ਸਿਹਤ ਵਿਭਾਗ ਵੱਲੋਂ ਤਪਦਿਕ ਦੇ ਸਾਰੇ ਟੈਸਟ ਅਤੇ ਦਵਾਈਆਂ ਮੁਫ਼ਤ: ਐਸ ਐਮ ਓ ਡਾ: ਗੁਰਪ੍ਰੀਤ ਨਾਗਰਾ
ਜੀ ਐਸ ਪੰਨੂ
ਪਟਿਆਲਾ, 25 ਮਾਰਚ, 2023 : ਵਿਸ਼ਵ ਤਪਦਿਕ ਦਿਵਸ ਦੇ ਸਬੰਧ ਵਿੱਚ ਜਾਗਰੂਕਤਾ ਸੈਮੀਨਾਰ ਅਤੇ ਕੁਇਜ਼ ਮੁਕਾਬਲਾ ਕਰਵਾਇਆ ਗਿਆ।ਇਸ ਮੌਕੇ ਜਾਣਕਾਰੀ ਦਿੰਦਿਆ ਐਸ ਐਮ ਓ ਡਾ: ਗੁਰਪ੍ਰੀਤ ਸਿੰਘ ਨਾਗਰਾ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਤਪਦਿਕ ਦੇ ਖਾਤਮੇ ਲਈ 2025 ਤੱਕ ਦੇਸ਼ ਨੂੰ ਟੀਬੀ ਮੁਕਤ ਬਣਾਉਣ ਦਾ ਟੀਚਾ ਮਿੱਥਿਆ ਹੈ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਇੱਕ ਲੋਕ ਲਹਿਰ ਦੀ ਲੋੜ ਹੈ, ਜਿਸ ਵਿੱਚ ਸਰਕਾਰ ਦੇ ਨਾਲ ਨਾਲ ਆਮ ਲੋਕਾਂ ਦਾ ਵੀ ਸਹਿਯੋਗ ਜ਼ਰੂਰੀ ਹੈ।ਉਨ੍ਹਾਂ ਦੱਸਿਆ ਕਿ ਸਰਕਾਰੀ ਸੰਸਥਾ ਵਿੱਚ ਰਜਿਸਟਰਡ ਹਰੇਕ ਤਪਦਿਕ ਮਰੀਜ਼ ਨੂੰ 500 ਰੁਪਏ ਪ੍ਰਤੀ ਮਹੀਨਾ ਪੌਸ਼ਟਿਕ ਭੋਜਨ ਲਈ ਦਿੱਤੇ ਜਾਂਦੇ ਹਨ।
ਨੋਡਲ ਅਫਸਰ ਡਾ: ਮੁਹੰਮਦ ਸਾਜ਼ਿਦ ਅਤੇ ਬਲਾਕ ਐਕਸਟੈਸ਼ਨ ਐਜੂਕੇਟਰ ਸਰਬਜੀਤ ਸਿੰਘ ਸੈਣੀ ਨੇ ਦੱਸਿਆ ਕਿ 2 ਹਫ਼ਤਿਆਂ ਤੋਂ ਜਿਆਦਾ ਖੰਘ, ਥੁੱਕ ਵਿੱਚ ਖ਼ੂਨ ਆਉਣਾ, ਭਾਰ ਘਟਣਾ, ਰਾਤ ਨੂੰ ਹਲਕਾ ਬੁਖਾਰ, ਰਾਤ ਨੂੰ ਪਸੀਨਾ ਆਉਣਾ ਵਰਗੇ ਲੱਛਣ ਸਾਹਮਣੇ ਆਉਂਦੇ ਹਨ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਉਨ੍ਹਾਂ ਦੱਸਿਆ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਤਪਦਿਕ ਦੀ ਸਹੀ ਅਤੇ ਜਲਦੀ ਜਾਂਚ ਲਈ ਥੁੱਕ ਦੀ ਮੁਫ਼ਤ ਜਾਂਚ, ਛਾਤੀ ਦਾ ਐਕਸਰੇ, ਸੀਬੀ ਨੈਟ ਅਤੇ ਟਰੂਨੈਟ ਮਸ਼ੀਨ ਰਾਹੀਂ ਤਪਦਿਕ ਦੀ ਬਿਮਾਰੀ ਦਾ ਟੈਸਟ ਅਤੇ ਇਲਾਜ ਬਿਲਕੁਲ ਮੁਫ਼ਤ ਉਪਲਬਧ ਹੈ।
ਬੀਈਈ ਸਰਬਜੀਤ ਸਿੰਘ ਸੈਣੀ ਨੇ ਦੱਸਿਆ ਕਿ ਅੱਜ ਸੈਕਟਰ ਕੌਲੀ, ਹਸਨਪੁਰ, ਕਲਿਆਣ, ਕੱਲਰਭੈਣੀ ਤੇ ਗੱਜੂਮਾਜਰਾ ਨਾਲ ਸਬੰਧਤ ਆਸ਼ਾਂ ਦੇ 5 ਗਰੁੱਪ ਬਣਾ ਕੇ ਤਪਦਿਕ ਨਾਲ ਸਬੰਧਤ ਕੁਇਜ਼ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਜੱਜ ਦੀ ਭੂਮਿਕਾ ਡਾ: ਮੁਹੰਮਦ ਸਾਜ਼ਿਦ ਨੇ ਨਿਭਾਈ ਅਤੇ ਉਨ੍ਹਾਂ ਦਾ ਚੀਫ ਫਾਰਮੇਸੀ ਅਫਸਰ ਸੋਮ ਨਾਥ, ਫਾਰਮੇਸੀ ਅਫਸਰ ਰਾਜ ਵਰਮਾ, ਐਸਟੀਐਸ ਅਮਨਪ੍ਰੀਤ ਕੌਰ, ਐਲਐਚਵੀ ਪੂਨਮ ਵਾਲੀਆ, ਐਸਆਈ ਅਮਰਜੀਤ ਸਿੰਘ, ਦੀਪ ਸਿੰਘ ਨੇ ਸਾਥ ਦਿੱਤਾ। ਕੁਇਜ਼ ਮੁਕਾਬਲੇ ਵਿੱਚ ਸੈਕਟਰ ਕਲਿਆਣ, ਕੱਲਰਭੈਣੀ ਤੇ ਗੱਜੂਮਾਜਰਾ ਦੀਆਂ ਆਸ਼ਾ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜ਼ਾ ਸਥਾਨ ਪ੍ਰਾਪਤ ਕੀਤਾ। ਇਸ ਦੌਰਾਨ ਯੂਨਾਈਟ ਟੂ ਐਕਟ ਸੰਸਥਾ ਵੱਲੋਂ ਡੀਸੀਸੀ ਮੀਨਾਕਸ਼ੀ ਸਿਨਹਾ, ਟੀਬੀ ਚੈਂਪੀਅਨ ਪਰਦੀਪ ਕੌਰ, ਗਗਨਦੀਪ ਸਿੰਘ ਤੇ ਜ਼ਸਕਰਨ ਸਿੰਘ ਨੇ ਵੀ ਆਪਣੇ ਤਜਰਬੇ ਸਾਂਝੇ ਕਰਦਿਆਂ ਆਸ਼ਾ ਵਰਕਰਾਂ ਨੂੰ ਜਾਣਕਾਰੀ ਦਿੱਤੀ।