ਅੰਮ੍ਰਿਤਪਾਲ ਦੇ ਕਰੀਬੀ ਨੂੰ ਪਨਾਹ ਦੇਣ ਵਾਲਾ ਗ੍ਰਿਫਤਾਰ
ਚੰਡੀਗੜ੍ਹ 27 ਮਾਰਚ 2023- ਪੰਜਾਬ ਪੁਲਿਸ ਨੇ ਐਤਵਾਰ ਨੂੰ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਸ਼ਹਿਰ ਤੋਂ ਬਲਵੰਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਬਲਵੰਤ ਸਿੰਘ 'ਤੇ ਕੱਟੜਪੰਥੀ ਸਿੱਖ ਪ੍ਰਚਾਰਕ ਅਤੇ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਸਾਥੀ ਤੇਜਿੰਦਰ ਸਿੰਘ ਗਿੱਲ ਨੂੰ ਸ਼ਰਨ ਦੇਣ ਦਾ ਦੋਸ਼ ਹੈ। ਖੰਨਾ ਪੁਲਿਸ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਤੇਜਿੰਦਰ ਸਿੰਘ ਗਿੱਲ ਨੂੰ ਪਨਾਹ ਦੇਣ ਵਾਲੇ ਬਲਵੰਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਕਿਹਾ, "ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।"
ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਕੋਰ ਟੀਮ ਦੇ ਮੈਂਬਰ ਤੇਜਿੰਦਰ ਸਿੰਘ ਗਿੱਲ ਉਰਫ ਗੋਰਖਾ ਬਾਬਾ ਦੇ ਮੋਬਾਈਲ ਫੋਨ ਤੋਂ ਬਰਾਮਦ ਹੋਈਆਂ ਇਤਰਾਜ਼ਯੋਗ ਵੀਡੀਓਜ਼ ਨੂੰ ਖੰਨਾ ਪੁਲਸ ਨੇ ਸ਼ੁੱਕਰਵਾਰ ਨੂੰ ਜਾਰੀ ਕੀਤਾ ਹੈ। ਵਾਰਿਸ ਪੰਜਾਬ ਦੇ ਮੁਖੀ ਅਜੇ ਵੀ ਸੂਬਾ ਪੁਲਿਸ ਦੇ ਜਾਲ ਤੋਂ ਬਚ ਰਹੇ ਹਨ। ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ਲੋਕਾਂ ਨੂੰ ਕੱਟੜਪੰਥੀ ਪ੍ਰਚਾਰਕ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਬਾਰੇ ਸੋਸ਼ਲ ਮੀਡੀਆ 'ਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਅਤੇ ਝੂਠੀਆਂ ਖਬਰਾਂ 'ਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਕੀਤੀ ਹੈ।