ਬਾਰਿਸ/ਝੱਖੜ/ਗੜਿਆਂ ਨਾਲ ਪ੍ਰਭਾਵਿਤ ਖੇਤਾਂ/ਪਿੰਡਾਂ ਦਾ ਦੌਰਾ ਕੀਤਾ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 25 ਮਾਰਚ 2023 - ਅੱਜ ਜ਼ਿਲੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਵੱਲੋਂ ਜਿਲ੍ਹੇ ਦੇ ਬਾਰਿਸ ਪ੍ਰਭਾਵਿਤ ਵੱਖ-ਵੱਖ ਪਿੰਡਾਂ (ਚੇਤ ਸਿੰਘ ਵਾਲਾ, ਸੇਰ ਸਿੰਘ ਵਾਲਾ, ਮਰਾੜ, ਸੰਗਤਪੁਰਾ, ਦੀਪ ਸਿੰਘ ਵਾਲਾ, ਕਾਉਣੀ , ਰੁਪਈਆਂਵਾਲਾ , ਮਚਾਕੀ ਕਲਾਂ, ਮਚਾਕੀ ਮੱਲ ਸਿੰਘ, ਢੀਮਾਂਵਾਲੀ, ਖਾਰਾ, ਸੂਰਘੂਰੀ ਹਰੀ ਨੌਂ ਆਦਿ) ਦਾ ਦੌਰਾ ਕੀਤਾ ਗਿਆ |ਡਾ ਗਿੱਲ ਨੇ ਵੱਲੋਂ ਦੱਸਿਆ ਗਿਆ ਕਿ ਜਿਲ੍ਹੇ 'ਚ ਅੰਦਾਜਨ 30-40% ਕਣਕਾਂ ਡਿੱਗੀਆਂ ਪਾਈਆਂ ਗਈਆਂ ਹਨ । ਜਿੰਨਾਂ ਖੇਤਾਂ ਵਿੱਚ ਕਣਕਾਂ ਡਿੱਗੀਆਂ ਹਨ, ਉਥੇ 8-10% ਝਾੜ ਦਾ ਨੁਕਸਾਨ ਹੋਣ ਦਾ ਖਦਸਾ ਹੈ ਅਤੇ ਜੋ ਫਸਲਾਂ ਖੜੀਆਂ ਹਨ, ਉਨ੍ਹਾਂ ਦਾ ਅੰਦਾਜਾ 2-3% ਨੁਕਸਾਨ ਹੋਣ ਦਾ ਖਦਸਾ ਹੈ, ਪ੍ਰੰਤੂ ਜੇਕਰ ਅਗਲੇ ਆਉਣ ਵਾਲੇ ਦਿਨਾਂ ਵਿੱਚ ਹੋਰ ਬਾਰਿਸਾਂ ਹੁੰਦੀਆਂ ਹਨ ਤਾਂ ਝਾੜ ਹੋਰ ਘੱਟ ਸਕਦਾ ਹੈ ।
ਜੈਤੋ ਤਹਿਸੀਲ ਦੇ ਚੈਨਾ, ਦਲ ਸਿੰਘ ਵਾਲਾ, ਰੋੜੀਕਪੂਰਾ, ਚੰਦਭਾਨ ਆਦਿ ਅਤੇ ਸਾਦਿਕ ਤਹਿਸੀਲ ਦੇ ਮਰਾੜ, ਸੰਗਤਪੁਰਾ, ਕਾਉਣੀ, ਦੀਪ ਸਿੰਘ ਵਾਲਾ ਆਦਿ ਪਿੰਡਾਂ ਵਿੱਚ ਗੜੇਮਾਰੀ ਨਾਲ ਫਸਲਾਂ ਦਾ ਨੁਕਸਾਨ ਹੋਇਆ ਹੈ । ਕਣਕ ਡਿੱਗਣ ਨਾਲ ਦਾਣਿਆਂ ਅਤੇ ਤੂੜੀ ਦੀ ਕੁਆਲਿਟੀ ਵੀ ਖਰਾਬ ਹੋਣ ਦਾ ਡਰ ਹੈ । ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਬਲਾਕ ਫਰੀਦਕੋਟ ਅਤੇ ਕੋਟਕਪੂਰਾ ਵਿੱਚ ਗਠਿਤ ਕੀਤੀਆਂ ਗਈਆਂ ਟੀਮਾਂ ਵੱਲੋੰ ਵੀ ਲਗਾਤਾਰ ਪਿੰਡਾਂ ਦਾ ਸਰਵੇਖਣ ਕੀਤਾ ਜਾ ਰਿਹਾ ਹੈ ਅਤੇ ਫਸਲਾਂ ਦੇ ਹੋਏ ਨੁਕਸਾਨ ਦੀ ਸਹੀ ਰਿਪੋਰਟ ਦਿੱਤੀ ਜਾਵੇਗੀ ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿੰਨ੍ਹਾਂ ਖੇਤਾਂ ਵਿੱਚ ਪਾਣੀ ਖੜਾ ਹੈ, ਜਲਦੀ ਤੋਂ ਜਲਦੀ ਉਸ ਦੀ ਨਿਕਾਸੀ ਕਰ ਦੇਣ, ਤਾਂ ਜੋ ਫਸਲ ਦਾ ਨੁਕਸਾਨ ਹੋਣ ਤੋਂ ਬਚ ਸਕੇ । ਇਸ ਸਮੇਂ ਉਨ੍ਹਾਂ ਨਾਲ ਡਾ. ਰਾਮ ਸਿੰਘ ਬਲਾਕ ਖੇਤੀਬਾੜੀ ਅਫਸਰ ਫਰੀਦਕੋਟ,ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਕੋਟਕਪੁਰਾ, ਡਾ. ਲਖਵੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਵੀ ਮੌਜੂਦ ਸਨ ।