਰ ਕੌਰ ਪਤਨੀ ਸੁਖਵੀਰ ਸਿੰਘ ਵਾਸੀ ਪਿੰਡ ਹਾਂਸ ਕਲਾਂ ਅਤੇ ਦੂਸਰੀ ਐਨ. ਆਰ. ਆਈ. ਔਰਤ ਦੀ ਪਹਿਚਾਨ ਮਨਪ੍ਰੀਤ ਕੌਰ ਪਤਨੀ ਅਵਤਾਰ ਸਿੰਘ ਵਾਸੀ ਇੰਗਲੈਂਡ ਦੇ ਤੌਰ ਤੇ ਹੋਈ ਹੈ।
ਇਸ ਘਟਨਾ ਦੀ ਜਾਣਕਾਰੀ ਸਾਂਝੀ ਕਰਦਿਆਂ ਰਾਜਵੀਰ ਕੌਰ ਦੇ ਪਤੀ ਸੁਖਬੀਰ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਇੰਗਲੈਂਡ ਤੋਂ ਵਾਪਿਸ ਪਰਸੋਂ ਭਾਰਤ ਪਰਤੀ ਅਤੇ ਅੱਜ ਭੈਣ ਮਨਪ੍ਰੀਤ ਕੌਰ ਨਾਲ ਆਪਣੇ ਪਿੰਡ ਹਾਂਸ ਕਲਾਂ ਤੋਂ ਆਪਣੀ ਸਕੂਟਰੀ ਤੇ ਮੁੱਲਾਂਪੁਰ ਵਿਖੇ ਮਨੀ ਐਕਸਚੇਂਜਰ ਤੋਂ ਪੈਸੇ ਚੇਜ ਕਰਵਾਉਣ ਅਤੇ ਹੋਰ ਜ਼ਰੂਰੀ ਕੰਮ ਕਾਰ ਦੇ ਸਿਲਸਿਲੇ ਵਿਚ ਮੁਲਾਪੁਰ ਗਈਆਂ ਸਨ ਅਤੇ ਜਦੋਂ ਉਹ ਦੋਵੇਂ ਭੈਣ ਆਪਣਾ ਕੰਮ ਖਤਮ ਕਰ ਵਾਪਿਸ ਆਪਣੇ ਪਿੰਡ ਪਰਤ ਰਹੀਆਂ ਸਨ ਤਾਂ ਜਿਵੇਂ ਹੀ ਉਹ ਕੁਲਾਰ ਨਹਿਰ ਦੇ ਨੇੜੇ ਪਹੁੰਚਿਆ ਤਾਂ ਬੁਲਟ ਸਵਾਰ ਦੋ ਵਿਅਕਤੀਆਂ ਨੇ ਉਨ੍ਹਾਂ ਦਾ ਰਸਤਾ ਰੋਕ ਕੇ ਜਾਨੋਂ ਮਾਰਨ ਦਾ ਡਰਾਵਾ ਦਿੰਦੇ ਹੋਏ ਉਹਨਾਂ ਨੂੰ ਆਪਣੇ ਪੈਸੇ ਤੇ ਹੋਰ ਸਮਾਨ ਦੇਣ ਲਈ ਆਖਿਆ ਅਤੇ ਜਦੋਂ ਉਨ੍ਹਾਂ ਦੀ ਪਤਨੀ ਅਤੇ ਉਸ ਦੀ ਐਨ. ਆਰ. ਆਈ. ਭੈਣ ਨੇ ਉਹਨਾਂ ਨੂੰ ਪੈਸੇ ਅਤੇ ਸਮਾਨ ਦੇਣ ਤੋਂ ਇਨਕਾਰ ਕੀਤਾ ਤਾਂ ਓਹਨਾਂ ਨੇ ਆਪਣੇ ਹੱਥ ਵਿੱਚ ਫੜੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ਉਪਰ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕਰ ਦਿਤਾ ਤੇ ਉਨ੍ਹਾਂ ਦੋਹਾਂ ਦੇ ਪਰਸ ਖੋਹ ਕੇ ਮੌਕੇ ਤੋਂ ਫਰਾਰ ਹੋ ਗਏ ।
ਉਨ੍ਹਾਂ ਦੱਸਿਆ ਕਿ ਬੁਲਟ ਮੋਟਰਸਾਈਕਲ ਸਵਾਰ ਲੁਟੇਰੇ ਉਨ੍ਹਾਂ ਦੀ ਪਤਨੀ ਤੇ ਪਤਨੀ ਦੀ ਭੈਣ ਕੋਲੋਂ ਕਰੀਬ 30 ਤੋਂ 40 ਹਜ਼ਾਰ ਰੁਪਏ ਦੀ ਨਕਦੀ ਦੇ ਨਾਲ-ਨਾਲ ਉਨ੍ਹਾਂ ਦੋਵਾਂ ਦੇ ਮੋਬਾਈਲ ਵੀ ਖੋਹ ਕੇ ਲੈ ਗਏ। ਸੁਖਬੀਰ ਸਿੰਘ ਦੇ ਦੱਸਣ ਮੁਤਾਬਿਕ ਮੌਕੇ ਤੇ ਰਸਤੇ ਵਿੱਚੋਂ ਗੁਜ਼ਰ ਰਹੇ ਰਾਹਗੀਰਾਂ ਵੱਲੋਂ ਉਨ੍ਹਾਂ ਦੀ ਪਤਨੀ ਅਤੇ ਉਸ ਦੀ ਇੰਗਲੈਂਡ ਤੋਂ ਪਰਤੀ ਐਨ. ਆਰ. ਆਈ. ਭੈਣ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਅਤੇ ਹੁਣ ਉਹ ਆਪਣੀ ਪਤਨੀ ਅਤੇ ਉਸਦੀ ਭੈਣ ਨਾਲ ਵਾਪਰੀ ਲੁੱਟ ਦੀ ਘਟਨਾ ਦੀ ਜਾਣਕਾਰੀ ਪੁਲਿਸ ਦੇਣਗੇ ਤਾਂ ਕਿ ਬੁਲਟ ਸਵਾਰ ਦੋਂਨਾਂ ਲੁਟੇਰਿਆਂ ਨੂੰ ਪੁਲਿਸ ਕਾਬੂ ਕਰ ਸਕੇ।